ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ ਦੀ ਆਖਰੀ ਵੋਟ ਪ੍ਰਕਿਰਿਆ ਸਮਾਪਤ ਹੋ ਗਈ ਅਤੇ ਜਿਸ ਦੌਰਾਨ ਭਾਰਤੀ ਮੂਲ ਦੇ ਸੰਸਦ ਮੈਂਬਰ ਰਿਸ਼ੀ ਸੁਨਾਕ ਨੂੰ 5ਵੇਂ ਅਤੇ ਆਖਰੀ ਸੰਸਦੀ ਚੋਣ ਪੜੈਾਅ ‘ਚ ਵੀ ਜਿੱਤ ਹਾਸਲ ਹੋਈ ਹੈ।
ਰਿਸ਼ੀ ਸੁਨਾਕ ਨੂੰ ਸਭ ਤੋਂ ਵੱਧ 137 ਵੋਟਾਂ ਪ੍ਰਾਪਤ ਹੋਈਆਂ, ਜਦ ਕਿ ਵਿਦੇਸ਼ ਮੰਤਰੀ ਲਿਜ਼ ਟ੍ਰਸ ਨੂੰ 113 ਅਤੇ ਹੁਣ ਤੱਕ ਦੂਜੇ ਨੰਬਰ ‘ਤੇ ਰਹੀ ਪੈਨੀ ਮਨਰਡੰਟ ਨੂੰ 105 ਵੋਟਾਂ ਪ੍ਰਾਪਤ ਹੋਈਆਂ ਅਤੇ ਉਹ ਮੁੱਖ ਮੁਕਾਬਲੇ ‘ਚੋਂ ਬਾਹਰ ਹੋ ਗਈ ਹੈ। ਕੰਸਰਵੇਟਿਵ ਪਾਰਟੀ ਦੇ ਕੁੱਲ 355 ਸੰਸਦ ਮੈਂਬਰਾਂ ਨੇ ਵੋਟਾਂ ਪਾਈਆਂ।
ਨਤੀਜੇ ਦਾ ਐਲਾਨ ਕਰਦਿਆਂ ਪਾਰਟੀ ਦੀ 1922 ਕਮੇਟੀ ਦੇ ਚੇਅਰਮੈਨ ਸਰ ਗ੍ਰੈਹਮ ਬਰੈਡੀ ਨੇ ਕਿਹਾ ਕਿ ਰਿਸ਼ੀ ਸੁਨਾਕ ਅਤੇ ਲਿਜ਼ ਟ੍ਰਸ ‘ਚੋਂ ਇਕ ਦੀ ਬਤੌਰ ਪ੍ਰਧਾਨ ਮੰਤਰੀ ਚੋਣ ਕਰਨ ਲਈ ਕੰਸਰਵੇਟਿਵ ਪਾਰਟੀ ਦੇ 160000 ਮੈਂਬਰ ਵੋਟਾਂ ਪਾਉਣਗੇ। ਵੋਟਾਂ ਪਾਉਣ ਦਾ ਕੰਮ 22 ਜੁਲਾਈ ਤੋਂ ਸ਼ੁਰੂ ਹੋਵੇਗਾ। ਪਾਰਟੀ ਮੈਂਬਰ ਆਪਣੀ ਵੋਟ ਦੀ ਵਰਤੋਂ ਡਾਕ ਰਾਹੀਂ ਭੇਜੇ ਬੈਲਟ ਪੇਪਰਾਂ ਰਾਹੀਂ ਕਰਨਗੇ, ਨਤੀਜੇ ਦਾ ਐਲਾਨ 5 ਸਤੰਬਰ ਨੂੰ ਕੀਤਾ ਜਾਵੇਗਾ। ਦੋਵੇਂ ਮੁੱਖ ਦਾਅਵੇਦਾਰ 25 ਜੁਲਾਈ ਨੂੰ ਪਾਰਟੀ ਮੈਂਬਰਾਂ ਦਾ ਭਰੋਸਾ ਜਿੱਤਣ ਲਈ ਬੀ. ਬੀ. ਸੀ. ‘ਤੇ ਬਹਿਸ ਕਰਨਗੇ ਅਤੇ ਆਪਣਾ-ਆਪਣਾ ਪੱਖ ਰੱਖਦੇ ਹੋਏ ਦੇਸ਼ ਦੇ ਚੰਗੇ ਭਵਿੱਖ, ਬਿਹਤਰ ਢਾਂਚੇ ਲਈ ਆਪਣੀਆਂ ਯੋਜਨਾਵਾਂ ਨੂੰ ਪੇਸ਼ ਕਰਨਗੇ। ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਇਕ ਕਦਮ ਦੂਰ ਰਿਸ਼ੀ ਸੁਨਾਕ ਦੇ ਇਸ ਮੁਕਾਮ ‘ਤੇ ਪਹੁੰਚਣ ਨੂੰ ਲੈ ਕੇ ਵਿਸ਼ਵ ਭਰ ‘ਚ ਚਰਚਾ ਹੋ ਰਹੀ ਹੈ। ਦੇਸ਼ ਭਰ ‘ਚ ਭਾਰਤੀ ਅਤੇ ਘੱਟ ਗਿਣਤੀ ਭਾਈਚਾਰੇ ਰਿਸ਼ੀ ਦੀ ਕਾਬਲੀਅਤ ਅਤੇ ਮਕਬੂਲੀਅਤ ਦੀ ਪ੍ਰਸੰਸਾ ਕਰ ਰਹੇ ਹਨ।