Breaking News
Home / ਦੁਨੀਆ / ਬਰਤਾਨੀਆ ਨੇ ਬਦਲੇ ਵੀਜ਼ਾ ਨਿਯਮ

ਬਰਤਾਨੀਆ ਨੇ ਬਦਲੇ ਵੀਜ਼ਾ ਨਿਯਮ

ਨੌਕਰੀ ਲੱਭਣ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤੀ ਦੋ ਸਾਲ ਤੱਕ ਰਹਿਣ ਦੀ ਛੋਟ
ਲੰਡਨ : ਬਰਤਾਨੀਆ ਨੇ ਆਪਣੇ ਵੀਜ਼ਾ ਨਿਯਮਾਂ ਵਿਚ ਵੱਡੀ ਤਬਦੀਲੀ ਕਰਦਿਆਂ ਦੋ ਸਾਲ ਲਈ ਨਵੇਂ ਪੋਸਟ ਸਟੱਡੀ ਵੀਜ਼ੇ ਦਾ ਐਲਾਨ ਕੀਤਾ ਹੈ। ਇਸ ਵੀਜ਼ੇ ਨਾਲ ਭਾਰਤੀ ਵਿਦਿਆਰਥੀਆਂ ਨੂੰ ਫਾਇਦਾ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਨਵੇਂ ਵੀਜ਼ਾ ਨਿਯਮ ਤਹਿਤ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਰਤਾਨੀਆ ਵਿਚ ਦੋ ਸਾਲ ਤੱਕ ਰਹਿ ਕੇ ਨੌਕਰੀ ਕਰ ਸਕਣਗੇ ਜਾਂ ਕੰਮ ਦੀ ਭਾਲ ਕਰ ਸਕਣਗੇ। ਇਸ ਨਵੇਂ ਵੀਜ਼ਾ ਪ੍ਰੋਗਰਾਮ ਨੂੰ ਅਗਲੇ ਸਾਲ ਤੋਂ ਅਮਲ ਵਿਚ ਲਿਆਂਦਾ ਜਾਵੇਗਾ। ਮੌਜੂਦਾ ਨਿਯਮ ਤਹਿਤ ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਸਿਰਫ ਚਾਰ ਮਹੀਨਿਆਂ ਤੱਕ ਬਰਤਾਨੀਆ ਵਿਚ ਰਹਿਣ ਦੀ ਇਜਾਜ਼ਤ ਹੈ।
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਨੂੰ ਕਿਹਾ ਕਿ ਨਵੇਂ ਬਦਲਾਅ ਨਾਲ ਵਿਦਿਆਰਥੀ ਬਰਤਾਨੀਆ ਵਿਚ ਆਪਣਾ ਕਰੀਅਰ ਸੰਵਾਰ ਸਕਣਗੇ। ਜਾਨਸਨ ਸਰਕਾਰ ਵਿਚ ਗ੍ਰਹਿ ਮੰਤਰੀ ਭਾਰਤਵੰਸ਼ੀ ਪ੍ਰੀਤੀ ਪਟੇਲ ਨੇ ਕਿਹਾ ਕਿ ਨਵੇਂ ਬਦਲਾਅ ਨਾਲ ਅੰਤਰਰਾਸ਼ਟਰੀ ਵਿਦਿਆਰਥੀ ਬਰਤਾਨੀਆ ਵਿਚ ਵਿਗਿਆਨ ਤੇ ਗਣਿਤ ਜਾਂ ਤਕਨੀਕ ਜਾਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਸਕਣਗੇ। ਪੜ੍ਹਾਈ ਤੋਂ ਬਾਅਦ ਉਹ ਕੰਮ ਦਾ ਬਹੁਮੁੱਲਾ ਅਨੁਭਵ ਹਾਸਲ ਕਰਕੇ ਆਪਣਾ ਸਫਲ ਕਰੀਅਰ ਬਣਾ ਸਕਣਗੇ। ਇਹ ਸਾਡੇ ਆਲਮੀ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।
