ਅਮਰੀਕਾ ਦੇ ਨਿਊਯਾਰਕ ਸੂਬੇ ਦੇ ਬਫ਼ਲੋ ਸ਼ਹਿਰ ਵਿੱਚ ਇੱਕ ਗੋਰੇ ਨੌਜਵਾਨ ਵੱਲੋਂ ਕੀਤੀ ਅੰਨ੍ਹਵਾਹ ਫਾਈਰਿੰਗ ਵਿੱਚ 10 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ ਹਨ। ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਸਨਮਾਨ ਵਜੋਂ ਅਮਰੀਕਾ ਨੇ ਆਪਣਾ ਰਾਸ਼ਟਰੀ ਝੰਡਾਦੇਸ਼ ਵਿੱਚ ਅੱਧਾ ਝੁਕਾ ਦਿੱਤਾ।
ਕੱਲ੍ਹ ਸਵੇਰੇ ਇੱਕ 18 ਸਾਲਾ ਗੋਰੇ ਨੌਜਵਾਨ ਨੇ ਅਤਿ-ਆਧੁਨਿਕ ਹਥਿਆਰ ਨਾਲ ਖੁਦ ਨੂੰ ਪੂਰੀ ਤਰ੍ਹਾਂ ਬੁਲਟਪਰੂਫ਼ ਕਰ ਕੇ ਅਤੇ ਸਿਰ ਉੱਤੇ ਲੋਹੇ ਦਾ ਹੈਲਮੈਟ ਤੇ ਉਸ ਉੱਤੇ ਕੈਮਰਾ ਲਾ ਕੇ ਬਫ਼ਲੋ ਦੇ ਕਾਲੇ ਲੋਕਾਂ ਦੇ ਇਲਾਕੇ ਵਿੱਚ ਸਥਿਤ ਟੌਪਸ ਸੁਪਰਮਾਰਕੀਟ ਦੀ ਪਹਿਲਾਂ ਪਾਰਕਿੰਗ ਵਿੱਚ ਤੇ ਫਿਰ ਗਰੋਸਰੀ ਸਟੋਰ ਵਿੱਚ ਅੰਨ੍ਹਵਾਹ ਫਾਈਰਿੰਗ ਕੀਤੀ, ਜਿਸ ਨਾਲ ਪਹਿਲਾਂ ਪਾਰਕਿੰਗ ਵਿੱਚ ਤਿੰਨ ਤੇ ਫਿਰ ਸਟੋਰ ਵਿੱਚ ਗਾਰਡ ਸਮੇਤ ਸੱਤ ਲੋਕਾਂ ਨੂੰ ਮਾਰ ਦਿੱਤਾਅਤੇ ਤਿੰਨ ਹੋਰ ਲੋਕਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਮ੍ਰਿਤਕਾਂ ਜ਼ਿਆਦਾਤਰ ਕਾਲੇ ਲੋਕ ਹਨ। ਇਸ ਘਟਨਾ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ।
ਹਮਲੇ ਵਿੱਚ ਮਾਰਿਆ ਗਿਆਸਟੋਰ ਦਾ ਗਾਰਡ ਸਾਬਕਾ ਸੇਵਾਮੁਕਤ ਪੁੁਲਸ ਅਧਿਕਾਰੀ ਸੀ। ਜਦੋਂ ਹਮਲਾਵਰ ਨੇ ਗੋਲੀਆਂ ਚਲਾਈਆਂ ਤਾਂ ਗਾਰਡ ਨੇ ਵੀ ਉਸ ਉੱਤੇ ਗੋਲੀਆਂ ਚਲਾਈਆਂ ਪਰ ਉਸ ਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕੀਤਾ ਹੋਣ ਕਰਕੇ ਉਹ ਬਚ ਗਿਆ ਅਤੇ ਗਾਰਡ ਨੂੰ ਮਾਰ ਦਿੱਤਾ। ਪੁਲਸ ਨੇ ਹਮਲਾਵਰ ਨਾਲ ਗੱਲ ਕੀਤੀ ਤਾਂ ਉਸ ਨੇ ਆਤਮ ਸਮੱਰਪਣ ਕਰ ਦਿੱਤਾ।