22.3 C
Toronto
Thursday, September 18, 2025
spot_img
Homeਦੁਨੀਆਸਰੀ ਤੋਂ ਭਾਰਤ ਪਹੁੰਚਿਆ ਮੋਟਰ ਸਾਈਕਲਾਂ 'ਤੇ ਸਿੱਖ ਜਥਾ

ਸਰੀ ਤੋਂ ਭਾਰਤ ਪਹੁੰਚਿਆ ਮੋਟਰ ਸਾਈਕਲਾਂ ‘ਤੇ ਸਿੱਖ ਜਥਾ

22 ਦੇਸ਼ਾਂ ਵਿਚੋਂ ਲੰਘ ਕੇ 12 ਹਜ਼ਾਰ ਕਿਲੋਮੀਟਰ ਦਾ ਸਫਰ ਕੀਤਾ ਤੈਅ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਟਰਸਾਈਕਲ ਯਾਤਰਾ 22 ਮੁਲਕਾਂ ਵਿਚੋਂ ਲੰਘਦੀ ਹੋਈ ਲਗਭਗ 12 ਹਜ਼ਾਰ ਕਿਲੋਮੀਟਰ ਸਫ਼ਰ ਤੈਅ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੀ। ਇਹ ਮੋਟਰਸਾਈਕਲ ਯਾਤਰਾ ਪਹਿਲਾਂ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਵਿਚ ਦਾਖ਼ਲ ਹੋਈ, ਜਿੱਥੇ ਇਨ੍ਹਾਂ ਸਿੱਖ ਨੌਜਵਾਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸਵਾਗਤ ਕੀਤਾ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਇਨ੍ਹਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਸਿੱਖ ਮੋਟਰਸਾਈਕਲ ਕਲੱਬ, ਕੈਨੇਡਾ ਦੇ ਇਨ੍ਹਾਂ ਨੌਜਵਾਨਾਂ ਵੱਲੋਂ ਇਹ ਯਾਤਰਾ 3 ਅਪਰੈਲ ਨੂੰ ਕੈਨੇਡਾ ਦੇ ਸ਼ਹਿਰ ਸਰੀ ਤੋਂ ਸ਼ੁਰੂ ਕੀਤੀ ਗਈ ਸੀ, ਜੋ ਵੱਖ-ਵੱਖ ਦੇਸ਼ਾਂ ਤੋਂ ਹੁੰਦੀ ਹੋਈ ਪੰਜਾਬ ਪੁੱਜੀ। ਇਸ ਯਾਤਰਾ ਵਿਚ ਕੈਨੇਡਾ ਵਾਸੀ ਸਿੱਖ ਨੌਜਵਾਨ ਪ੍ਰਭਜੀਤ ਸਿੰਘ, ਮਨਦੀਪ ਸਿੰਘ, ਸੁਖਵੀਰ ਸਿੰਘ, ਜਸਮੀਤਪਾਲ ਸਿੰਘ, ਆਜ਼ਾਦ ਸਿੰਘ ਅਤੇ ਜਤਿੰਦਰ ਸਿੰਘ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਮੋਟਰਸਾਈਕਲਾਂ ‘ਤੇ ਉਹ ਕੈਨੇਡਾ, ਅਮਰੀਕਾ, ਇੰਗਲੈਂਡ, ਯੂਰਪ, ਮੱਧ ਪੂਰਬੀ ਮੁਲਕਾਂ ਅਤੇ ਈਰਾਨ ਤੋਂ ਹੁੰਦੇ ਹੋਏ ਪਾਕਿਸਤਾਨ ਰਸਤੇ ਭਾਰਤ ਵਿਚ ਦਾਖ਼ਲ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਸਿੱਖ ਮੋਟਰਸਾਈਕਲ ਕਲੱਬ 2002 ਵਿਚ ਸਥਾਪਤ ਕੀਤਾ ਸੀ, ਜਿਸਦਾ ਮੁੱਖ ਮੰਤਵ ਸਿੱਖ ਧਰਮ ਅਤੇ ਦਸਤਾਰ ਬਾਰੇ ਪ੍ਰਚਾਰ ਕਰਨਾ ਹੈ। ਇਸ ਯਾਤਰਾ ਦੌਰਾਨ ਉਨ੍ਹਾਂ ਨੂੰ ਸਿਰਫ ਕੁਝ ਮੁਲਕਾਂ ਦਾ ਹੀ ਵੀਜ਼ਾ ਲੈਣਾ ਪਿਆ ਹੈ, ਜਿਨ੍ਹਾਂ ਵਿਚ ਤੁਰਕੀ, ਇਰਾਨ, ਪਾਕਿਸਤਾਨ ਅਤੇ ਭਾਰਤ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਯਾਤਰਾ ਲਈ ਹਰ ਥਾਂ ਤੋਂ ਵਧੀਆ ਸਹਿਯੋਗ ਅਤੇ ਹੁੰਗਾਰਾ ਮਿਲਿਆ ਹੈ। ਯਾਤਰਾ ਦੌਰਾਨ ਸਿੱਖ ਧਰਮ, ਗੁਰੂ ਨਾਨਕ ਦੇਵ ਜੀ ਦੇ ‘ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ’ ਉਪਦੇਸ਼ ਸਮੇਤ ਦਸਤਾਰ ਦੀ ਮਹੱਤਤਾ ਬਾਰੇ ਪ੍ਰਚਾਰ ਕੀਤਾ ਗਿਆ ਹੈ।
ਉਨ੍ਹਾਂ ਇਸ ਯਾਤਰਾ ਦੌਰਾਨ ਮਨੁੱਖੀ ਭਲਾਈ ਲਈ ਵਿਸ਼ਵ ਪੱਧਰ ‘ਤੇ ਕੰਮ ਕਰ ਰਹੀ ਜਥੇਬੰਦੀ ਖਾਲਸਾ ਐਡ ਦਾ ਵੀ ਪ੍ਰਚਾਰ ਕੀਤਾ ਅਤੇ ਲੋਕਾਂ ਕੋਲੋਂ ਸਹਿਯੋਗ ਮੰਗਿਆ। ਇਨ੍ਹਾਂ ਸਿੱਖ ਨੌਜਵਾਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕੀਤਾ, ਜਿਸ ਮਗਰੋਂ ਉਨ੍ਹਾਂ ਨੂੰ ਸੂਚਨਾ ਕੇਂਦਰ ਵਿਖੇ ਸਿਰੋਪਾ, ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਅਤੇ ਧਾਰਮਿਕ ਪੁਸਤਕਾਂ ਦੇ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਨੌਜਵਾਨਾਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਆਸ ਕੀਤੀ ਕਿ ਇਸ ਨਾਲ ਵਿਸ਼ਵ ਭਰ ਵਿਚ ਚੰਗਾ ਸੁਨੇਹਾ ਜਾਵੇਗਾ।

RELATED ARTICLES
POPULAR POSTS