ਬਰਤਾਨੀਆ ‘ਚ ਕਿੰਨੇ ਭਾਰਤੀ ਵਿਦਿਆਰਥੀ : ਬਰਤਾਨੀਆ ਵਿਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 2010 ਤੋਂ ਗਿਰਾਵਟ ਦਰਜ ਕੀਤੀ ਗਈ ਸੀ। ਉਸ ਸਾਲ ਕਰੀਬ 39 ਹਜ਼ਾਰ ਭਾਰਤੀ ਵਿਦਿਆਰਥੀਆਂ ਨੇ ਬਰਤਾਨਵੀ ਯੂਨੀਵਰਸਿਟੀਆਂ ਵਿਚ ਦਾਖਲਾ ਲਿਆ ਸੀ। ਇਹ ਅੰਕੜਾ 2017 ਵਿਚ ਘੱਟ ਹੋ ਕੇ 29 ਹਜ਼ਾਰ ਦੇ ਪੱਧਰ ‘ਤੇ ਆ ਗਿਆ ਸੀ। ਪਿਛਲੇ ਸਾਲ ਹਾਲਾਂਕਿ ਇਸ ਅੰਕੜੇ ਵਿਚ ਵਾਧਾ ਦਰਜ ਕੀਤਾ ਗਿਆ ਸੀ।
ਬਰਤਾਨਵੀ ਯੂਨੀਵਰਸਿਟੀਆਂ ਨੇ ਕੀਤਾ ਸਵਾਗਤ : ਪੋਸਟ ਸਟੱਡੀ ਵੀਜ਼ਾ ਦੁਬਾਰਾ ਸ਼ੁਰੂ ਕਰਨ ਦੇ ਫੈਸਲੇ ਦਾ ਬਰਤਾਨੀਆ ਦੀਆਂ ਯੂਨੀਵਰਸਿਟੀਆਂ ਦੇ ਮੁਖੀਆਂ ਤੇ ਨੁਮਾਇੰਦਿਆਂ ਨੇ ਸਵਾਗਤ ਕੀਤਾ ਹੈ। ਯੂਨੀਵਰਸਿਟੀਜ਼ ਯੂਕੇ ਇੰਟਰਨੈਸ਼ਨਲ ਦੇ ਨਿਰਦੇਸ਼ਕ ਵਿਵਿਨ ਸਟਰਨ ਨੇ ਕਿਹਾ ਕਿ ਕਰੀਬ 82 ਫੀਸਦੀ ਭਾਰਤੀ ਵਿਦਿਆਰਥੀ ਆਪਣੇ ਕਰੀਅਰ ਤੋਂ ਸੰਤੁਸ਼ਟ ਹਨ। ਅਸੀਂ ਜਾਣਦੇ ਹਾਂ ਕਿ ਡਿਗਰੀ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਲਈ ਬਰਤਾਨੀਆ ਵਿਚ ਕੰਮ ਕਰਨ ਦਾ ਮੌਕਾ ਮਿਲਣਾ ਕਿੰਨਾ ਅਹਿਮ ਹੈ।
2012 ਵਿਚ ਬੰਦ ਕਰ ਦਿੱਤਾ ਗਿਆ ਸੀ ਪੋਸਟ ਸਟੱਡੀ ਵੀਜ਼ਾ
2012 ਵਿਚ ਬਰਤਾਨੀਆ ਦੀ ਤੱਤਕਾਲੀ ਗ੍ਰਹਿ ਮੰਤਰੀ ਥੈਰੇਸਾ ਮੇਅ ਦੇ ਕਾਰਜਕਾਲ ਦੌਰਾਨ ਦੋ ਸਾਲਾ ਸਟੱਡੀ ਵੀਜ਼ਾ ਬੰਦ ਕਰ ਦਿੱਤਾ ਗਿਆ ਸੀ। ਇਸ ਕਦਮ ਤੋਂ ਬਾਅਦ ਬਰਤਾਨੀਆ ਵਿਚ ਭਾਰਤ ਵਰਗੇ ਦੇਸ਼ਾਂ ਦੇ ਵਿਦਿਆਰਥੀਆਂ ਦੀ ਗਿਣਤੀ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਸੀ।

Check Also

ਤਾਲਿਬਾਨ ਨੇ ਮਹਿਲਾਵਾਂ ਦੀ ਨਰਸਿੰਗ ਦੀ ਪੜ੍ਹਾਈ ’ਤੇ ਲਗਾਈ ਪਾਬੰਦੀ

ਕ੍ਰਿਕਟਰ ਰਾਸ਼ਿਦ ਖਾਨ ਬੋਲੇ – ਇਸਲਾਮ ’ਚ ਮਹਿਲਾਵਾਂ ਦੀ ਤਾਲੀਮ ਜ਼ਰੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਤਾਲਿਬਾਨ …