3.2 C
Toronto
Monday, December 22, 2025
spot_img
Homeਦੁਨੀਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਿੰਜੋ ਆਬੇ ਦੀਆਂ ਅੰਤਿਮ ਰਸਮਾਂ 'ਚ ਸ਼ਿਰਕਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਿੰਜੋ ਆਬੇ ਦੀਆਂ ਅੰਤਿਮ ਰਸਮਾਂ ‘ਚ ਸ਼ਿਰਕਤ

ਕਮਲਾ ਹੈਰਿਸ ਸਣੇ ਕਈ ਵੱਡੇ ਆਗੂ ਅੰਤਿਮ ਰਸਮਾਂ ‘ਚ ਹੋਏ ਸ਼ਾਮਲ
ਟੋਕੀਓ/ਬਿਊਰੋ ਨਿਊਜ਼ : ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੀਆਂ ਅੰਤਿਮ ਰਸਮਾਂ ਮੰਗਲਵਾਰ ਨੂੰ ਟੋਕੀਓ ‘ਚ ਪੂਰੇ ਸਰਕਾਰੀ ਤੇ ਸੈਨਿਕ ਸਨਮਾਨਾਂ ਨਾਲ ਕੀਤੀਆਂ ਗਈਆਂ। ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਾਜ਼ਰ ਸਨ। ਉਨ੍ਹਾਂ ਮਰਹੂਮ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਆਬੇ ਦਾ ਜੁਲਾਈ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੰਤਿਮ ਰਸਮਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਜਾਪਾਨ ਦੇ ਪ੍ਰਧਾਨ ਮੰਤਰੀ ਕੋਲ ਆਬੇ ਦੀ ਮੌਤ ‘ਤੇ ਅਫ਼ਸੋਸ ਜ਼ਾਹਿਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਬੇ ਦਾ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਹਿੰਦ-ਪ੍ਰਸ਼ਾਂਤ ਖੇਤਰ ਲਈ ਨੀਤੀ ਬਣਾਉਣ ਵਿਚ ਅਹਿਮ ਯੋਗਦਾਨ ਸੀ। ਦੋਵੇਂ ਆਗੂ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਵੀ ਸਹਿਮਤ ਹੋਏ। ਅੰਤਿਮ ਰਸਮਾਂ ਮੌਕੇ ਵੱਡੀ ਗਿਣਤੀ ਲੋਕ ਇਕੱਠੇ ਹੋਏ। ਹਾਲਾਂਕਿ ਆਬੇ ਦਾ ਵਿਰੋਧ ਕਰਨ ਵਾਲੇ ਵੀ ਵੱਡੀ ਗਿਣਤੀ ਵਿਚ ਸੜਕਾਂ ‘ਤੇ ਨਿਕਲੇ। ਜ਼ਿਕਰਯੋਗ ਹੈ ਕਿ ਆਬੇ ਦਾ ਅੰਤਿਮ ਸਸਕਾਰ ਜੁਲਾਈ ਵਿਚ ਹੀ ਕਰ ਦਿੱਤਾ ਗਿਆ ਸੀ ਪਰ ਸਰਕਾਰੀ ਸਨਮਾਨਾਂ ਨਾਲ ਅੰਤਿਮ ਰਸਮਾਂ ਅੱਜ ਕੀਤੀਆਂ ਗਈਆਂ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨੇ ਆਬੇ ਨੂੰ ਯਾਦ ਕਰਦਿਆਂ ਕਿਹਾ ਕਿ ਉਹ ‘ਮਹਾਨ ਆਗੂ, ਬੇਮਿਸਾਲ ਸ਼ਖ਼ਸੀਅਤ ਤੇ ਭਾਰਤ-ਜਪਾਨ ਦੀ ਦੋਸਤੀ ਵਿਚ ਯਕੀਨ ਰੱਖਣ ਵਾਲੇ ਸਨ।’ ਟੋਕੀਓ ਵਿਚ ਹੋਈਆਂ ਅੰਤਿਮ ਰਸਮਾਂ ਮੌਕੇ 100 ਤੋਂ ਵੱਧ ਮੁਲਕਾਂ ਦੇ ਪ੍ਰਤੀਨਿਧੀ ਹਾਜ਼ਰ ਸਨ ਜਿਨ੍ਹਾਂ ਵਿਚ 20 ਤੋਂ ਵੱਧ ਸਰਕਾਰਾਂ ਦੇ ਮੁਖੀ ਸ਼ਾਮਲ ਹਨ।
ਟੋਕੀਓ ‘ਚ ਸਾਬਕਾ ਪ੍ਰਧਾਨ ਮੰਤਰੀ ਖਿਲਾਫ ਰੋਸ ਮੁਜ਼ਾਹਰੇ
ਡਾਊਨਟਾਊਨ ਟੋਕੀਓ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤੇ। ਉਨ੍ਹਾਂ ਡਰੱਮ ਵਜਾ ਕੇ ਆਬੇ ਖਿਲਾਫ ਨਾਅਰੇਬਾਜ਼ੀ ਕੀਤੀ। ਕੁਝ ਲੋਕਾਂ ਨੇ ਇਸ ਮੌਕੇ ਕਿਹਾ ਕਿ ਸ਼ਿੰਜ਼ੋ ਆਬੇ ਨੇ ਆਮ ਲੋਕਾਂ ਲਈ ਕੁਝ ਵੀ ਨਹੀਂ ਕੀਤਾ। ਜਾਪਾਨ ਦੀਆਂ ਮੁੱਖ ਸਿਆਸੀ ਵਿਰੋਧੀ ਧਿਰਾਂ ਨੇ ਅੰਤਿਮ ਰਸਮਾਂ ਦਾ ਬਾਈਕਾਟ ਵੀ ਕੀਤਾ।

RELATED ARTICLES
POPULAR POSTS