Breaking News
Home / ਦੁਨੀਆ / ਪਾਕਿ ‘ਚ ਸਿੱਖ ਅਫ਼ਸਰ ਦੇ ਘਰ ਲਗਾਇਆ ਤਾਲਾ

ਪਾਕਿ ‘ਚ ਸਿੱਖ ਅਫ਼ਸਰ ਦੇ ਘਰ ਲਗਾਇਆ ਤਾਲਾ

ਅਫਸਰਾਂ ਦੇ ਦਸਤੇ ਨੇ ਗੁਲਾਬ ਸਿੰਘ ਨੂੰ ਗੈਰਕਾਨੂੰਨੀ ਢੰਗ ਨਾਲ ਕੀਤਾ ਬੇਦਖਲ
ਜਲੰਧਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪਹਿਲੇ ਸਿੱਖ ਟਰੈਫਿਕ ਪੁਲਿਸ ਅਫ਼ਸਰ ਗੁਲਾਬ ਸਿੰਘ ਸ਼ਾਹੀਨ, ਉਸ ਦੀ ਪਤਨੀ ਤੇ ਤਿੰਨ ਬੱਚਿਆਂ ਨੂੰ ਲਾਹੌਰ ਦੇ ਬਾਹਰਵਾਰ ਪਿੰਡ ਡੇਰਾ ਚਾਹਲ ਵਿਚਲੇ ਉਨ੍ਹਾਂ ਦੇ ਘਰ ਵਿਚੋਂ ਪੰਜਾਬ (ਪਾਕਿਸਤਾਨ) ਪੁਲਿਸ ਤੇ ਪਾਕਿਸਤਾਨ ਅਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ 100 ਅਫ਼ਸਰਾਂ ਦੇ ਦਸਤੇ ਨੇ ‘ਗ਼ੈਰਕਾਨੂੰਨੀ’ ਢੰਗ ਨਾਲ ਬੇਦਖ਼ਲ ਕਰ ਦਿੱਤਾ ਹੈ। ਗੁਲਾਬ ਸਿੰਘ ਦੇ 70 ਸਾਲਾਂ ਤੋਂ ਇਸ ਘਰ ਨੂੰ ਬਿਨਾਂ ਕਿਸੇ ਨੋਟਿਸ ਜਾਂ ਇਤਲਾਹ ਤੋਂ ਪੁਲਿਸ ਅਤੇ ਬੋਰਡ ਦੇ ਅਧਿਕਾਰੀਆਂ ਨੇ ਤਾਲਾ ਲਗਵਾ ਦਿੱਤਾ ਹੈ ਤੇ ਇਸ ਮੌਕੇ ਹੋਈ ਖਿੱਚ-ਧੂਹ ਦੌਰਾਨ ਗੁਲਾਬ ਸਿੰਘ ਦੀ ਪੱਗ ਲਹਿ ਗਈ ਜੋ ਅਧਿਕਾਰੀ ਜਬਰੀ ਨਾਲ ਲੈ ਗਏ। ਉਹ ਮੰਗਲਵਾਰ ਬਾਅਦ ਦੁਪਹਿਰ ਗੁਰਦੁਆਰਾ ਬੇਬੇ ਨਾਨਕੀ ਜਨਮ ਅਸਥਾਨ ਦੀ ਮਾਲਕੀ ਵਾਲੀ ਜ਼ਮੀਨ ਵਿੱਚ ਸਥਿਤ ਇਸ ਘਰ ਵਿੱਚ ਦਾਖ਼ਲ ਹੋਏ ਸਨ। ਪੀੜਤ ਨੇ ਦੋਸ਼ ਲਾਇਆ ਕਿ ਇਸ ਕਾਂਡ ਪਿੱਛੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਸਾਬਕਾ ਪ੍ਰਧਾਨ ਦਾ ਹੱਥ ਹੈ।
