ਦੁਵੱਲੇ ਸਹਿਯੋਗ ਸਮੇਤ 9 ਸਮਝੌਤਿਆਂ ‘ਤੇ ਦਸਤਖਤ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲੀ ਹਮਰੁਤਬਾ ਕੇ ਪੀ ਸ਼ਰਮਾ ਓਲੀ ਦੀ ਮੁਲਾਕਾਤ ਨੇ ਦੋਹਾਂ ਮੁਲਕਾਂ ਵਿਚਕਾਰ ਪੈਦਾ ਹੋਏ ਤਣਾਅ ਨੂੰ ਘਟਾ ਦਿੱਤਾ ਹੈ। ਦੋਵੇਂ ਆਗੂਆਂ ਨੇ ਗੱਲਬਾਤ ਦੌਰਾਨ ਨੇਪਾਲ ਦੀ ਸਿਆਸੀ ਹਾਲਤ ਸਮੇਤ ਹਰ ਪੱਖ ਨੂੰ ਛੋਹਿਆ। ਦੋਹਾਂ ਮੁਲਕਾਂ ਨੇ ਟਰਾਂਸਪੋਰਟ ਅਤੇ ਬਿਜਲੀ ਖੇਤਰ ਸਮੇਤ 9 ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਹਨ।
ਮੋਦੀ ਨੇ ਕਿਹਾ ਕਿ ਨੇਪਾਲ ਦੇ ਨਵੇਂ ਸੰਵਿਧਾਨ ਦੀ ਸਫ਼ਲਤਾ ਸਹਿਮਤੀ ਅਤੇ ਗੱਲਬਾਤ ਦੀ ਪ੍ਰਕਿਰਿਆ ‘ਤੇ ਨਿਰਭਰ ਕਰੇਗੀ ਅਤੇ ਭਾਰਤ ਹਿਮਾਲਿਅਨ ਮੁਲਕ ‘ਚ ਸ਼ਾਂਤੀ, ਸਥਿਰਤਾ ਅਤੇ ਚੌਤਰਫ਼ਾ ਵਿਕਾਸ ‘ਚ ਹਮਾਇਤ ਦੇਵੇਗਾ। ਇਸ ਦੌਰਾਨ ਓਲੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਜਿਹੜੀਆਂ ਗਲਤਫਹਿਮੀਆਂ ਬਣੀਆਂ ਹੋਈਆਂ ਸਨ, ਉਹ ਹੁਣ ਦੂਰ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਨੇਪਾਲ ਵਿਚ ਮਧੇਸ਼ੀ ਭਾਈਚਾਰੇ ਵੱਲੋਂ ਨਵੇਂ ਸੰਵਿਧਾਨ ਖ਼ਿਲਾਫ਼ ਕੀਤੇ ਗਏ ਅੰਦੋਲਨ ਕਾਰਨ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਤਰੇੜ ਆ ਗਈ ਸੀ। ਓਲੀ ਦੀ ਹਾਜ਼ਰੀ ‘ਚ ਮੋਦੀ ਵੱਲੋਂ ਦਿੱਤੇ ਗਏ ਬਿਆਨ ‘ਚ ਕਿਹਾ ਗਿਆ ਹੈ ਕਿ ਨੇਪਾਲ ਵਿਚ ਨਵੇਂ ਸੰਵਿਧਾਨ ਦਾ ਐਲਾਨ ਦਹਾਕਿਆਂ ਦੇ ਸੰਘਰਸ਼ ਮਗਰੋਂ ਹੋਇਆ ਹੈ ਅਤੇ ਇਹ ਵੱਡੀ ਪ੍ਰਾਪਤੀ ਹੈ।
ਉਨ੍ਹਾਂ ਕਿਹਾ ਕਿ ਸਾਰੀਆਂ ਧਿਰਾਂ ਨੂੰ ਭਰੋਸੇ ਵਿਚ ਲੈ ਕੇ ਤੁਸੀਂ (ਓਲੀ) ਮਸਲੇ ਹੱਲ ਕਰ ਸਕਦੇ ਹੋ। ਦਹਿਸ਼ਤਗਰਦੀ ਨਾਲ ਨਜਿੱਠਣ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦਹਿਸ਼ਤਗਰਦਾਂ ਅਤੇ ਅਪਰਾਧੀਆਂ ਨੂੰ ਖੁਲ੍ਹੀ ਸਰਹੱਦ ਦੀ ਵਰਤੋਂ ਨਹੀਂ ਕਰਨ ਦੇਣਗੇ। ਦੋਹਾਂ ਮੁਲਕਾਂ ਦੀਆਂ ਸੁਰੱਖਿਆ ਏਜੰਸੀਆਂ ਸਹਿਯੋਗ ਵਧਾਉਣਗੀਆਂ। ਦੋਵੇਂ ਪ੍ਰਧਾਨ ਮੰਤਰੀਆਂ ਨੇ 400 ਕੇ ਵੀ ਧਾਲਕੇ ਬਾਰ-ਮੁਜ਼ੱਫਰਪੁਰ ਟਰਾਂਸਮਿਸ਼ਨ ਲਾਈਨ ਸਮਰਪਿਤ ਕੀਤੀ। ਇਸ ਤਹਿਤ ਭਾਰਤ ਨੇਪਾਲ ਨੂੰ 80 ਮੈਗਾਵਾਟ ਬਿਜਲੀ ਮੁਹੱਈਆ ਕਰਾਏਗਾ ਅਤੇ ਅਗਲੇ ਦੋ ਸਾਲਾਂ ਵਿਚ ਇਹ ਵਧਾ ਕੇ 600 ਮੈਗਾਵਾਟ ਕਰ ਦਿੱਤੀ ਜਾਏਗੀ। ਨੇਪਾਲ ਦੇ ਪ੍ਰਧਾਨ ਮੰਤਰੀ ਨੇ ਭੂਚਾਲ ਦੌਰਾਨ ਮੁਲਕ ਦੀ ਮੱਦਦ ਲਈ ਮੋਦੀ ਅਤੇ ਭਾਰਤ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਚ ਓਲੀ ਦਾ ਰਸਮੀ ਸਵਾਗਤ ਕੀਤਾ ਗਿਆ।
ਭਾਰਤ ਹੈ ਨੇਪਾਲ ਦਾ ‘ਵੱਡਾ ਭਰਾ’ : ਸਵਰਾਜ
ਨਵੀਂ ਦਿੱਲੀ : ਮਧੇਸੀਆਂ ਦੇ ਸੰਘਰਸ਼ ਕਾਰਨ ਭਾਰਤ ਤੇ ਨੇਪਾਲ ਦੇ ਰਿਸ਼ਤੇ ਤਿੜਕ ਗਏ ਸਨ ਪਰ ਹੁਣ ਮੁੜ ਦੋਵੇਂ ਮੁਲਕਾਂ ਦੇ ਸਬੰਧਾਂ ਵਿਚ ਨਿੱਘ ਆਉਣ ਲੱਗਾ ਹੈ। ਭਾਰਤ ਨੇ ਕਿਹਾ ਕਿ ਉਹ ਨੇਪਾਲ ਦਾ ਬੌਸ (ਬਿੱਗ ਬ੍ਰਦਰ) ਨਹੀਂ ਬਲਕਿ ਉਸ ਦਾ ‘ਵੱਡਾ ਭਰਾ’ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਆਪਣੇ ਗੁਆਂਢੀਆਂ ਨਾਲ ਹਮੇਸ਼ਾ ਸਹਿਯੋਗ ਕਰੇਗਾ ਅਤੇ ਕਦੇ ਵੀ ਉਨ੍ਹਾਂ ਲਈ ਸਮੱਸਿਆ ਦਾ ਸਬੱਬ ਨਹੀਂ ਬਣਿਆ। ਵਿਦੇਸ਼ ਮੰਤਰੀ ਨੇ ਭਾਰਤ ਤੇ ਨੇਪਾਲ ਦੇ ਪੁਰਾਣੇ ਸਬੰਧਾਂ ਦਾ ਹਵਾਲਾ ਦਿੰਦਿਆਂ ਨੇਪਾਲ ਦੇ ਸਿਆਸੀ ਆਗੂਆਂ ਤੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਨਵੇਂ ਸੰਵਿਧਾਨ ਲਈ ਪ੍ਰਸੰਸਾ ਕੀਤੀ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …