ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 21 ਅਕਤੂਬਰ ਨੂੰ ਦੁਬਈ ਤੋਂ ਚਾਰਟਰਡ ਜਹਾਜ਼ ਰਾਹੀਂ ਪਾਕਿਸਤਾਨ ਪਹੁੰਚਣਗੇ। ਇੱਕ ਮੀਡੀਆ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਵਾਜ਼ ਦੀ ਚਾਰ ਸਾਲ ਤੋਂ ਜਾਰੀ ਸਵੈ ਜਲਾਵਤਨੀ ਖਤਮ ਹੋ ਜਾਵੇਗੀ। ਜੀਓ ਨਿਊਜ਼ ਦੀ ਖ਼ਬਰ ਅਨੁਸਾਰ ਨਵਾਜ਼ ਨੂੰ ਲਿਆਉਣ ਵਾਲੀ ਉਡਾਣ ਦਾ ਨਾਂ ‘ਉਮੀਦ-ਏ-ਪਾਕਿਸਤਾਨ’ ਹੋਵੇਗਾ ਜਿਸ ਵਿੱਚ ਤਕਰੀਬਨ 150 ਮੁਸਾਫਰ ਸਵਾਰ ਹੋ ਸਕਦੇ ਹਨ। ਖ਼ਬਰ ‘ਚ ਕਿਹਾ ਗਿਆ ਹੈ, ‘ਬੁਕਿੰਗ ਤੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ।’ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ 73 ਸਾਲਾ ਨਵਾਜ਼ ਸ਼ਰੀਫ ਅਗਲੇ ਸਾਲ ਜਨਵਰੀ ‘ਚ ਹੋਣ ਵਾਲੀਆਂ ਆਮ ਚੋਣਾਂ ‘ਚ ਆਪਣੀ ਪਾਰਟੀ ‘ਪਾਕਿਸਤਾਨ ਮੁਸਲਿਮ ਲੀਗ-ਨਵਾਜ਼’ (ਪੀਐੱਮਐੱਲ-ਐੱਨ) ਦੀ ਅਗਵਾਈ ਕਰਨਗੇ। ਪੀਐੱਮਐੱਲ-ਐੱਨ ਦੇ ਮੈਂਬਰਾਂ ਤੇ ਪੱਤਰਕਾਰਾਂ ਨਾਲ ਸ਼ਰੀਫ 21 ਅਕਤੂਬਰ ਨੂੰ ਦੁਬਈ ਤੋਂ ਪਾਕਿਸਤਾਨ ਰਵਾਨਾ ਹੋਣ ਵਾਲੇ ਹਨ। ਵਿਸ਼ੇਸ਼ ਉਡਾਣ ਇਸਲਾਮਾਬਾਦ ਉਤਰੇਗੀ ਜਿੱਥੇ ਸ਼ਰੀਫ ਮੀਨਾਰ-ਏ-ਪਾਕਿਸਤਾਨ ‘ਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਇਸ ਮਗਰੋਂ ਉਡਾਣ ਲਾਹੌਰ ਜਾਵੇਗੀ।