Breaking News
Home / Uncategorized / ਕਿਸਾਨੀ ਮੋਰਚੇ ਵਿਚ ਹਰ ਰੋਜ਼ ਸ਼ਾਮਲ ਹੁੰਦੇ ਹਨ ਵਡੇਰੀ ਉਮਰ ਦੇ ਬਾਬੇ

ਕਿਸਾਨੀ ਮੋਰਚੇ ਵਿਚ ਹਰ ਰੋਜ਼ ਸ਼ਾਮਲ ਹੁੰਦੇ ਹਨ ਵਡੇਰੀ ਉਮਰ ਦੇ ਬਾਬੇ

ਜਗਰਾਉਂ ਦੇ ਕਿਸਾਨ ਮੋਰਚੇ ‘ਚ ਪੌਣੇ ਸੱਤ ਮਹੀਨਿਆਂ ਤੋਂ ਨਹੀਂ ਕੋਈ ਨਾਗਾ
ਜਗਰਾਉਂ/ਬਿਊਰੋ ਨਿਊਜ਼ : ਪਿਛਲੇ ਕਰੀਬ ਪੌਣੇ ਸੱਤ ਮਹੀਨਿਆਂ ਤੋਂ ਜਗਰਾਉਂ ਵਿਖੇ ਚੱਲ ਰਹੇ ਕਿਸਾਨ ਮੋਰਚੇ ਵਿੱਚ ‘ਨਿੱਤਨੇਮ’ ਵਾਂਗ ਸ਼ਾਮਲ ਹੋਣ ਵਾਲੇ ਬਾਬੇ ਮਿਸਾਲ ਬਣ ਗਏ ਹਨ। ਕਰੀਬ ਸੱਤ ਮਹੀਨਿਆਂ ਤੋਂ ਬਿਨਾਂ ਨਾਗ਼ਾ ਸ਼ਮੂਲੀਅਤ, ਬਗੈਰ ਸਿਦਕ, ਸਿਰੜ ਅਤੇ ਵੱਡੇ ਜਿਗਰੇ ਦੇ ਅਸੰਭਵ ਹੈ।
ਇਹ ਬਾਬੇ ਇਸ ਗੱਲੋਂ ਡਰਦੇ ਹਨ ਕਿ ਧਰਨੇ ‘ਚ ਸ਼ਾਮਲ ਹੋਣ ਤੋਂ ਇਕ ਦਿਨ ਵੀ ਉੱਕ ਨਾ ਜਾਣ। ਪਿੰਡ ਡੱਲਾ ਦਾ 80 ਸਾਲਾ ਬੰਤਾ ਸਿੰਘ ਇਨ੍ਹਾਂ ‘ਚੋਂ ਹੀ ਇੱਕ ਹੈ। ਵੱਡੀ ਉਮਰ ‘ਚ 10 ਕਿਲੋਮੀਟਰ ਸਾਈਕਲ ਚਲਾ ਕੇ ਰੋਜ਼ਾਨਾ ਧਰਨੇ ‘ਚ ਪਹੁੰਚਣਾ ਉਸ ਦਾ ਨਿੱਤਨੇਮ ਹੈ। ਇਸ ਬਾਬੇ ਨੇ ਧਰਨੇ ‘ਚ ਆਉਣ ਦੇ 207 ਪੂਰੇ ਕਰ ਲਏ ਹਨ ਅਤੇ ਹਮੇਸ਼ਾ ਵਾਂਗ ਮੂਹਰਲੀ ਕਤਾਰ ‘ਚ ਡਟਿਆ ਨਜ਼ਰ ਆਇਆ। ਚਾਰ ਏਕੜ ਦੀ ਖੇਤੀ ਕਰਨ ਵਾਲੇ ਪਰਿਵਾਰ ਦੇ ਅੰਮ੍ਰਿਤਧਾਰੀ ਬਾਬੇ ਦੇ ਹੱਥ ‘ਚ ਫੜਿਆ ਕਿਸਾਨੀ ਝੰਡਾ ਹਮੇਸ਼ਾ ਝੂਲਦਾ ਰਹਿੰਦਾ ਹੈ। ਉਹ ਕਹਿੰਦਾ ਹੈ ਕਿ ਗੱਲ ਜਦੋਂ ਇਕੱਲੀਆਂ ਫ਼ਸਲਾਂ ਦੀ ਥਾਂ ਨਸਲਾਂ ਦੀ ਹੋਵੇ ਤਾਂ ਘਰ ਟਿਕ ਕੇ ਕਿਵੇਂ ਬੈਠਿਆ ਜਾ ਸਕਦਾ ਹੈ। ਤਿੰਨ ਧੀਆਂ ਅਤੇ ਇਕ ਪੁੱਤ ਦੇ ਇਸ ਬਾਪ ਨੂੰ ਤਾਂ ਹੁਣ ਇਹੋ ਡਰ ਸਤਾਉਂਦਾ ਹੈ ਕਿ ਕਿਸੇ ਵੀ ਕਾਰਨ ਉਸ ਦੇ ਨਿੱਤਨੇਮ ‘ਚ ਨਾਗ਼ਾ ਨਾ ਪੈ ਜਾਵੇ। ਆਪਣੀ ਇਸੇ ਪਕਿਆਈ ਕਾਰਨ ਬਾਬਾ ਧਰਨਾਕਾਰੀਆਂ ਵਿੱਚ ਹਰਮਨਪਿਆਰਾ ਹੈ।
ਪਿੰਡ ਰੂਮੀ ਦੇ 84 ਸਾਲਾ ਤੇਜਾ ਸਿੰਘ ਦੇ ਸਰੀਰ ਵਿੱਚ ਕੁੱਬ ਪੈ ਗਿਆ ਪਰ ਉਸ ਨੇ ਜਜ਼ਬੇ ‘ਚ ਕੁੱਬ ਨਹੀਂ ਪੈਣ ਦਿੱਤਾ ਤਾਂਹੀਓਂ ਤਾਂ ਖੂੰਡੇ ਸਹਾਰੇ ਰੋਜ਼ਾਨਾ ਧਰਨੇ ‘ਚ ਹਾਜ਼ਰੀ ਭਰਨਾ ਉਸ ਦਾ ਧਰਮ ਹੈ। ਚਾਰ ਧੀਆਂ ਅਤੇ ਇਕ ਪੁੱਤ ਦਾ ਬਾਪ 6 ਕਿੱਲੇ ਦੀ ਖੇਤੀ ਆਪਣੇ ਪੁੱਤ ਅਤੇ ਪੋਤੇ ਦੇ ਸਿਰ ‘ਤੇ ਕਰਦਾ ਹੈ। ਉਸ ਨੇ ਕਿਹਾ ਕਿ ਜਿੰਨਾ ਚਿਰ ਸਾਹ ਚੱਲਦੇ ਹਨ ਓਨਾ ਚਿਰ ਧਰਨੇ ‘ਚੋਂ ਗ਼ੈਰਹਾਜ਼ਰੀ ਨਹੀਂ ਹੋ ਸਕਦੀ। ਮੋਰਚੇ ‘ਚ ਲੰਗਰ ਲਈ ਦੁੱਧ ਲਿਆਉਣਾ ਵੀ ਉਸ ਦਾ ਨਿੱਤਨੇਮ ਹੈ।
85 ਸਾਲਾ ਗਿੰਦਰ ਸਿੰਘ ਕੋਲ ਨਾ ਜ਼ਮੀਨ, ਨਾ ਖੇਤੀ ਪਰ ਉਹ ਵੀ ਧਰਨੇ ਵਿੱਚ ਆਉਣਾ ਕਦੇ ਨਹੀਂ ਭੁੱਲਿਆ। ਦਲਿਤ ਮੁਹੱਲੇ ਦਾ ਬੇਜ਼ਮੀਨਾ ਬਾਪੂ ਮੋਰਚੇ ਦੇ ਲੰਗਰ ਸਟੋਰ ਦਾ ਇੰਚਾਰਜ ਹੈ। ਰੋਜ਼ ਦਰੀਆਂ ਵਿਛਾਉਣ, ਸਫ਼ਾਈ ਕਰਨ ਸਮੇਤ ਹੋਰ ਕੰਮ ਉਸ ਨੇ ਆਪਣੇ ਜ਼ਿੰਮੇ ਲਏ ਹੋਏ ਹਨ। ਸਾਈਕਲ ‘ਤੇ ਹੀ ਆਉਂਦੇ ਪਿੰਡ ਅਖਾੜਾ ਦੇ ਪੰਚ ਬਿੱਕਰ ਸਿੰਘ ਲਈ ਵੀ ਮੋਰਚੇ ਦੀ ਹਾਜ਼ਰੀ ਸਾਹਾਂ ਜਿੰਨੀ ਜ਼ਰੂਰੀ ਹੈ। ਇਸੇ ਤਰ੍ਹਾਂ ਕੋਠੇ ਖੰਜੂਰਾਂ ਪਿੰਡ ਦੇ ਜਗਦੀਪ ਸਿੰਘ ਦੀ ਵੀ ਕੋਈ ਗ਼ੈਰਹਾਜ਼ਰੀ ਨਹੀਂ। ਕੋਠੇ ਸ਼ੇਰਜੰਗ ਦਾ ਅਜਾਇਬ ਸਿੰਘ, ਗੁਰਬਖ਼ਸ਼ ਸਿੰਘ ਅਤੇ ਹੋਰ ਕਈ ਕਿਸਾਨ ਹਨ ਜਿਹੜੇ ਧਰਨੇ ਦੇ ਪੱਕੇ ਸੰਗੀ ਬਣੇ ਹੋਏ ਹਨ।

 

Check Also

ਕਾਂਗਰਸੀ ਉਮੀਦਵਾਰ ਧਰਮਵੀਰ ਗਾਂਧੀ ਅਤੇ ਸੁਖਪਾਲ ਖਹਿਰਾ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

ਗਾਂਧੀ ਪਟਿਆਲਾ ਤੋਂ ਅਤੇ ਖਹਿਰਾ ਸੰਗਰੂਰ ਤੋਂ ਹਨ ਚੋਣ ਮੈਦਾਨ ਪਟਿਆਲਾ/ਬਿਊਰੋ ਨਿਊਜ਼ : ਲੋਕ ਸਭਾ …