Breaking News
Home / ਦੁਨੀਆ / ਕੈਨੇਡਾ ਦੀ ਬਿਆਂਕਾ ਐਂਡਰੀਸਕੂ ਬਣੀ ਗ੍ਰੈਂਡ ਸਲੈਮ ਚੈਂਪੀਅਨ

ਕੈਨੇਡਾ ਦੀ ਬਿਆਂਕਾ ਐਂਡਰੀਸਕੂ ਬਣੀ ਗ੍ਰੈਂਡ ਸਲੈਮ ਚੈਂਪੀਅਨ

ਨਿਊਯਾਰਕ/ਬਿਊਰੋ ਨਿਊਜ਼ : ਬਿਆਂਕਾ ਐਂਡਰੀਸਕੂ ਕੈਨੇਡਾ ਦੀ ਪਹਿਲੀ ਗ੍ਰੈਂਡ ਸਲੈਮ ਚੈਂਪੀਅਨ ਬਣ ਗਈ ਹੈ। ਬਿਆਂਕਾ ਨੇ ‘ਬਿਗ ਹਿਟਿੰਗ’ ਤੇ ‘ਬਿਗ ਸਰਵਿੰਗ’ ਸ਼ੈਲੀ ਦਾ ਹਮਲਾਵਰ ਖੇਡ ਦਿਖਾਉਂਦੇ ਹੋਏ 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਸੇਰੇਨਾ ਵਿਲੀਅਮ (38 ਸਾਲ) ਨੂੰ ਸਿੱਧੇ ਸੈੱਟਾਂ 6-3 ਤੇ 7-5 ਨਾਲ ਹਰਾ ਕੇ ਯੂ. ਐਸ. ਓਪਨ ਮਹਿਲਾ ਸਿੰਗਲ ਦਾ ਖ਼ਿਤਾਬ ਆਪਣੇ ਨਾਮ ਕੀਤਾ। 19 ਸਾਲ ਦੀ ਐਂਡਰੀਸਕੂ ਪਿਛਲੇ 15 ਸਾਲ ‘ਚ ਸਭ ਤੋਂ ਨੌਜਵਾਨ ਗ੍ਰੈਂਡ ਸਲੈਮ ਚੈਂਪੀਅਨ ਖਿਡਾਰਨ ਵੀ ਬਣ ਗਈ ਹੈ। ਇਸ ਤੋਂ ਪਹਿਲਾਂ 2004 ‘ਚ ਰੂਸ ਦੀ ਸਵਿਤਲਾਨਾ ਕੁਜ਼ਨੇਤਸੋਵਾ ਨੇ ਨੌਜਵਾਨ ਖਿਡਾਰੀ ਵਜੋਂ ਇਹ ਖਿਤਾਬ ਜਿੱਤਿਆ ਸੀ। ਇਸ ਤੋਂ ਇਲਾਵਾ ਬਿਆਂਕਾ ਓਪਨ ਇਰਾ ਯੂ.ਐਸ. ਓਪਨ ਦੇ ਮੇਨ ਡਰਾਅ ਡੈਬਿਓ ਟੂਰਨਾਮੈਂਟ ‘ਚ ਖ਼ਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਸੇਰੇਨਾ ਦੀ ਕਿਸੇ ਗ੍ਰੈਂਡ ਸਲੈਮ ਫਾਈਨਲ ‘ਚ ਲਗਾਤਾਰ ਚੌਥੀ, ਜਦੋਂਕਿ ਯੂ.ਐਸ. ਓਪਨ ‘ਚ ਲਗਾਤਾਰ ਦੂਸਰੀ ਹਾਰ ਹੈ, ਜਿਸ ਕਰਕੇ ਹੁਣ ਉਸ ਨੂੰ ਆਸਟ੍ਰੇਲੀਆ ਦੀ ਮਹਾਨ ਖਿਡਾਰਨ ਮਾਰਗ੍ਰੇਟ ਕੋਰਟ ਦੇ 24 ਗ੍ਰੈਂਡ ਸਲੈਮ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰਨ ਲਈ ਹੋਰ ਇੰਤਜਾਰ ਕਰਨਾ ਪਵੇਗਾ। ਦੂਜੇ ਪਾਸੇ ਇਸ ਸੈਸ਼ਨ ‘ਚ ਐਂਡਰੀਸਕੂ ਦਾ ਸਿਖਰਲੀਆਂ 10 ਖਿਡਾਰਨਾਂ ਖ਼ਿਲਾਫ਼ ਜਿੱਤ ਦਾ ਰਿਕਾਰਡ 8-0 ਰਿਹਾ ਹੈ। ਇਸ ਜਿੱਤ ਤੋਂ ਬਾਅਦ ਉਹ ਵਿਸ਼ਵ ਦਰਜਾਬੰਦੀ ‘ਚ 5ਵੇਂ ਸਥਾਨ ‘ਤੇ ਪਹੁੰਚ ਜਾਵੇਗੀ। ਐਂਡਰੀਸਕੂ ਨੇ ਮੋਨਿਕਾ ਸੇਲੇਸ (ਯੂਗੋਸਲਾਵੀਆ-ਅਮਰੀਕਾ) ਦੀ ਵੀ ਬਰਾਬਰੀ ਕਰ ਲਈ, ਜਿਸ ਨੇ 1990 ‘ਚ ਚੌਥਾ ਗ੍ਰੈਂਡ ਸਲੈਮ ਖੇਡਦੇ ਹੋਏ ਖ਼ਿਤਾਬ ਜਿੱਤਿਆ ਸੀ।
ਆਪਣੇ ਸੁਪਨਿਆਂ ਦੇ ਪਿੱਛੇ ਭੱਜੀ, ਇਸ ਲਈ ਜਿੱਤ ਸਕੀ ਯੂ.ਐਸ. ਓਪਨ : ਐਂਡਰੀਸਕੂ
ਬਿਆਂਕਾ ਐਂਡਰੀਸਕੂ ਨੇ ਮੈਚ ਤੋਂ ਬਾਅਦ ਸਥਾਨਕ ਖਿਡਾਰਨ ਸੇਰੇਨਾ ਵਿਲੀਅਮ ਨੂੰ ਹਰਾਉਣ ਦੇ ਲਈ ਦਰਸ਼ਕਾਂ ਤੋਂ ਮੁਆਫ਼ੀ ਮੰਗੀ। ਬਿਆਂਕਾ ਨੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਤੁਸੀ ਸੇਰੇਨਾ ਨੂੰ 7ਵਾਂ ਯੂ.ਐਸ. ਓਪਨ ਦਾ ਖ਼ਿਤਾਬ ਜਿੱਤਦਾ ਦੇਖਣ ਲਈ ਇਥੇ ਆਏ ਸੀ। ਇਸ ਲਈ ਮੈਂ ਤੁਹਾਡੇ ਕੋਲੋਂ ਮੁਆਫ਼ੀ ਮੰਗਦੀ ਹਾਂ। ਬਿਆਂਕੇ ਨੇ ਕਿਹਾ ਸੇਰੇਨਾ ਨੂੰ ਇਤਿਹਾਸ ਬਣਾਉਣ ਤੋਂ ਰੋਕਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ। ਮੈਂ ਆਪਣੇ ਸੁਪਨੇ ਨੂੰ ਜੀਣਾ ਚਾਹੁੰਦੀ ਸੀ, ਕਿਉਂਕਿ ਮੈਂ ਹਮੇਸ਼ਾ ਸੇਰੇਨਾ ਦੇ ਖ਼ਿਲਾਫ਼ ਫਾਈਨਲ ਖੇਡਣ ਦਾ ਸੁਪਨਾ ਦੇਖਿਆ ਸੀ। ਮੈਂ ਹਰ ਦਿਨ ਇਸ ਸੁਪਨੇ ਨੂੰ ਜੀਂਦੀ ਸੀ, ਤੇ ਮੇਰਾ ਮੰਨਣਾ ਹੈ ਕਿ ਲਗਾਤਾਰ ਆਪਣੇ ਸੁਪਨੇ ਦੇ ਪਿੱਛੇ ਭੱਜਣ ਕਾਰਨ ਹੀ ਮੈਂ ਇਸ ਨੂੰ ਸੱਚ ਕਰ ਸਕੀ।
ਨੌਜਵਾਨ ਟੈਨਿਸ ਖਿਡਾਰੀ ਬਿਆਂਕਾ ਐਂਡਰੀਸਕੂ ਨੂੰ ਅਮਰੀਕੀ ਓਪਨ ਖਿਤਾਬ ਜਿੱਤਣ ‘ਤੇ ਜਸਟਿਨ ਟਰੂਡੋ ਵੱਲੋਂ ਵਧਾਈ
ਓਨਟਾਰੀਓ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਦੀ ਨੌਜਵਾਨ ਟੈਨਿਸ ਖਿਡਾਰੀ ਬਿਆਂਕਾ ਐਂਡਰੀਸਕੂਲ ਨੂੰ ਅਮਰੀਕਾ ਓਪਨ ਵਿਚ ਮਹਿਲਾ ਸਿੰਗਲ ਵਰਗ ਦਾ ਖਿਤਾਬ ਜਿੱਤਣ ‘ਤੇ ਵਧਾਈ ਦਿੱਤੀ। 19 ਸਾਲਾ ਐਂਡਰੀਸਕੂ ਨੇ ਸਾਲ ਦੇ ਚੌਥੇ ਅਤੇ ਅੰਤਿਮ ਗਰੈਂਡ ਸਲੈਮ ਦੇ ਫਾਈਨਲ ਵਿਚ ਅਮਰੀਕਾ ਦੀ ਧਾਕੜ ਖਿਡਾਰੀ ਸੈਰੇਨਾ ਵਿਲੀਅਮ ਨੂੰ ਸਿੱਧੇ ਸੈਂਟਾਂ ਵਿਚ 6-3, 7-5 ਨਾਲ ਹਰਾਇਆ। ਉਹ ਗਰੈਂਡ ਸਲੈਮ ਜਿੱਤਣ ਵਾਲੀ ਪਹਿਲੀ ਕੈਨੇਡੀਅਨ ਖਿਡਾਰੀ ਹੈ। ਐਂਡਰੀਸਕੂ ਨੇ ਇਸ ਦਮਦਾਰ ਜਿੱਤ ਦੇ ਨਾਲ ਹੀ ਸੈਰੇਨਾ ਨੂੰ ਆਪਣਾ ਰਿਕਾਰਡ 24ਵਾਂ ਗਰੈਂਡ ਸਲੈਮ ਜਿੱਤਣ ਤੋਂ ਵੀ ਰੋਕ ਦਿੱਤਾ। ਮੈਚ ਤੋਂ ਬਾਅਦ ਟਰੂਡੋ ਨੇ ਟਵੀਟ ਕੀਤਾ। ਬਿਆਂਕਾ ਐਂਡਰੀਸਕੂ ਨੂੰ ਵਧਾਈਆਂ ਦਿੱਤੀਆਂ। ਤੁਸੀਂ ਇਤਿਹਾਸ ਰਚ ਦਿੱਤਾ ਹੈ ਅਤੇ ਪੂਰੇ ਦੇਸ਼ ਨੂੰ ਤੁਹਾਡੇ ‘ਤੇ ਮਾਣ ਹੈ। ਮਹਾਨ ਟੈਨਿਸ ਖਿਡਾਰੀ ਅਰਮੀਕਾ ਦੀ ਬਿਲੀ ਜੀਨ ਕਿੰਗ ਵੀ ਐਂਡਰੀਸਕੂਲ ਦੇ ਪ੍ਰਦਰਸ਼ਨ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਟਵੀਟ ਕਰਕੇ ਬਿਆਂਕਾ ਨੂੰ ਖਿਤਾਬ ਜਿੱਤਣ ਲਈ ਵਧਾਈਆਂ ਦਿੱਤੀਆਂ। ਉਹ ਕੈਨੇਡਾ ਦੀ ਪਹਿਲੀ ਗਰੈਂਡ ਸਲੈਮ ਚੈਂਪੀਅਨ ਹੈ, ਉਹ ਕੈਨੇਡਾ ਦਾ ਭਵਿੱਖ ਹਨ। ਸੈਰੇਨੇ ਨੇ ਵੀ ਅਖੀਰ ਤੱਕ ਲੜਾਈ ਲੜੀ। ਐਂਡਰੀਸਕੂ ਓਪਨ ਏਰਾ ਵਿਚ ਅਮਰੀਕੀ ਓਪਨ ਦੇ ਮੇਨ ਡਰਾਅ ਟੁਰਨਾਮੈਂਟ ਡੈਬਿਊ ਤੋਂ ਬਾਅਦ ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਹੈ। 1968 ਵਿਚ ਇਸ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਸੀ। ਐਂਡਰੀਸਕੂ ਨੇ ਹੁਣ ਤੱਕ ਆਪਣੇ ਕੈਰੀਅਰ ਵਿਚ ਸਿਰਫ਼ ਚਾਰ ਮੇਜਰ ਟੂਰਨਾਮੈਂਟਾਂ ਵਿਚ ਹਿੱਸਾ ਲਿਆ ਹੈ। 2004 ਵਿਚ ਅਮਰੀਕਾ ਓਪਨ ਦਾ ਖਿਤਾਬ ਜਿੱਤਣ ਵਾਲੀ ਰੂਸ ਦੀ ਸਵੇਤਲਾਨਾ ਕੁਜਨੇਤਸੋਵਾ ਤੋਂ ਬਾਅਦ ਗਰੈਂਡ ਸਲੈਮ ਜਿੱਤਣ ਵਾਲੀ ਸਭ ਤੋਂ ਨੌਜਵਾਨ ਖਿਡਾਰੀ ਹੈ।

Check Also

ਜੋ ਬਾਈਡਨ ਪ੍ਰਸ਼ਾਸਨ ‘ਚ ਭਾਰਤੀ ਮੂਲ ਦੇ ਰਵੀ ਚੌਧਰੀ ਨੂੰ ਮਿਲੀ ਅਹਿਮ ਜ਼ਿੰਮੇਵਾਰ

ਹਵਾਈ ਸੈਨਾ ਦੇ ਸਹਾਇਕ ਸਕੱਤਰ ਦੇ ਅਹੁਦੇ ਲਈ ਕੀਤਾ ਗਿਆ ਨਾਮਜ਼ਦ ਵਾਸ਼ਿੰਗਟਨ : ਅਮਰੀਕਾ ਦੇ …