ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਵਿਚ ਭਾਰਤੀ ਮੂਲ ਦੀ ਸਭ ਤੋਂ ਸੀਨੀਅਰ ਮੰਤਰੀ ਪ੍ਰੀਤੀ ਪਟੇਲ ਨੇ ਕੈਬਨਿਟ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਇਸਰਾਇਲੀ ਸਿਆਸਤਦਾਨਾਂ ਨਾਲ ਗ਼ੈਰਅਧਿਕਾਰਤ ਗੁਪਤ ਮੀਟਿੰਗਾਂ ਬਾਰੇ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਹਨੇਰੇ ਵਿਚ ਰੱਖਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ‘ਪ੍ਰਧਾਨ ਮੰਤਰੀ ਦੀ ਬੇਨਤੀ ਉਤੇ’ ਯੁਗਾਂਡਾ ਅਤੇ ਇਥੋਪੀਆ ਦਾ ਸਰਕਾਰੀ ਦੌਰਾ ਵਿਚਾਲੇ ਛੱਡ ਕੇ ਕੌਮਾਂਤਰੀ ਵਿਕਾਸ ਮੰਤਰੀ ਪ੍ਰੀਤੀ ਲੰਡਨ ਪਰਤ ਆਏ ਹਨ। ਉਨ੍ਹਾਂ ਦੇ ਵਿਭਾਗ ਵੱਲੋਂ 45 ਸਾਲਾ ਮੰਤਰੀ ਦੇ ਸਤੰਬਰ ਵਿਚ ਦੋ ਹੋਰ ਮੀਟਿੰਗਾਂ ਕਰਨ ਦੀ ਗੱਲ ਕਬੂਲੇ ਜਾਣ ਬਾਅਦ ਉਹ ਤੁਰੰਤ ਦੇਸ਼ ਪਰਤ ਆਏ ਹਨ। ਸੋਮਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਨੇ ਝਾੜ ਪਾਈ ਸੀ ਤਾਂ ਇਸ ਮੰਤਰੀ ਨੇ ਇਨ੍ਹਾਂ ਮੀਟਿੰਗਾਂ ਬਾਰੇ ਨਹੀਂ ਦੱਸਿਆ ਸੀ। ਡਾਊਨਿੰਗ ਸਟਰੀਟ, ਜਿਸ ਨੇ ਇਸ ਮਸਲੇ ‘ਤੇ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਨੇ ਪਹਿਲਾਂ ਦੱਸਿਆ ਸੀ ਕਿ ਅਗਸਤ ਮਹੀਨੇ ਇਸਰਾਈਲ ਵਿਚ ਛੁੱਟੀਆਂ ਦੌਰਾਨ ਵਿਦੇਸ਼ ਦਫ਼ਤਰ ਨੂੰ ਸੂਚਿਤ ਕੀਤੇ ਬਗ਼ੈਰ ਕਈ ਮੀਟਿੰਗਾਂ ਕਰਨ ਲਈ ਪ੍ਰੀਤੀ ਪਟੇਲ ਦੀ ਮੁਆਫ਼ੀ ਪ੍ਰਧਾਨ ਮੰਤਰੀ ਨੇ ਸਵੀਕਾਰ ਕਰ ਲਈ ਹੈ। ਪਰ ਉਸ ਫੇਰੀ ਬਾਅਦ ਉਨ੍ਹਾਂ ਦੀਆਂ ਇਸਰਾਈਲ ਅਧਿਕਾਰੀਆਂ ਨਾਲ ਹੋਰ ਮੀਟਿੰਗਾਂ ਦੇ ਖੁਲਾਸੇ ਬਾਅਦ ਉਨ੍ਹਾਂ ਦੇ ਕੈਬਨਿਟ ਵਿਚ ਬਰਕਰਾਰ ਰਹਿਣ ਬਾਰੇ ਬੇਯਕੀਨੀ ਬਣ ਗਈ ਹੈ।