ਜੋਏ ਬਿਡੇਨ ਨੇ ਡੋਨਾਲਡ ਟਰੰਪ ‘ਤੇ ਕੀਤੇ ਤਿੱਖੇ ਹਮਲੇ
ਬਰਾਕ ਓਬਾਮਾ ਨੇ ਕਿਹਾ : ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਿਡੇਨ ਨੂੰ ਬਣਾਓ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਾਬਲੇ ਖੜ੍ਹੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਦੇ ਸਾਬਕਾ ਉਪ-ਰਾਸ਼ਟਰਪਤੀ ਜੋਏ ਬਿਡੇਨ ਨੇ ਰਾਸ਼ਟਰਪਤੀ ਟਰੰਪ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਲੋਕਾਂ ਦੇ ਇਸ ਮੁਸ਼ਕਿਲ ਘੜੀ ਵਿਚ ਬੇਰੁਜ਼ਗਾਰੀ ਦੇ ਲਾਭ ਜੋ 600 ਡਾਲਰ ਪ੍ਰਤੀ ਹਫ਼ਤਾ, ਪ੍ਰਤੀ ਵਿਅਕਤੀ ਦਿੱਤਾ ਜਾਂਦਾ ਸੀ, ਲੱਖਾਂ ਅਮਰੀਕੀ ਲੋਕਾਂ ਦੇ ਲਾਭ ਬੰਦ ਕਰਕੇ ਉਨ੍ਹਾਂ ਨੂੰ ਅੱਧ ਵਿਚਕਾਰ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਕੋਲ ਕੰਮ ਨਹੀਂ ਹੈ, ਲੋਕ ਘਰਾਂ ਵਿਚ ਵਿਹਲੇ ਬੈਠੇ ਹਨ, ਕਾਰੋਬਾਰ ਬੰਦ ਪਏ ਹਨ। ਕੋਰੋਨਾ ਵਾਇਰਸ ਦੀ ਅਜੇ ਤੱਕ ਕੋਈ ਵੈਕਸੀਨ ਨਹੀਂ ਆਈ, ਉੱਪਰੋਂ ਬੇਰੁਜ਼ਗਾਰਾਂ ਦੇ ਲਾਭ ਬੰਦ ਕਰਕੇ ਉਨ੍ਹਾਂ ਨੂੰ ਭੁੱਖੇ ਮਰਨ ਲਈ ਛੱਡ ਦਿੱਤਾ ਗਿਆ। ਬਿਡੇਨ ਨੇ ਕਿਹਾ ਕਿ ਜੇ ਟਰੰਪ ਦੂਜੀ ਵਾਰ ਵਾਈਟ ਹਾਊਸ ਆ ਜਾਂਦੇ ਹਨ ਤਾਂ ਅਮਰੀਕਾ ਦਾ ਕੀ ਬਣੇਗਾ? ਇਹ ਰੱਬ ਹੀ ਜਾਣਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਇਕ ਅਜਿਹੇ ਰਾਸ਼ਟਰਪਤੀ ਦੀ ਲੋੜ ਹੈ ਜੋ ਲੋਕਾਂ ਲਈ ਚੰਗੀਆਂ ਨੌਕਰੀਆਂ ਅਤੇ ਚੰਗੀਆਂ ਨੀਤੀਆਂ ਲੈ ਕੇ ਆਵੇ ਅਤੇ ਜੋ ਅਮਰੀਕੀ ਲੋਕਾਂ ਦੇ ਭਲੇ ਬਾਰੇ ਸੋਚੇ। ਬਿਡੇਨ ਨੇ ਟਰੰਪ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਰੱਜਿਆਂ ਨੂੰ ਹੋਰ ਰਜਾਇਆ ਅਤੇ ਕਮਜ਼ੋਰ ਲੋਕਾਂ ਨੂੰ ਠੂਠਾ ਦਿਖਾਇਆ। ਇਸੇ ਦੌਰਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਵਿਟਰ ਅਤੇ ਹੋਰ ਸੋਸ਼ਲ ਮੀਡੀਆ ‘ਤੇ ਬਿਡੇਨ ਦੇ ਹੱਕ ਵਿਚ ਮੁਹਿੰਮ ਸ਼ੁਰੂ ਕੀਤੀ ਅਤੇ ਉਨ੍ਹਾਂ ਦੇ ਹੱਕ ਵਿਚ ‘ਯੈੱਸ ਵੀ ਕੈਨ ਅਗੇਨ’ ਲਿਖਿਆ।
ਓਬਾਮਾ ਨੇ ਕਿਹਾ ਸਾਨੂੰ ਇਕ ਅਸਲ ਰਾਸ਼ਟਰਪਤੀ ਦੀ ਜ਼ਰੂਰਤ ਹੈ ਜੋ ਇਸ ਦੇਸ਼ ਨੂੰ ਜੋੜ ਕੇ ਰੱਖ ਸਕੇ ਅਤੇ ਸਾਡੀ ਆਰਥਿਕਤਾ ਨੂੰ ਮੁੜ ਸੁਰਜੀਤ ਕਰ ਸਕੇ, ਮਹਾਂਮਾਰੀ ਨੂੰ ਖ਼ਤਮ ਕਰ ਸਕੇ, ਅਮਰੀਕੀਆਂ ਨੂੰ ਮੁੜ ਖ਼ੁਸ਼ਹਾਲ ਕਰ ਸਕੇ। ਅਮਰੀਕਾ ਨੂੰ ਦੁਨੀਆ ਵਿਚ ਆਪਣੀ ਸਥਿਤੀ ਨੂੰ ਬਹਾਲ ਕਰਨ ਲਈ ਜੋਏ ਬਿਡੇਨ ਵਰਗਾ ਰਾਸ਼ਟਰਪਤੀ ਚਾਹੀਦਾ ਹੈ। ਇਸ ਵੇਲੇ ਦੀਆਂ ਰਿਪੋਰਟਾਂ ਅਨੁਸਾਰ ਜੋਏ ਬਿਡੇਨ ਟਰੰਪ ਤੋਂ ਕਾਫ਼ੀ ਅੱਗੇ ਨਿਕਲ ਗਏ ਹਨ। ਲੋਕ ਬਿਡੇਨ ਦੇ ਹੱਕ ਵਿਚ ਖੁੱਲ੍ਹ ਕੇ ਅੱਗੇ ਆਉਣ ਲੱਗੇ ਹਨ। ਟਰੰਪ ਪ੍ਰਸ਼ਾਸਨ ਵਲੋਂ ਬੇਰੁਜ਼ਗਾਰੀ ਭੱਤਾ ਬੰਦ ਕਰਨ ਕਰਕੇ ਲੋਕਾਂ ਵਿਚ ਟਰੰਪ ਪ੍ਰਤੀ ਗ਼ੁੱਸਾ ਵਧ ਰਿਹਾ ਹੈ ਕਿਉਂਕਿ ਲੋਕਾਂ ਕੋਲ ਕੰਮ ਨਹੀਂ ਹੈ।
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …