Breaking News
Home / ਦੁਨੀਆ / ਕਨਸਾਸ ਸਿਟੀ ਦੇ ਹੋਟਲ ‘ਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

ਕਨਸਾਸ ਸਿਟੀ ਦੇ ਹੋਟਲ ‘ਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

ਤਿਲੰਗਾਨਾ ਦਾ ਰਹਿਣਾ ਵਾਲਾ ਸੀ ਕੋਪੂ ਸਾਫਟਵੇਅਰ ਇੰਜੀਨੀਅਰ
ਵਾਸ਼ਿੰਗਟਨ : ਵਾਸ਼ਿੰਗਟਨ ਦੇ ਕਨਸਾਸ ਸਿਟੀ ਦੇ ਇਕ ਹੋਟਲ ਵਿੱਚ ਕੰਮ ਕਰਦੇ ਭਾਰਤੀ ਲੜਕੇ ਨੂੰ ਕੁਝ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਸੂਤਰਾਂ ਅਨੁਸਾਰ ਇਹ ਹਮਲਾਵਰ ਲੁੱਟ ਦੀ ਨੀਅਤ ਨਾਲ ਹੋਟਲ ਵਿੱਚ ਆਏ ਸਨ। ਕਨਸਾਸ ਸਿਟੀ ਦੀ ਪੁਲਿਸ ਨੇ ਦੱਸਿਆ ਕਿ ਲੜਕੇ ਦੀ ਪਛਾਣ ਮਿਜ਼ੂਰੀ-ਕਨਸਾਸ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਰਤ ਕੋਪੂ (25) ਵਜੋਂ ਹੋਈ ਹੈ ਜਿਸ ਨੂੰ ਸ਼ੁੱਕਰਵਾਰ ਸ਼ਾਮ ਜੇਐਸ ਫਿਸ਼ ਅਤੇ ਚਿਕਨ ਮਾਰਕਨ ਨੇੜੇ ਹੋਟਲ ਵਿੱਚ ਗੋਲੀਆਂ ਨਾਲ ਹਲਾਕ ਕਰ ਦਿੱਤਾ ਗਿਆ। ਉਹ ਇਥੇ ਵਾਧੂ ਸਮੇਂ ਵਿੱਚ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਤਿਲੰਗਾਨਾ ਦਾ ਰਹਿਣ ਵਾਲਾ ਕੋਪੂ ਸਾਫ਼ਟਵੇਅਰ ਇੰਜਨੀਅਰ ਸੀ ਜੋ ਜਨਵਰੀ ਵਿੱਚ ਮਾਸਟਰਜ਼ ਡਿਗਰੀ ਕਰਨ ਲਈ ਯੂਐਸ ਆਇਆ ਸੀ। ਸ਼ਿਕਾਗੋ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਟਵੀਟ ਕੀਤਾ, ”ਅਸੀਂ ਇਸ ਵਿਦਿਆਰਥੀ ਦੇ ਪਰਿਵਾਰ ਅਤੇ ਪੁਲਿਸ ਨਾਲ ਸੰਪਰਕ ਕੀਤਾ ਹੈ। ਵਿਦਿਆਰਥੀ ਦੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।” ਕਨਸਾਸ ਪੁਲਿਸ ਨੇ ਘਟਨਾ ਸਬੰਧੀ ਇਕ ਵੀਡੀਓ ਜਾਰੀ ਕਰਦਿਆਂ ਹਮਲਾਵਰ ਦੀ ਪਛਾਣ ਦੱਸਣ ਵਾਲੇ ਲਈ 10 ਹਜ਼ਾਰ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੈ।ਹੈਦਰਾਬਾਦ: ਤਿਲੰਗਾਨਾ ਸਰਕਾਰ ਨੇ ਅਮਰੀਕਾ ਵਿੱਚ ਮਾਰੇ ਗਏ ਭਾਰਤੀ ਵਿਦਿਆਰਥੀ ਸ਼ਰਤ ਕੋਪੂ ਲਈ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਇਸ ਵਿਦਿਆਰਥੀ ਦੀ ਦੇਹ ਭਾਰਤ ਲਿਆਉਣ ਸਮੇਤ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਾਏਗੀ। ਕੋਪੂ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਦੱਸਿਆ ਕਿ ਉਹ ਭਾਰਤ ਦੀ ਵਿਦੇਸ਼ ਮੰਤਰੀ ਤੋਂ ਮੰਗ ਕਰਦੇ ਹਨ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਤਾਂ ਜੋ ਘਟਨਾ ਲਈ ਜ਼ਿੰਮੇਵਾਰ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾ ਸਕੇ। ਇਸੇ ਦੌਰਾਨ ਤਿਲੰਗਾਨਾ ਦੇ ਡਿਪਟੀ ਮੁੱਖ ਮੰਤਰੀ ਕੇ. ਸ੍ਰੀਹਰੀ, ਆਈਟੀ ਮੰਤਰੀ ਕੇਟੀ ਰਾਮਾਰਾਓ ਅਤੇ ਸਾਬਕਾ ਕੇਂਦਰੀ ਮੰਤਰੀ ਬੀ ਦੱਤਾਤਰਿਆ ਪੀੜਤ ਦੇ ਪਰਿਵਾਰ ਨੂੰ ਉਨ੍ਹਾਂ ਦੇ ਘਰ ਜਾ ਕੇ ਮਿਲੇ।
ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ: ਸੁਸ਼ਮਾ ਸਵਰਾਜ
ਨਵੀਂ ਦਿੱਲੀ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਨਸਾਸ ਵਿੱਚ ਭਾਰਤੀ ਵਿਦਿਆਰਥੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਸ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਮਾਮਲੇ ਸਬੰਧੀ ਕਨਸਾਸ ਦੀ ਪੁਲਿਸ ਨਾਲ ਰਾਬਤਾ ਬਣਾਇਆ ਹੈ ਅਤੇ ਜੋ ਕੁਝ ਵੀ ਸੰਭਵ ਹੋਵੇਗਾ, ਇਸ ਪਰਿਵਾਰ ਲਈ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਸ਼ਰਤ ਦੇ ਪਿਤਾ ਰਾਮ ਮੋਹਨ ਨਾਲ ਵੀ ਇਸ ਸਬੰਧੀ ਗੱਲਬਾਤ ਕੀਤੀ ਹੈ ਤੇ ਇਸ ਘਟਨਾ ਸਬੰਧੀ ਸ਼ੋਕ ਜਤਾਇਆ ਹੈ।

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …