1.7 C
Toronto
Tuesday, December 23, 2025
spot_img
Homeਸੰਪਾਦਕੀਹਰਿਆਣਾ 'ਚ ਜਾਟ ਰਾਖ਼ਵਾਂਕਰਨ ਨੂੰ ਲੈ ਕੇ ਹਿੰਸਾ

ਹਰਿਆਣਾ ‘ਚ ਜਾਟ ਰਾਖ਼ਵਾਂਕਰਨ ਨੂੰ ਲੈ ਕੇ ਹਿੰਸਾ

Editorial6-680x365ਜਾਤ ਆਧਾਰਤ ਰਾਖ਼ਵਾਂਕਰਨ ਭਾਰਤ ਦੀ ਆਜ਼ਾਦੀ ਵੇਲੇ ਸ਼ੁਰੂ ਕੀਤੀ ਗਈ ਇਕ ਸਮਾਂਬੱਧ ਯੋਜਨਾ ਸੀ, ਜਿਸ ਤਹਿਤ ਸਦੀਆਂ ਤੋਂ ਭਾਰਤੀ ਸਮਾਜ ਅੰਦਰ ਜਾਤ-ਪਾਤ ਦੇ ਆਧਾਰ ‘ਤੇ ਵਿਤਕਰਿਆਂ ਦੇ ਸ਼ਿਕਾਰ ਹੋਏ ਇਕ ਸਮਾਜਿਕ ਹਿੱਸੇ ਨੂੰ ਜ਼ਿੰਦਗੀ ਦੇ ਹਰ ਖੇਤਰ ‘ਚ ਬਰਾਬਰਤਾ ਦੀ ਸਥਿਤੀ ‘ਚ ਲਿਆ ਕੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਸਮਾਂ ਪਾ ਕੇ ਜਾਤ ਆਧਾਰਤ ਰਾਖ਼ਵਾਂਕਰਨ ਭਾਰਤੀ ਸਿਆਸਤ ਲਈ ਵੋਟ ਬੈਂਕ ਦਾ ਇਕ ਸਥਾਈ ਮੁੱਦਾ ਬਣ ਗਿਆ। ਜਦੋਂਕਿ ਰਾਖ਼ਵਾਂਕਰਨ ਆਪਣੇ ਅਸਲ ਮਨੋਰਥ, ਜਾਤ ਆਧਾਰਤ ਸਮਾਜਿਕ, ਆਰਥਿਕ ਵਿਤਕਰੇ ਨੂੰ ਦੂਰ ਕਰਕੇ ਲੋਕਾਂ ਨੂੰ ਬਰਾਬਰਤਾ ਦੇਣ, ਵਿਚ ਹਾਲੇ ਤੱਕ ਸਫ਼ਲ ਨਹੀਂ ਹੋ ਸਕਿਆ। ਪਰ ਅਜੋਕੇ ਸਮੇਂ ‘ਚ ਵੱਧਦੀ ਆਬਾਦੀ ਅਤੇ ਰੁਜ਼ਗਾਰ ਦੇ ਸੁੰਗੜਦੇ ਮੌਕਿਆਂ ਕਾਰਨ ਨਾ-ਸਿਰਫ਼ ਦਲਿਤ ਵਰਗ, ਸਗੋਂ ਸਮਾਜ ਦੇ ਹੋਰ ਵੱਖ-ਵੱਖ ਵਰਗ ਵੀ ਜਾਤ ਆਧਾਰਤ ਰਾਖ਼ਵਾਂਕਰਨ ਦੀ ਮੰਗ ਕਰਨ ਲੱਗੇ ਹਨ। ਕਦੇ ਗੁਜਰਾਤ ‘ਚ ਪਟੇਲ ਭਾਈਚਾਰੇ ਵਲੋਂ ਰਾਖ਼ਵਾਂਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕੀਤਾ ਜਾਂਦਾ ਹੈ, ਕਦੇ ਰਾਜਸਥਾਨ ਦੇ ਗੁੱਜਰ ਭਾਈਚਾਰੇ ਵਲੋਂ ਅਤੇ ਕਦੇ ਹਰਿਆਣਾ ਦੇ ਜਾਟ ਭਾਈਚਾਰੇ ਵਲੋਂ।
ਹਰਿਆਣਾ ‘ਚ ਜਾਟ ਭਾਈਚਾਰੇ ਵਲੋਂ ਰਾਖ਼ਵਾਂਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਹਰਿਆਣਾ ਦੀ ਪਿਛਲੀ ਕਾਂਗਰਸ ਸਰਕਾਰ ਵੇਲੇ ‘ਅਖਿਲ ਭਾਰਤੀ ਜਾਟ ਆਰਕਸ਼ਨ ਸੰਘਰਸ਼ ਸਮਿਤੀ’ ਸਮੇਤ ਕਈ ਜਥੇਬੰਦੀਆਂ ਨੇ ਸਰਕਾਰ ਖਿਲਾਫ਼ ਲੰਬਾ ਅੰਦੋਲਨ ਕੀਤਾ ਸੀ। ਇਸ ਦੌਰਾਨ ਹਰਿਆਣਾ ਦੀ ਹੁੱਡਾ ਸਰਕਾਰ ਨੇ ਪੰਜ ਬਿਰਾਦਰੀਆਂ ਜਾਟ, ਜੱਟ ਸਿੱਖ, ਰੋਰਜ਼, ਬਿਸ਼ਨੋਈ ਅਤੇ ਤਿਆਗੀ ਨੂੰ ਪੱਛੜੀਆਂ ਜਾਤਾਂ ਵਿਚ ਸ਼ਾਮਲ ਕਰਦਿਆਂ ਇਨਾਂ ਲਈ ਸਰਕਾਰੀ ਨੌਕਰੀਆਂ ਅਤੇ ਵਿਦਿਅਕ ਅਦਾਰਿਆਂ ਵਿਚ 10 ਫ਼ੀਸਦੀ ਰਾਖ਼ਵਾਂਕਰਨ ਦਾ ਕੋਟਾ ਨਿਰਧਾਰਿਤ ਕੀਤਾ ਸੀ। ਪਰ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਦੇ ਇਸ ਫ਼ੈਸਲੇ ਨੂੰ ਰੱਦ ਕਰ ਦਿੱਤਾ ਸੀ। ਹਰਿਆਣਾ ‘ਚ ਇਸ ਵੇਲੇ ਭਾਜਪਾ ਦੀ ਅਗਵਾਈ ਵਿਚ ਖੱਟਰ ਸਰਕਾਰ ਹੈ ਅਤੇ ਹੁਣ ਮੁੜ ਜਾਟ ਰਾਖ਼ਵਾਂਕਰਨ ਦਾ ਮੁੱਦਾ ਭਖ ਉਠਿਆ ਹੈ। ਜਾਟ ਭਾਈਚਾਰੇ ਨੇ ਰਾਖ਼ਵਾਂਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਮੁੜ ਸ਼ੁਰੂ ਕਰ ਦਿੱਤਾ ਪਰ ਇਸ ਵਾਰ ਜਾਟ ਰਾਖ਼ਵਾਂਕਰਨ ਦੇ ਮੁੱਦੇ ‘ਤੇ ਪਿਛਲੇ 10-12 ਦਿਨਾਂ ਦੌਰਾਨ ਹਰਿਆਣਾ ਵਿਚ ਜਿਹੜਾ ਹਿੰਸਾ ਦਾ ਭਿਆਨਕ ਤਾਂਡਵ ਹੋਇਆ, ਉਸ ਨੇ ਨਾ-ਸਿਰਫ਼ ਇਕੱਲੇ ਹਰਿਆਣਾ, ਸਗੋਂ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੜਕ ਅਤੇ ਰੇਲ ਆਵਾਜਾਈ ਠੱਪ ਕਰਨ ਤੋਂ ਸ਼ੁਰੂ ਹੋਏ ਇਸ ਅੰਦੋਲਨ ਨੇ ਜਨਤਕ ਅਤੇ ਸਰਕਾਰੀ ਜਾਇਦਾਦਾਂ ਦੀ ਵਿਆਪਕ ਸਾੜ-ਫ਼ੂਕ, ਭੰਨ-ਤੋੜ, ਲੁੱਟਮਾਰ ਅਤੇ ਬਲਾਤਕਾਰਾਂ ਵਰਗੇ ਸ਼ਰਮਨਾਕ ਕਾਰਿਆਂ ਨੂੰ ਅੰਜ਼ਾਮ ਦਿੱਤਾ ਹੈ, ਜਿਹੜੇ ਕਿ ਮਨੁੱਖੀ ਹਿਰਦਿਆਂ ਨੂੰ ਕੰਬਣੀ ਛੇੜ ਦਿੰਦੇ ਹਨ। ਹਾਲਾਂਕਿ ਹਰਿਆਣਾ ਸਰਕਾਰ ਨੇ ਜਾਟ ਭਾਈਚਾਰੇ ਨੂੰ ਮੁੱਢਲੇ ਪੜਾਅ ‘ਤੇ ਹੀ ਅੰਦੋਲਨ ਵਾਪਸ ਲੈਣ ਦੀ ਅਪੀਲ ਕਰਦਿਆਂ ਇਹ ਭਰੋਸਾ ਦਿੱਤਾ ਸੀ ਕਿ ਵਿਧਾਨ ਸਭਾ ‘ਚ ਜਾਟ ਰਾਖ਼ਵਾਂਕਰਨ ਦਾ ਬਿਲ ਜਲਦੀ ਹੀ ਪੇਸ਼ ਕੀਤਾ ਜਾਵੇਗਾ, ਪਰ ਜਾਟ ਭਾਈਚਾਰੇ ‘ਤੇ ਇਸ ਅਪੀਲ ਦਾ ਕੋਈ ਅਸਰ ਨਾ ਹੋਇਆ। ਇਸ ਤੋਂ ਬਾਅਦ ਹਾਲਾਤ ਇਵੇਂ ਦੇ ਬਣਦੇ ਗਏ ਜਿਵੇਂ ਜਾਟ ਰਾਖ਼ਵਾਂਕਰਨ ਦਾ ਸੰਘਰਸ਼ ਆਪਣੇ ਅਸਲ ਏਜੰਡੇ ਤੋਂ ਭਟਕ ਗਿਆ ਹੋਵੇ ਅਤੇ ਹਾਲਾਤਾਂ ਦਾ ਸਮਾਜ ਵਿਰੋਧੀ ਅਤੇ ਗੁੰਡਾ ਅਨਸਰਾਂ ਨੇ ਪੂਰੀ ਤਰਾਂ ਫ਼ਾਇਦਾ ਲੈਂਦਿਆਂ ਇਸ ਸੰਘਰਸ਼ ਨੂੰ ਗਲਤ ਲੀਹੇ ਤੋਰ ਦਿੱਤਾ ਹੋਵੇ। 19 ਫ਼ਰਵਰੀ ਨੂੰ ਜਾਟ ਰਾਖ਼ਵਾਂਕਰਨ ਦੇ ਸੰਘਰਸ਼ਕਾਰੀਆਂ ਨੇ ਫ਼ਸਾਦੀਆਂ ਦਾ ਰੂਪ ਧਾਰਨ ਕਰਦਿਆਂ ਰੋਹਤਕ ਵਿਚ ਸੂਬੇ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਯੂ ਦੀ ਰਿਹਾਇਸ਼ ਦੀ ਭੰਨ-ਤੋੜ ਕਰਦਿਆਂ ਅੱਗ ਲਗਾ ਦਿੱਤੀ। ਜਿਸ ਦੌਰਾਨ ਸਰਕਾਰ ਨੂੰ ਹਾਲਾਤਾਂ ਨੂੰ ਕਾਬੂ ਪਾਉਣ ਲਈ ਸਖ਼ਤ ਕਦਮ ਪੁੱਟਣ ਲਈ ਮਜਬੂਰ ਹੋਣਾ ਪਿਆ ਅਤੇ ਅੰਦੋਲਨਕਾਰੀਆਂ ‘ਤੇ ਚਲਾਈ ਗੋਲੀ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਹਰਿਆਣਾ ਵਿਚ ਵੱਡੀ ਪੱਧਰ ‘ਤੇ ਫ਼ੌਜ ਬੁਲਾ ਲਈ ਗਈ ਅਤੇ ਕਰਫ਼ਿਊ ਲਗਾ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਹਰਿਆਣਾ ਵਿਚ ਵਿਵਾਦ ਲਗਾਤਾਰ ਹਿੰਸਕ ਹੁੰਦਾ ਗਿਆ ਅਤੇ ਹੁਣ ਤੱਕ ਹਰਿਆਣਾ ਵਿਚ ਇਸ ਦੌਰਾਨ 28 ਲੋਕਾਂ ਦੀ ਮੌਤ ਅਤੇ 200 ਤੋਂ ਵੱਧ ਜ਼ਖ਼ਮੀ ਹੋ ਚੁੱਕੇ ਹਨ। ਪੀ.ਐਚ.ਡੀ.ਸੀ.ਸੀ.ਆਈ. ਦੇ ਅੰਦਾਜ਼ੇ ਅਨੁਸਾਰ ਹੁਣ ਤੱਕ ਹਰਿਆਣਾ ਵਿਚ 34 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਤਬਾਹ ਕਰ ਦਿੱਤੀ ਗਈ ਹੈ। ਕਈ ਦਿਨ ਲਗਾਤਾਰ ਹਰਿਆਣਾ ਵਿਚ ਜੰਗਲ ਰਾਜ ਬਣਿਆ ਰਿਹਾ। ਰੇਲਾਂ, ਬੱਸਾਂ, ਆਵਾਜਾਈ ਅਤੇ ਜਨ-ਜੀਵਨ ਬੁਰੀ ਤਰਾਂ ਠੱਪ ਹੋ ਕੇ ਰਹਿ ਗਿਆ। ਜਾਟ ਰਾਖ਼ਵਾਂਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਲੋਕ ਅਜਿਹੇ ਰੂਪ ਵਿਚ ਆ ਗਏ ਜਿਵੇਂ ਕਿਸੇ ਦੁਸ਼ਮਣ ਦੇ ਦੇਸ਼ ‘ਤੇ ਹਮਲਾ ਕਰ ਰਹੇ ਹੋਣ। ਰਾਹਗੀਰਾਂ ਨੂੰ ਰੋਕ ਰੋਕ ਕੇ ਵਾਹਨਾਂ ਨੂੰ ਅੱਗ ਦੇ ਹਵਾਲੇ ਕੀਤਾ ਜਾਣ ਲੱਗਾ। ਲੋਕਾਂ ਨੂੰ ਕੁੱਟਿਆ ਅਤੇ ਲੁੱਟਿਆ ਜਾਣ ਲੱਗਾ। ਦੁਕਾਨਾਂ ‘ਚ ਲੁੱਟ-ਮਾਰ ਹੋਣ ਲੱਗੀ। ਸਰਕਾਰੀ ਮਸ਼ੀਨਰੀ ਪੂਰੀ ਤਰਾਂ ਫ਼ੇਲ ਹੋ ਕੇ ਰਹਿ ਗਈ। ਸ਼ਹਿਰਾਂ ਵਿਚ ਬਾਜ਼ਾਰਾਂ, ਦੁਕਾਨਾਂ, ਸਰਕਾਰੀ ਦਫ਼ਤਰਾਂ ਅਤੇ ਵੱਡੇ-ਵੱਡੇ ਸ਼ਾਪਿੰਗ ਮਾਲਜ਼ ਨੂੰ ਅੱਗਾਂ ਲਗਾਈਆਂ ਗਈਆਂ। ਹਰਿਆਣਾ ‘ਚ ਜਾਟ ਰਾਖ਼ਵਾਂਕਰਨ ਦੇ ਮੁੱਦੇ ‘ਤੇ ਚੱਲ ਰਹੇ ਹਿੰਸਕ ਅੰਦੋਲਨ ਦਾ ਹੁਣ ਤੱਕ ਦਾ ਸਭ ਤੋਂ ਦੁਖਦਾਈ ਅਤੇ ਸ਼ਰਮਨਾਕ ਮੰਜ਼ਰ ਦਿੱਲੀ-ਹਰਿਆਣਾ ਹਾਈਵੇਅ ‘ਤੇ ਇਕ ਦਰਜਨ ਦੇ ਕਰੀਬ ਰਾਹਗੀਰ ਔਰਤਾਂ ਨੂੰ ਅੱਧੀ ਰਾਤ ਨੂੰ ਖੇਤਾਂ ਵਿਚ ਅਲਫ਼ ਨੰਗਿਆਂ ਕਰਕੇ ਘੰਟਿਆਂਬੱਧੀ ਰੋਕੀ ਰੱਖਣ ਅਤੇ ਸਮੂਹਿਕ ਜਬਰ-ਜਨਾਹ ਦਾ ਹੈ, ਜਿਸ ਨੇ ਪੂਰੇ ਭਾਰਤ ਨੂੰ ਬੁਰੀ ਤਰਾਂ ਸ਼ਰਮਸਾਰ ਕੀਤਾ ਹੈ। ਅਜੇ ਤੱਕ ਭਾਰਤ 1984 ਦੇ ਸਿੱਖ ਕਤਲੇਆਮ ਦੌਰਾਨ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਰਕਾਰੀ ਮਸ਼ੀਨਰੀ ਦੇ ਨੱਕ ਹੇਠਾਂ ਚਿੱਟੇ ਦਿਨ ਹੋਏ ਸੈਂਕੜੇ ਬਲਾਤਕਾਰਾਂ ਦੇ ਦਾਗ਼ ਨਹੀਂ ਮਿਟਾ ਸਕਿਆ ਸੀ ਪਰ ਹਰਿਆਣਾ ‘ਚ ਜਾਟ ਰਾਖ਼ਵਾਂਕਰਨ ਦੇ ਅੰਦੋਲਨ ਦੌਰਾਨ ਬਦਮਾਸ਼ਾਂ ਵਲੋਂ ਰਾਹਗੀਰ ਔਰਤਾਂ ਨਾਲ ਕੀਤੀ ਇਸ ਸ਼ਰਮਨਾਕ ਘਟਨਾ ਨੇ ਇਕ ਨਵਾਂ ਦਾਗ਼ ਲਗਾ ਦਿੱਤਾ ਹੈ, ਜਿਸ ਨੇ ਭਾਰਤ ਵਿਚ ਸਰਕਾਰ ਦੇ ਪ੍ਰਸ਼ਾਸਨ, ਸਮਾਜਿਕ ਸੁਹਜ, ਸੰਵੇਦਨਾ ਅਤੇ ਔਰਤਾਂ ਪ੍ਰਤੀ ਸਮਾਜਿਕ ਸੋਚ ਨੂੰ ਲੈ ਕੇ ਵੀ ਗੰਭੀਰ ਸਵਾਲ ਖੜੇ ਕੀਤੇ ਹਨ। ਦਰਅਸਲ ਹਰਿਆਣਾ ਜਾਟ ਰਾਖ਼ਵਾਂਕਰਨ ਦੇ ਮੁੱਦੇ ‘ਤੇ ਹਰਿਆਣਾ ‘ਚ ਹੋਈ ਵਿਆਪਕ ਹਿੰਸਾ ਨੇ ਭਾਰਤੀ ਸਮਾਜ ਅੰਦਰ ਵੱਖ-ਵੱਖ ਪੱਧਰਾਂ ‘ਤੇ ਮਨੁੱਖਾਂ ਅੰਦਰ ਮਨੁੱਖਾਂ ਪ੍ਰਤੀ ਫ਼ੈਲੀਆਂ ਨਫ਼ਰਤ ਦੀਆਂ ਡੂੰਘੀਆਂ ਪਰਤਾਂ, ਹਉਮੈ ਅਤੇ ਦਰਿੰਦਗੀ ਨੂੰ ਸਾਹਮਣੇ ਲਿਆਂਦਾ ਹੈ। ਇਸ ਦਾ ਇਕ ਕਾਰਨ ਭਾਰਤ ‘ਚ ਦੰਗਿਆਂ ਨੂੰ ਰੋਕਣ ਲਈ ਕਾਰਗਰ ਕਾਨੂੰਨੀ ਵਿਵਸਥਾ ਦੀ ਘਾਟ ਅਤੇ ਸਿਆਸੀ ਪੱਧਰ ‘ਤੇ ਦੋਸ਼ੀਆਂ ਨੂੰ ਮਿਲਦੀ ਸ਼ਹਿ ਅਤੇ ਰਿਆਇਤਾਂ ਵੀ ਹਨ। ਜੇਕਰ 1984 ਦੇ ਸਿੱਖ ਕਤਲੇਆਮ ਦੌਰਾਨ ਕਤਲ, ਡਕੈਤੀਆਂ, ਸਾੜ-ਫ਼ੂਕ ਅਤੇ ਬਲਾਤਕਾਰ ਕਰਨ ਵਾਲੇ ਲੋਕਾਂ ਨੂੰ ਸਖ਼ਤ ਸਜ਼ਾਵਾਂ ਮਿਲੀਆਂ ਹੁੰਦੀਆਂ ਤਾਂ ਭਾਰਤ ‘ਚ ਅੱਜ ਮੁੜ-ਮੁੜ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਨਾ ਵਾਪਰਦੀਆਂ। ਹਰਿਆਣਾ ਪਿਛਲੇ 10-12 ਦਿਨਾਂ ਦੌਰਾਨ ਪੈਦਾ ਹੋਏ ਹਾਲਾਂਤ ਦੌਰਾਨ ਇੰਨਾ ਪਿੱਛੇ ਚਲਾ ਗਿਆ ਹੈ, ਸ਼ਾਇਦ ਇਸ ਦੀ ਭਰਪਾਈ 10 ਸਾਲਾਂ ਵਿਚ ਵੀ ਨਾ ਹੋ ਸਕੇ। ਹਰਿਆਣਾ ‘ਚ ਵੱਡੀ ਪੱਧਰ ‘ਤੇ ਉਦਯੋਗਿਕ ਇਕਾਈਆਂ ਚੱਲ ਰਹੀਆਂ ਹਨ ਪਰ ਉਨਾਂ ਅੰਦਰ ਅਸੁਰੱਖਿਆ ਅਤੇ ਬੇਭਰੋਸਗੀ ਵਾਲਾ ਮਾਹੌਲ ਪੈਦਾ ਹੋ ਗਿਆ ਹੈ, ਜਿਸ ਕਾਰਨ ਹਰਿਆਣਾ ‘ਚ ਆਉਂਦੇ ਸਮੇਂ ਦੌਰਾਨ ਹੋਣ ਵਾਲਾ ਹੋਰ ਉਦਯੋਗਿਕ ਨਿਵੇਸ਼ ਵੀ ਪ੍ਰਭਾਵਿਤ ਹੋਵੇਗਾ।

RELATED ARTICLES
POPULAR POSTS