ਮੈਂ ਕੁਝ ਵੀ ਗਲਤ ਨਹੀਂ ਕੀਤਾ : ਰਾਘਵ ਚੱਢਾ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਦੇ ਖਿਲਾਫ ਜੋ ਮਤੇ ‘ਤੇ ਫਰਜ਼ੀ ਦਸਤਖਤ ਕਰਨ ਸਬੰਧੀ ਸ਼ਿਕਾਇਤ ਕੀਤੀ ਗਈ ਹੈ, ਉਹ ਨਿਰੀ ਅਫਵਾਹ ਹੈ। ਧਿਆਨ ਰਹੇ ਕਿ ਭਾਜਪਾ ਨੇ ਆਰੋਪ ਲਗਾਇਆ ਸੀ ਕਿ ਰਾਘਵ ਚੱਢਾ ਵਲੋਂ ਦਿੱਲੀ ਸਰਵਿਸ (ਸੋਧ) ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜੇ ਜਾਣ ਦਾ ਜੋ ਮਤਾ ਰਾਜ ਸਭਾ ਵਿਚ ਪੇਸ਼ ਕੀਤਾ ਗਿਆ ਸੀ, ਉਸ ‘ਤੇ ਸੰਸਦ ਮੈਂਬਰਾਂ ਦੇ ਫਰਜ਼ੀ ਦਸਤਖਤ ਕਰਵਾਏ ਗਏ ਸਨ। ਭਾਜਪਾ ਦੀ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਜਾਂਚ ਲਈ ਭੇਜਿਆ ਗਿਆ ਹੈ। ਇਸਦੇ ਚੱਲਦਿਆਂ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਲਗਾਤਾਰ ਝੂਠ ਬੋਲ ਰਹੀ ਹੈ। ਰਾਘਵ ਚੱਢਾ ਨੇ ਕਿਹਾ ਕਿ ਸੱਚ ਦੱਸਣ ਲਈ ਮੈਨੂੰ ਸਾਹਮਣੇ ਆਉਣਾ ਪਿਆ ਹੈ। ਰਾਘਵ ਨੇ ਇਕ ਦਸਤਾਵੇਜ਼ ਵੀ ਮੀਡੀਆ ਨੂੰ ਦਿਖਾਇਆ। ਰਾਘਵ ਚੱਢਾ ਨੇ ਕਿਹਾ ਕਿ ਨਿਯਮ ਕਿਤਾਬ ਕਹਿੰਦੀ ਹੈ ਕਿ ਕਿਸੇ ਵੀ ਕਮੇਟੀ ਦੇ ਗਠਨ ਲਈ ਕੋਈ ਵੀ ਸੰਸਦ ਮੈਂਬਰ ਮਤਾ ਦੇ ਸਕਦਾ ਹੈ ਅਤੇ ਜਿਸ ਵਿਅਕਤੀ ਦਾ ਨਾਮ ਪ੍ਰਸਤਾਵਿਤ ਹੈ, ਉਸਦੇ ਨਾ ਤਾਂ ਦਸਤਖ਼ਤ ਅਤੇ ਨਾ ਹੀ ਲਿਖਤੀ ਸਹਿਮਤੀ ਦੀ ਲੋੜ ਹੈ। ਚੱਢਾ ਨੇ ਕਿਹਾ ਕਿ ਇਹ ਝੂਠ ਫੈਲਾਇਆ ਗਿਆ ਕਿ ਜਾਅਲੀ ਦਸਤਖ਼ਤ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਅਤੇ ਨਾ ਹੀ ਕੋਈ ਨਿਯਮ ਤੋੜਿਆ ਹੈ। ਧਿਆਨ ਰਹੇ ਕਿ ਰਾਜ ਸਭਾ ਵਿਚ 7 ਅਗਸਤ ਨੂੰ ਦੇਰ ਰਾਤ 10 ਵਜੇ ਦਿੱਲੀ ਸਰਵਿਸ (ਸੋਧ) ਬਿੱਲ ਪਾਸ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਦਿੱਲੀ ਸਰਵਿਸ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦਾ ਮਤਾ ਪੇਸ਼ ਕੀਤਾ ਸੀ। ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿਚ ਕਿਹਾ ਸੀ ਕਿ ਮਤੇ ‘ਤੇ ਰਾਘਵ ਚੱਢਾ ਨੇ ਪੰਜ ਸੰਸਦ ਮੈਂਬਰਾਂ ਦੇ ਫਰਜ਼ੀ ਦਸਤਖਤ ਕਰਵਾਏ ਹਨ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …