Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਜ਼ੂਮ-ਮੀਟਿੰਗ ਦੌਰਾਨ ਕੈਨੇਡਾ ‘ਚ ਪੰਜਾਬੀ ਦੇ ਇਤਿਹਾਸ, ਅਜੋਕੀ ਸਥਿਤੀ ਤੇ ਭਵਿੱਖ ਬਾਰੇ ਹੋਈ ਵਿਚਾਰ-ਚਰਚਾ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਜ਼ੂਮ-ਮੀਟਿੰਗ ਦੌਰਾਨ ਕੈਨੇਡਾ ‘ਚ ਪੰਜਾਬੀ ਦੇ ਇਤਿਹਾਸ, ਅਜੋਕੀ ਸਥਿਤੀ ਤੇ ਭਵਿੱਖ ਬਾਰੇ ਹੋਈ ਵਿਚਾਰ-ਚਰਚਾ

ਮੁੱਖ-ਬੁਲਾਰੇ ਸਨ ਵੈਨਕੂਵਰ ਤੋਂ ਡਾ. ਸਾਧੂ ਬਿਨਿੰਗ : ਕਵੀ ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਕਰੋਨਾ ਦੇ ਚੱਲ ਰਹੇ ਇਸ ਪ੍ਰਕੋਪ ਦੌਰਾਨ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਦਸੰਬਰ ਮਹੀਨੇ ਦੀ ਜ਼ੂਮ-ਮੀਟਿੰਗ ਲੰਘੇ ਐਤਵਾਰ 20 ਦਸੰਬਰ ਨੂੰ ਹੋਈ ਜਿਸ ਵਿਚ ਵੈਨਕੂਵਰ ਤੋਂ ਡਾ. ਸਾਧੂ ਬਿਨਿੰਗ ਮੁੱਖ-ਬੁਲਾਰੇ ਵਜੋਂ ਸ਼ਾਮਲ ਹੋਏ। ਮੀਟਿੰਗ ਵਿਚ ਉਨਾਂ ਵੱਲੋਂ ਕੈਨੇਡਾ ਵਿਚ ਪੰਜਾਬੀ ਭਾਸ਼ਾ ਦੇ ਇਤਿਹਾਸ, ਅਜੋਕੀ ਸਥਿਤੀ ਤੇ ਭਵਿੱਖ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਦੇ ਨਾਲ ਹੀ ਉਨਾਂ ਦਿੱਲੀ ਦੀਆਂ ਬਰੂਹਾਂ ‘ઑਤੇ ਭਾਰਤ ਦੇ ਕਿਸਾਨਾਂ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਕੀਤੇ ਜਾ ਰਹੇ ਇਤਿਹਾਸਕ ਸੰਘਰਸ਼ ਬਾਰੇ ਵੀ ਸੰਖੇਪ ਵਿਚ ਦੱਸਿਆ। ਇਸ ਜ਼ੂਮ-ਮੀਟਿੰਗ ਵਿਚ ਬਰੈਂਪਟਨ, ਮਿਸੀਸਾਗਾ ਤੇ ਔਟਵਾ ਤੋਂ ਇਲਾਵਾ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਅਤੇ ਅਮਰੀਕਾ ਦੇ ਸ਼ਹਿਰ ਨਿਊਯਾਰਕ ਤੋਂ ਵੀ ਮਹਿਮਾਨਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਵਿਚ 45 ਵਿਅੱਕਤੀ ਹਾਜ਼ਰ ਸਨ।
ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋ ਮੀਟਿੰਗ ਹਾਜ਼ਰ ਮੈਂਬਰਾਂ ਤੇ ਮਹਿਮਾਨਾਂ ਦੇ ਸੁਆਗ਼ਤ ਤੋਂ ਬਾਅਦ ਪ੍ਰੋਗਰਾਮ ਦੇ ਸੰਚਾਲਕ ਤਲਵਿੰਦਰ ਮੰਡ ਵੱਲੋਂ ਮੁੱਖ-ਬੁਲਾਰੇ ਡਾ. ਸਾਧੂ ਬਿਨਿੰਗ ਨੂੰ ਆਪਣਾ ਸੰਬੋਧਨ ਆਰੰਭ ਕਰਨ ਲਈ ਬੇਨਤੀ ਕੀਤੀ ਗਈ ਜਿਨਾਂ ਨੇ ਦੱਸਿਆ ਕਿ ਕੈਨੇਡਾ ਵਿਚ ਪੰਜਾਬੀਆਂ ਦੀ ਆਮਦ 1897 ਵਿਚ ਆਰੰਭ ਹੋਈ। ਉਨਾਂ ਕਿਹਾ 1906 ਵਿਚ ਖਾਲਸਾ ਦੀਵਾਨ ਸੋਸਾਇਟੀ ਵੱਲੋਂ ਵੈਨਕੂਵਰ ਵਿਖੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਜੋ ਉਸ ਸਮੇਂ ਧਾਰਮਿਕ ਅਸਥਾਨ ਹੋਣ ਦੇ ਨਾਲ ਨਾਲ ਸੱਭਿਆਚਾਰਕ ਕੇਂਦਰ ਵਜੋਂ ਵੀ ਵਧੀਆ ਕੰਮ ਕਰਦਾ ਸੀ। ਉਨਾਂ ਅਨੁਸਾਰ 1908 ਤੱਕ ਲੱਗਭੱਗ 5000 ਪੰਜਾਬੀ ਕੈਨੇਡਾ ਆਏ ਪਰ 1941-42 ਵਿਚ ਉਨਾਂ ਦੀ ਗਿਣਤੀ 1100 ਹੀ ਰਹਿ ਗਈ ਜਿਸ ਦੇ ਕਈ ਕਾਰਨ ਸਨ। ਪੱਤਰਕਾਰੀ ਇੱਥੇ ਕੈਨੇਡਾ ਵਿਚ 1910 ਵਿਚ ਸ਼ੁਰੂ ਹੋਈ। 1913 ਵਿਚ ਅਮਰੀਕਾ ਵਿਚ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਗਈ ਜਿਸ ਵੱਲੋਂ ਪ੍ਰਸਿੱਧ ਅਖ਼ਬਾਰ ‘ਗ਼ਦਰ’ ਦੀ ਪ੍ਰਕਾਸ਼ਨਾ ਕੀਤੀ ਗਈ। ਉਨਾਂ ਦੱਸਿਆ ਕਿ ਨੌਜਵਾਨ ਪੰਜਾਬੀਆਂ ਦਾ ਕੈਨੇਡਾ ਵਿਚ ਆਉਣਾ 1970 ਵਿਚ ਆਰੰਭ ਹੋਇਆ। 1973 ਵਿਚ ਵੈਨਕੂਵਰ ਤੋਂ ਸੁਰਿੰਦਰ ਧੰਜਲ ਤੇ ਉਨਾਂ ਦੇ ਸਾਥੀਆਂ ਵੱਲੋਂ ਸਾਹਿਤਕ ਮੈਗ਼ਜ਼ੀਨ ‘ਵਤਨੋਂ ਦੂਰ਼’ ਆਰੰਭ ਕੀਤਾ ਗਿਆ। ਆਪਣੇ ਸੰਬੋਧਨ ਨੂੰ ਜਾਰੀ ਰੱਖਦਿਆਂ ਡਾ. ਬਿਨਿੰਗ ਨੇ ਕਿਹਾ ਕਿ ਕੈਨੇਡਾ ਵਿਚ ਪੰਜਾਬੀ ਦੀ ਪੜਾਈ ਪਹਿਲਾਂ ਇਹ ਗੁਰਦੁਆਰਿਆਂ ਵਿਚ ਆਰੰਭ ਹੋਈ ਅਤੇ ਸਕੂਲਾਂ ਵਿਚ ਇਹ 1994 ਵਿਚ ਭਾਸ਼ਾ ਪਾਲਿਸੀ ਲਾਗੂ ਹੋਣ ਤੋਂ ਬਾਅਦ ਪੜਾਉਣੀ ਸ਼ੁਰੂ ਹੋਈ ਜਿਸ ਦੇ ਲਈ ਕਾਫ਼ੀ ਜੱਦੋ ਜਹਿਦ ਕਰਨੀ ਪਈ। 1994 ਵਿਚ ਬੀ.ਸੀ ਵਿਚ ਇਸ ਨੂੰ ਦੂਸਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਅਤੇ ਇੱਥੇ ਸਕੂਲਾਂ ਵਿਚ ਇਹ ਗਰੇਡ 5-8 ਤੋਂ ਬਾਅਦ ਪੜਾਉਣੀ ਆਰੰਭ ਹੋਈ। ਉਪਰੰਤ, ਇਹ ਕਾਲਜ ਅਤੇ ਯੂਨੀਵਰਸਿਟੀ ਪੱਧਰ ਤੱਕ ਵੀ ਪੜਾਈ ਜਾਣ ਲੱਗੀ। ਉਨਾਂ ਕਿਹਾ ਕਿ ਇਹ ਠੀਕ ਹੈ ਕਿ ਕਿਊਬਿਕ ਸੂਬੇ ਵਿਚ ਬਹੁਤੇ ਲੋਕ ਫ਼ਰੈਚ ਬੋਲਦੇ ਹਨ ਅਤੇ ਉੱਥੇ ਇਹ ਉਨਾਂ ਦੀ ਪਹਿਲੀ ਭਾਸ਼ਾ ਤੇ ਅੰਗਰੇਜ਼ੀ ਦੂਸਰੀ ਭਾਸ਼ਾ ਹੈ। ਕੈਨੇਡਾ ਸਰਕਾਰ ਨੇ ਹੋਰ ਖੇਤਰੀ ਭਾਸ਼ਾਵਾਂ ਨੂੰ ਪ੍ਰਫੁੱਲਤ ਕਰਨ ਦੀ ਬਜਾਏ ਇੱਥੇ ઑਮਲਟੀਪਲ ਕਲਚਰਿਜ਼ਮ਼ (Multiple Culturism) ਵੱਲ ਵਧੇਰੇ ਜ਼ੋਰ ਦਿੱਤਾ ਹੈ। ਕੋਈ ਵੀ ਭਾਸ਼ਾ ਓਨਾ ਚਿਰ ਪ੍ਰਮੁੱਖਤਾ ਹਾਸਲ ਨਹੀਂ ਕਰ ਸਕਦੀ ਜਿੰਨਾ ਚਿਰ ਉਸ ਨੂੰ ਕਿੱਤਾ-ਮੁਖੀ ਨਾ ਬਣਾਇਆ ਜਾਵੇ। ਡਾ. ਬਿਨਿੰਗ ਅਨੁਸਾਰ ਕੈਨੇਡਾ ਵਿਚ ਇਸ ਸਮੇਂ ਪੰਜਾਬੀ ਲੇਖਕਾਂ ਦੀ ਗਿਣਤੀ 400 ਤੋਂ 500 ਦੇ ਵਿਚਕਾਰ ਹੈ ਅਤੇ ਉਹ ਪੰਜਾਬੀ ਭਾਸ਼ਾ ਨੂੰ ਹੋਰ ਅੱਗੇ ਲਿਜਾਣ ਲਈ ਆਪਣਾ ਭਰਪੂਰ ਯੋਗਦਾਨ ਪਾ ਰਹੇ ਹਨ। ਇਸ ਦੇ ਨਾਲ ਹੀ ਉਨਾਂ ਖ਼ਦਸਾ ਪ੍ਰਗਟ ਕੀਤਾ ਕਿ ਸਾਡੀ ਅਗਲੀ ਪੀੜੀ ਪੰਜਾਬੀ ਪੜਨ ਵੱਲੋਂ ਕਿਨਾਰਾ ਕਰ ਰਹੀ ਹੈ ਅਤੇ ਇਸ ਵਿਚ ਦੋਸ਼ ਸਾਡਾ ਮਾਪਿਆਂ ਦਾ ਹੀ ਹੈ, ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਵੱਲ ਸਹੀ ਤਰਾਂ ਪ੍ਰੇਰਤ ਨਹੀਂ ਕਰ ਰਹੇ। ਆਪਣੇ ਸੰਬੋਧਨ ਦੌਰਾਨ ਉਨਾਂ ਦਿੱਲੀ ਵਿਚ ਚੱਲ ਰਹੇ ਭਾਰਤ ਦੇ ਕਿਸਾਨਾਂ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਚਲਾਏ ਜਾ ਰਹੇ ਦੇਸ਼-ਵਿਆਪੀ ਅੰਦੋਲਨ ਦਾ ਵੀ ਸੰਖੇਪ ਜ਼ਿਕਰ ਕੀਤਾ।
ਬਰੈਂਪਟਨ ਦੇ ਵਾਰਡ 9-10 ਦੀ ਸਕੂਲ-ਟਰੱਸਟੀ ਬਲਬੀਰ ਸੋਹੀ ਨੇ ਇਸ ਚਰਚਾ ਵਿਚ ਭਾਗ ਲੈਦਿਆਂ ਕਿਹਾ ਕਿ ਕੁਝ ਅਜਿਹੇ ਕੌੜੇ ਸੱਚ ਹਨ ਜਿਨਾਂ ਬਾਰੇ ਜਾਣਨ ਅਤੇ ਉਨਾਂ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਉਨਾਂ ਦੱਸਿਆ ਕਿ ਪੀਲ ਸਕੂਲ ਬੋਰਡ ਵੱਲੋਂ ਸ਼ਨੀਵਾਰ ਨੂੰ ਪੰਜਾਬੀ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ ਪਰ ਇਨਾਂ ਕਲਾਸਾਂ ਵਿਚ ਬੱਚੇ ਬਹੁਤ ਥੋੜੀ ਗਿਣਤੀ ਵਿਚ ਸ਼ਾਮਲ ਹੁੰਦੇ ਹਨ। ਪੰਜਾਬੀ ਪੜਨ ਵਾਲਿਆਂ ਦੀ ਗਿਣਤੀ ਘੱਟ ਹੋਣ ਕਾਰਨ ਹੀ ਇਹ ਸਕੂਲਾਂ ਵਿਚ ਲੋੜੀਂਦੇ ਕਰੈਡਿਟ ਲੈਣ ਲਈ ਇਹ ਅਖ਼ਤਿਆਰੀ ਵਿਸ਼ੇ ਵਜੋਂ ਬਹੁਤ ਥੋੜੇ ਸਕੂਲਾਂ ਵਿਚ ਪੜਾਈ ਜਾਂਦੀ ਹੈ। ਉਨਾਂ ਘਰਾਂ ਵਿਚ ਬੱਚਿਆਂ ਨਾਲ ਪੰਜਾਬੀ ਵਿਚ ਗੱਲ-ਬਾਤ ਕਰਨ ਅਤੇ ਉਨਾਂ ਨੂੰ ਪੰਜਾਬੀ ਭਾਸ਼ਾ ਵੱਲ ਪ੍ਰੇਰਨ ਕਰਨ ਲਈ ਕਿਹਾ। ਉਨਾਂ ਦੇ ਅਨੁਸਾਰ ઑਪੜ-ਮਾਪੇ਼ (ਦਾਦਾ-ਦਾਦੀ/ਨਾਨਾ-ਨਾਨੀ) ਇਸ ਵਿਚ ਆਪਣਾ ਵਧੇਰੇ ਯੋਗਦਾਨ ਪਾ ਸਕਦੇ ਹਨ। ਕੈਲਗਰੀ ਤੋਂ ਇਸ ਚਰਚਾ ਵਿਚ ਸ਼ਾਮਲ ਹੁੰਦਿਆਂ ਗੁਰਚਰਨ ਕੌਰ ਥਿੰਦ ਨੇ ਕਿਹਾ ਕਿ ਉੱਥੇ ਵੀ ਬਹੁਤ ਘੱਟ ਬੱਚੇ ਪੰਜਾਬੀ ਪੜ ਰਹੇ ਹਨ ਅਤੇ ਇਸ ਦੇ ਲਈ ਨਿੱਜੀ ਤੌਰ ‘ઑਤੇ ਕੁਝ ਵਿਅੱਕਤੀਆਂ ਤੇ ਸੰਸਥਾਵਾਂ ਵੱਲੋਂ ਬੇਸ਼ਕ ਕੁਝ ਯਤਨ ਕੀਤੇ ਜਾ ਰਹੇ ਹਨ ਪਰ ਅਲਬਰਟਾ ਸੂਬੇ ਦੀ ਸਰਕਾਰ ਵੱਲੋਂ ਕੋਈ ਸਾਰਥਿਕ ਕੋਸ਼ਿਸ਼ ਨਹੀਂ ਹੋ ਰਹੀ। ਇਸ ਦੌਰਾਨ ਚਿੰਤਕ ਤੇ ਕਵੀ ਸ਼ਮੀਲ, ਪਿਆਰਾ ਸਿੰਘ ਕੁੱਦੋਵਾਲ, ਬਲਰਾਜ ਚੀਮਾ, ਪੂਰਨ ਸਿੰਘ ਪਾਂਧੀ, ਪ੍ਰੋ. ਰਾਮ ਸਿੰਘ, ਪ੍ਰੋ. ਜਗੀਰ ਸਿੰਘ ਕਾਹਲੋਂ, ਕੰਪਿਊਟਰ-ਧਨੰਤਰ ਕ੍ਰਿਪਾਲ ਸਿੰਘ ਪੰਨੂੰ, ਮਲੂਕ ਸਿੰਘ ਕਾਹਲੋਂ, ਡਾ. ਅਮਰਜੀਤ ਸਿੰਘ ਬਨਵੈਤ ਤੇ ਹੋਰਨਾਂ ਵੱਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਡਾ. ਬਿਨਿੰਗ ਨੂੰ ਕਈ ਸੁਆਲ ਪੁੱਛੇ ਗਏ ਜਿਨਾਂ ਦੇ ਜੁਆਬ ਉਨਾਂ ਬੜੇ ਵਧੀਆ ਢੰਗੇ ਨਾਲ ਦਿੱਤੇ।
ਮੀਟਿੰਗ ਦੇ ਦੂਸਰੇ ਭਾਗ ਵਿਚ ਹੋਏ ਕਵੀ-ਦਰਬਾਰ ਦੀ ਸ਼ੁਰੂਆਤ ਇਕਬਾਲ ਬਰਾੜ ਵੱਲੋਂ ਗਾਏ ਗਏ ਇਤਿਹਾਸਕ ਇਨਕਲਾਬੀ-ਗੀਤ ઑਪੱਗੜੀ ਸੰਭਾਲ ਜੱਟਾ਼ ਨਾਲ ਕੀਤੀ ਗਈ ਜਿਸ ਤੋਂ ਬਾਅਦ ਕਵਿਤਾਵਾਂ ਤੇ ਗੀਤਾਂ ਦਾ ਦੌਰ ਸ਼ੁਰੂ ਗਿਆ। ਇਸ ਕਵੀ-ਦਰਬਾਰ ਵਿਚ ਕਮਲ ਜੌੜਾ, ਅਨੰਤ ਕੌਰ, ਡਾ. ਕ੍ਰਿਸ਼ਨ ਚੰਦਰ, ਗੁਰਚਰਨ ਥਿੰਦ, ਸੁਰਿੰਦਰਜੀਤ ਕੌਰ, ਬਲਜੀਤ ਭਲੂਰੀਆ, ਹਰਦਿਆਲ ਝੀਤਾ, ਪਰਮਜੀਤ ਦਿਓਲ, ਰਿੰਟੂ ਭਾਟੀਆ ਤੇ ਹੀਰਾ ਰੰਧਾਵਾ ਵੱਲੋਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ। ਮੀਟਿੰਗ ਵਿਚ ਪਰਮਜੀਤ ਢਿੱਲੋਂ, ਮਕਸੂਦ ਚੌਧਰੀ, ਦਰਸ਼ਨ ਸਿੰਘ ਦਰਸ਼ਨ, ਲਖਬੀਰ ਸਿੰਘ ਕਾਹਲੋਂ, ਇੰਜੀ. ਈਸ਼ਰ ਸਿੰਘ, ਰਛਪਾਲ ਗਿੱਲ, ਰਮਿੰਦਰ ਵਾਲੀਆ, ਸੁਰਜੀਤ ਕੌਰ, ਸੁਰਿੰਦਰ ਕੌਰ ਬਨਵੈਤ ਸਮੇਤ ਕਈ ਹੋਰ ਹਾਜ਼ਰ ਸਨ। ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਇਸ ਜ਼ੂਮ-ਮੀਟਿੰਗ ਵਿਚ ਸਮੂਹ ਮੈਂਬਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਦੇ ਤਕਨੀਕੀ ਪੱਖ ਨੂੰ ਡਾ. ਜਗਮੋਹਨ ਸੰਘਾ ਵੱਲੋਂ ਬਾਖ਼ੂਬੀ ਨਿਭਾਇਆ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …