ਕੇਜਰੀਵਾਲ ਦਾ ਜਵਾਬ – ਰਾਹੁਲ ਨੂੰ ਕਾਂਗਰਸ ਬਚਾਉਂਦੀ ਹੈ ਅਤੇ ਮੈਨੂੰ ਦੇਸ਼
ਨਵੀਂ ਦਿੱਲੀ/ਬਿਊਰੋ ਨਿਊੁਜ਼
ਦਿੱਲੀ ’ਚ ਵਿਧਾਨ ਸਭਾ ਚੋਣਾਂ ਦੇ ਮੌਸਮ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਚੋਣ ਰੈਲੀਆਂ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸਦੇ ਚੱਲਦਿਆਂ ਰਾਹੁਲ ਨੇ ਸੀਲਮਪੁਰ ਵਿਚ ਕਾਂਗਰਸ ਪਾਰਟੀ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ ਹੈ। ਰਾਹੁਲ ਨੇ ਪੀਐਮ ਮੋਦੀ ਅਤੇ ਕੇਜਰੀਵਾਲ ਨੂੰ ਇਕੋ ਜਿਹੇ ਦੱਸਿਆ ਹੈ। ਰਾਹੁਲ ਨੇ ਕਿਹਾ ਕਿ ਇਹ ਦੋਵੇਂ ਆਗੂ ਅਡਾਨੀ ਤੇ ਅੰਬਾਨੀ ਦੇ ਬਾਰੇ ਕੁਝ ਵੀ ਨਹੀਂ ਬੋਲਦੇ। ਉਨ੍ਹਾਂ ਕਿਹਾ ਕਿ ਭਾਰਤ ਵਿਚ 150 ਅਰਬਪਤੀ ਵਿਅਕਤੀ ਹਨ, ਜੋ ਭਾਰਤ ਨੂੰ ਕੰਟਰੋਲ ਕਰਦੇ ਹਨ ਅਤੇ ਦੇਸ਼ ਦਾ ਪੂਰਾ ਫਾਇਦਾ ਇਨ੍ਹਾਂ ਅਰਬਪਤੀਆਂ ਨੂੰ ਮਿਲਦਾ ਹੈ। ਰਾਹੁਲ ਨੇ ਕਿਹਾ ਕਿ ਅਡਾਨੀ ਅਤੇ ਅੰਬਾਨੀ ਪੀਐਮ ਮੋਦੀ ਦੀ ਮਾਰਕੀਟਿੰਗ ਕਰਦੇ ਹਨ ਅਤੇ ਕਾਂਗਰਸ ਅਰਬਪਤੀਆਂ ਦਾ ਦੇਸ਼ ਨਹੀਂ ਚਾਹੁੰਦੀ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਭਾਰਤ ਵਿਚ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਅਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਲੜਾਈ ਦੇਸ਼ ਨੂੰ ਬਚਾਉਣ ਦੀ ਹੈ।