ਗੁਲਾਬ ਸਿੰਘ ਨੇ ਕਿਹਾ ”ਮੇਰੇ ਕੇਸ ਪੁੱਟੇ ਗਏ ਅਤੇ ਮੇਰੀ ਪਤਨੀ ਪਰਮਜੀਤ ਕੌਰ ਅਤੇ ਮੇਰੇ ਪੁੱਤਰਾਂ -ਗੁਰਪ੍ਰੀਤ ਸਿੰਘ, ਹਰਚਰਨਪ੍ਰੀਤ ਸਿੰਘ ਤੇ ਜਗਤਾਰ ਸਿੰਘ ਦੀ ਮੌਜੂਦਗੀ ਵਿੱਚ ਮੈਨੂੰ ਘਰ ਵਿਚੋਂ ਧੂਹਿਆ ਗਿਆ।” ਗੁਲਾਬ ਸਿੰਘ 2006 ਵਿੱਚ ਉਦੋਂ ਸੁਰਖੀਆਂ ਵਿੱਚ ਆਏ ਸਨ ਜਦੋਂ ਉਹ ਪਾਕਿਸਤਾਨ ਦੀ ਟਰੈਫਿਕ ਪੁਲਿਸ ਲਈ ਚੁਣੇ ਗਏ ਸਨ ਤੇ ਇਸ ਅਹੁਦੇ ‘ਤੇ ਨਿਯੁਕਤ ਹੋਣ ਵਾਲਾ ਉਹ ਪਾਕਿਸਤਾਨ ਦਾ ਪਹਿਲਾ ਸਿੱਖ ਸੀ। ਬਾਅਦ ਵਿੱਚ ਉਸ ਨੂੰ ਲਾਹੌਰ ਦੇ ਮੁਗ਼ਲਪੁਰਾ ਵਿੱਚ ਸਬ-ਇੰਸਪੈਕਟਰ (ਟਰੈਫਿਕ ਵਾਰਡਨ) ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 4 ਅਪਰੈਲ ਨੂੰ ਪੀਈਟੀਪੀਬੀ ਦੇ ਅਫ਼ਸਰਾਂ ਨੇ ਉਸ ਨੂੰ ਘਰ ਵਿਚੋਂ ਬੇਦਖ਼ਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਦੋਂ ਮਾਰਕੁੱਟ ਵਿੱਚ ਗੁਲਾਬ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਬੋਰਡ ਦੇ ਅਫ਼ਸਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਪੁਲਿਸ ਦੀ ਮਦਦ ਨਾਲ ਗੁਰਦੁਆਰਾ ਚਾਹਲ ਲੰਗਰ ਹਾਲ ‘ਤੇ ਟਰੈਫਿਕ ਪੁਲਿਸ ਅਫ਼ਸਰ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਖਾਲੀ ਕਰਵਾ ਲਿਆ ਹੈ। ਬੋਰਡ ਨੇ ਦੱਸਿਆ ”ਲੰਗਰ ਹਾਲ ਦਾ ਨਵੀਨੀਕਰਨ ਜਲਦੀ ਕੀਤਾ ਜਾਵੇਗਾ। ਪੀਈਟੀਪੀਬੀ ਦੀਆਂ ਸੰਪਤੀਆਂ ‘ਤੇ ਨਾਜਾਇਜ਼ ਤੌਰ ‘ਤੇ ਕਾਬਜ਼ ਹੋਰਨਾਂ ਖ਼ਿਲਾਫ਼ ਵੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ।” ਗੁਲਾਬ ਸਿੰਘ ਨੇ ਦਾਅਵਾ ਕੀਤਾ ਕਿ ਪੀਈਟੀਪੀਬੀ ਦੀ ਕਾਰਵਾਈ ਗ਼ੈਰਕਾਨੂੰਨੀ ਹੈ ਤੇ ਉਨ੍ਹਾਂ ਇਸ ਸੰਪਤੀ ‘ਤੇ ਲਾਹੌਰ ਸੈਸ਼ਨ ਕੋਰਟ ਵੱਲੋਂ ਸਟੇਅ ਮਿਲਿਆ ਹੋਇਆ ਸੀ ਅਤੇ ਕੇਸ ਦੀ ਅਗਲੀ ਸੁਣਵਾਈ 18 ਜੁਲਾਈ ਨੂੰ ਹੋਣੀ ਹੈ। ਉਨ੍ਹਾਂ ਕਿਹਾ ”ਇਸ ਘਰ ਉਪਰ ਸਾਡੇ ਪਰਿਵਾਰ ਦਾ 1947 ਤੋਂ ਕਬਜ਼ਾ ਹੈ ਤੇ ਅਸੀਂ ਬਾਕਾਇਦਾ ਪਾਣੀ ਤੇ ਬਿਜਲੀ ਦੇ ਬਿੱਲ ਤਾਰਦੇ ਆ ਰਹੇ ਹਾਂ। ਗੁਰਦੁਆਰਾ ਬੇਬੇ ਨਾਨਕੀ ਜਨਮ ਅਸਥਾਨ ਦੀ 240 ਕਨਾਲ ਤੇ 16 ਮਰਲੇ ਜਗ੍ਹਾ ਜ਼ਮੀਨ ‘ਤੇ 400-500 ਪਰਿਵਾਰ ਰਹਿ ਰਹੇ ਹਨ।
ਹੋਰ ਸਭ ਨੂੰ ਛੱਡ ਕੇ ਕੇਵਲ ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਪੀਈਟੀਪੀਬੀ ਦੇ ਅਫ਼ਸਰਾਂ ਨੇ ਦੋ ਰਸੂਖਵਾਨਾਂ ਨੂੰ ‘ਖ਼ੁਸ਼ ਕਰਨ’ ਲਈ ਹੀ ਮੈਨੂੰ ਬੇਦਖ਼ਲ ਕੀਤਾ ਹੈ।” ਉਨ੍ਹਾਂ ਕਿਹਾ ਕਿ ਪੀਈਟੀਪੀਬੀ 1970 ਵਿੱਚ ਹੋਂਦ ਵਿੱਚ ਆਈ ਸੀ ਅਤੇ ਇਸ ਗੁਰਦੁਆਰੇ ਦੀ ਸੰਪਤੀ ਕਦੇ ਵੀ ਇਸ ਨੂੰ ਨਹੀਂ ਸੌਂਪੀ ਗਈ।

ਗੁਲਾਬ ਸਿੰਘ ਸ਼ਾਹੀਨ ਨੂੰ ਬੇਘਰ ਕਰਨ ਦਾ ਅਦਾਲਤ ਨੇ ਲਿਆ ਨੋਟਿਸ
ਲਾਹੌਰ ਪੁਲਿਸ ਤੇ ਔਕਾਫ਼ ਬੋਰਡ ਦੇ ਤਿੰਨ ਅਫ਼ਸਰਾਂ ਨੂੰ ਅਦਾਲਤੀ ਮਾਣਹਾਨੀ ਦੇ ਨੋਟਿਸ

ਜਲੰਧਰ : ਪਾਕਿਸਤਾਨ ਦੇ ਪਹਿਲੇ ਸਿੱਖ ਟਰੈਫਿਕ ਪੁਲਿਸ ਅਫ਼ਸਰ ਗੁਲਾਬ ਸਿੰਘ ਸ਼ਾਹੀਨ ਨੂੰ ਘਰੋਂ ਬੇਘਰ ਕਰਨ ਦਾ ਨੋਟਿਸ ਲੈਂਦਿਆਂ ਲਾਹੌਰ ਜ਼ਿਲਾ ਸੈਸ਼ਨ ਕੋਰਟ ਨੇ ਪੁਲਿਸ ਅਤੇ ਔਕਾਫ਼ ਬੋਰਡ ਦੇ ਤਿੰਨ ਅਫ਼ਸਰਾਂ ਖ਼ਿਲਾਫ਼ ਅਦਾਲਤੀ ਮਾਣਹਾਨੀ ਦੇ ਨੋਟਿਸ ਜਾਰੀ ਕੀਤੇ ਹਨ।ਇਸ ਦੌਰਾਨ ਪੁਲਿਸ ਤੇ ਔਕਾਫ਼ ਬੋਰਡ ਦੀ ਧੱਕੇਸ਼ਾਹੀ ਦਾ ਸ਼ਿਕਾਰ ਬਣਿਆ ਗੁਲਾਬ ਸਿੰਘ ਤੇ ਉਸ ਦਾ ਪਰਿਵਾਰ ਅਜੇ ਤੱਕ ਆਪਣੇ ਘਰ ਦੇ ਸਾਹਮਣੇ ਇਕ ਦਰੱਖ਼ਤ ਦੇ ਹੇਠ ਰਹਿਣ ਲਈ ਮਜਬੂਰ ਹੈ। ਉਸ ਨੇ ਦੱਸਿਆ ”ਤੀਹ ਘੰਟਿਆਂ ਤੋਂ ਅਸੀਂ ਇੱਥੇ ਬੈਠੇ ਹਾਂ ਤੇ ਸਰਕਾਰ ਜਾਂ ਕਿਸੇ ਹੋਰ ਪਾਸਿਓਂ ਸਾਨੂੰ ਕੋਈ ਮਦਦ ਨਹੀਂ ਮਿਲੀ। ਸਾਡੀ ਦੁਰਦਸ਼ਾ ਦੇਖ ਕੇ ਮੇਰਾ ਇਕ ਮੁਸਲਿਮ ਦੋਸਤ ਸਾਨੂੰ ਕੁਝ ਕੱਪੜੇ ਤੇ ਸਾਬਣ ਆਦਿ ਪਹੁੰਚਾ ਗਿਆ ਹੈ।” ਗੁਲਾਬ ਸਿੰਘ ਦੇ ਵਕੀਲ ਅਸੀਮ ਨਵਾਜ਼ ਗੁੱਜਰ ਮੁਤਾਬਕ ਲਾਹੌਰ ਸੈਸ਼ਨ ਕੋਰਟ ਦੇ ਐਡੀਸ਼ਨਲ ਜੱਜ ਫਯਾਜ਼ ਅਹਿਮਦ ਨੇ ਐਸਐਚਓ ਇਫ਼ਤਿਖਾਰ ਅੰਸਾਰੀ, ਪੀਈਟੀਪੀਬੀ ਦੇ ਐਡੀਸ਼ਨਲ ਸਕੱਤਰ ਤਾਰਿਕ ਵਜ਼ੀਰ ਤੇ ਡਿਪਟੀ ਸਕੱਤਰ ਅਕਰਮ ਜ਼ੋਇਆ ਖ਼ਿਲਾਫ਼ ਸਟੇਟਸ ਕੋਅ ਦੀ ਹੁਕਮ ਅਦੂਲੀ ਕਰਨ ਬਦਲੇ ਨੋਟਿਸ ਜਾਰੀ ਕਰ ਕੇ ਮਾਮਲੇ ਦੀ ਸੁਣਵਾਈ 13 ਜੁਲਾਈ ਮੁਕੱਰਰ ਕੀਤੀ ਹੈ। ਇਸ ਦੌਰਾਨ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੇ ਕੋਈ ਸ਼ਖ਼ਸ ਕਿਸੇ ਗੁਰਦੁਆਰੇ ਵਿੱਚ ਗ੍ਰੰਥੀ ਵਜੋਂ ਸੇਵਾ ਨਿਭਾਉਂਦਾ ਹੈ ਤਾਂ ਉਸ ਨੂੰ ਗੁਰਦੁਆਰੇ ਦੇ ਅਹਾਤੇ ਅੰਦਰ ਘਰ ਮੁਹੱਈਆ ਕਰਾਉਣਾ ਲਾਜ਼ਮੀ ਹੈ। ਉਨ੍ਹਾਂ ਮੰਗ ਕੀਤੀ ਕਿ ਗੁਲਾਬ ਸਿੰਘ ਨੂੰ ਇਨਸਾਫ਼ ਦਿੱਤਾ ਜਾਵੇ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …