ਵਲਾਦੀਮੀਰ ਪੂਤਿਨ ਅਤੇ ਨਰਿੰਦਰ ਮੋਦੀ ਨੇ ਗੈਰਰਸਮੀ ਸਿਖਰ ਸੰਮੇਲਨ ਦੌਰਾਨ ਆਲਮੀ ਮੁੱਦਿਆਂ ਨੂੰ ਵਿਚਾਰਿਆ
ਸੋਚੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਕਿਹਾ ਕਿ ਉਨ੍ਹਾਂ ਰੂਸੀ ਸਦਰ ਵਲਾਦੀਮੀਰ ਪੂਤਿਨ ਨਾਲ ‘ਬਹੁਤ ਹੀ ਲਾਹੇਵੰਦ’ ਗੱਲਬਾਤ ਕੀਤੀ ਤੇ ਇਸ ਦੌਰਾਨ ਭਾਰਤ-ਰੂਸ ਸਬੰਧਾਂ ਦੇ ਹਰ ਪੱਖ ਦੀ ਨਜ਼ਰਸਾਨੀ ਕੀਤੀ ਗਈ। ਦੋਵਾਂ ਆਗੂਆਂ ਨੇ ਆਪਣੇ ਪਹਿਲੇ ਗ਼ੈਰ-ਰਸਮੀ ਸਿਖਰ ਸੰਮੇਲਨ ਦੌਰਾਨ ਹੋਰ ਆਲਮੀ ਮੁੱਦਿਆਂ ਨੂੰ ਵੀ ਵਿਚਾਰਿਆ। ਇਹ ਗੱਲਬਾਤ ਤਿੰਨ ਘੰਟੇ ਤੋਂ ਵੱਧ ਸਮਾਂ ਚੱਲੀ। ਦੋਵਾਂ ਆਗੂਆਂ ਨੇ ਲੰਬਾ ਸਮਾਂ ਗ਼ੈਰਰਸਮੀ ਗੱਲਬਾਤ ਵੀ ਕੀਤੀ।
ਕਾਲਾ ਸਾਗਰ ਦੇ ਸਾਹਿਲ ‘ਤੇ ਸਥਿਤ ਇਸ ਖ਼ੂਬਸੂਰਤ ਰੂਸੀ ਸ਼ਹਿਰ ਵਿੱਚ ਆਪਣੀ ਗੱਲਬਾਤ ਤੋਂ ਬਾਅਦ ਦੋਵੇਂ ਆਗੂਆਂ ਨੇ ਗੱਲਬਾਤ ਵਾਲੇ ਸਥਾਨ ਬੋਸ਼ਰੇਵ ਕਰੀਕ ਤੋਂ ਇਥੋਂ ਦੇ ਓਲੰਪਿਕ ਪਾਰਕ ਤੱਕ ਕਿਸ਼ਤੀ ਸਵਾਰੀ ਕੀਤੀ ਤਾਂ ਕਿ ਉਨ੍ਹਾਂ ਨੂੰ ਵਿਚਾਰ-ਵਟਾਂਦਰੇ ਲਈ ਵਧੇਰੇ ਸਮਾਂ ਮਿਲ ਸਕੇ। ਰੂਸੀ ਖ਼ਬਰ ਏਜੰਸੀ ਤਾਸ ਮੁਤਾਬਕ ਪੂਤਿਨ ਨੇ ਮੋਦੀ ਨੂੰ ਕਿਸ਼ਤੀ ਫੇਰੀ ਦਾ ਸੱਦਾ ਦਿੱਤਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਆਪਣੀ ਟਵੀਟ ਵਿੱਚ ਕਿਹਾ, ”ਕਾਲਾ ਸਾਗਰ ਵਿਚ ਕਿਸ਼ਤੀ ਦੀ ਸਵਾਰੀ! ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸੀ ਰਾਸ਼ਟਰਪਤੀ ਪੂਤਿਨ ਨੇ ਬੋਸ਼ਰੇਵ ਕਰੀਕ ਤੋਂ ਓਲੰਪਿਕ ਪਾਰਕ ਸੋਚੀ ਤੱਕ ਬਹੁਤ ਸਾਰਾ ਵਿਚਾਰ-ਵਟਾਂਦਰਾ ਕੀਤਾ।” ਸਿਖਰ ਸੰਮੇਲਨ ਤੋਂ ਬਾਅਦ ਮੋਦੀ ਵਤਨ ਵਾਪਸੀ ਲਈ ਰਵਾਨਾ ਹੋ ਗਏ।
ਇਸ ਤੋਂ ਪਹਿਲਾਂ ਇਥੇ ਆਪਣੇ ਸਵਾਗਤੀ ਸਮਾਗਮ ਦੌਰਾਨ ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਦੀ ਰਣਨੀਤਕ ਭਾਈਵਾਲੀ ਹੁਣ ਤਰੱਕੀ ਕਰ ਕੇ ‘ਖ਼ਾਸ ਤਰਜੀਹੀ ਰਣਨੀਤਕ ਭਾਈਵਾਲੀ’ ਬਣ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਬਹੁਤ ਪੁਰਾਣੇ ਦੋਸਤ ਹਨ ਅਤੇ ਉਨ੍ਹਾਂ ਦੀ ਦੋਸਤੀ ਅਟੁੱਟ ਹੈ। ਉਨ੍ਹਾਂ ਕਿਹਾ, ”ਮੈਂ ਸਦਰ ਪੂਤਿਨ ਦਾ ਧੰਨਵਾਦੀ ਹਾਂ, ਜਿਨ੍ਹਾਂ ਮੈਨੂੰ ਗ਼ੈਰਰਸਮੀ ਮੁਲਾਕਾਤ ਲਈ ਸੱਦਿਆ ਅਤੇ ਇਸ ਤਰ੍ਹਾਂ ਸਾਡੀ ਪੁਰਾਣੀ ਦੋਸਤੀ ਦੌਰਾਨ ਸਾਡੇ ਰਿਸ਼ਤਿਆਂ ਵਿੱਚ ਇਕ ਨਵਾਂ ਪੱਖ ਜੁੜ ਗਿਆ ਹੈ।” ਉਨ੍ਹਾਂ ਕਿਹਾ, ”ਤੁਸੀਂ (ਦੋਵਾਂ ਮੁਲਕਾਂ ਦੇ) ਦੁਵੱਲੇ ਰਿਸ਼ਤਿਆਂ ਵਿੱਚ ਗ਼ੈਰਰਸਮੀ ਸਿਖਰ ਸੰਮੇਲਨ ਦਾ ਇਕ ਨਵਾਂ ਪੱਖ ਜੋੜ ਦਿੱਤਾ ਹੈ, ਜੋ ਮੇਰੇ ਖ਼ਿਆਲ ਵਿੱਚ ਇਕ ਵਧੀਆ ਮੌਕਾ ਹੈ, ਜਿਸ ਨਾਲ ਭਰੋਸਾ ਵਧੇਗਾ।” ਉਨ੍ਹਾਂ ਇਸ ਮੌਕੇ 2001 ਵਿੱਚ ਉਦੋਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਆਪਣੀ ਪਹਿਲੀ ਰੂਸ ਫੇਰੀ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪੂਤਿਨ ਅਜਿਹੇ ਪਹਿਲੇ ਆਲਮੀ ਆਗੂ ਸਨ, ਜਿਨ੍ਹਾਂ ਨਾਲ ਉਨ੍ਹਾਂ ਗੁਜਰਾਤ ਦਾ ਮੁੱਖ ਮੰਤਰੀ ਬਣਨ ਪਿੱਛੋਂ ਮੁਲਾਕਾਤ ਕੀਤੀ ਸੀ। ਉਨ੍ਹਾਂ ਪੂਤਿਨ ਨੂੰ ਸੰਬੋਧਨ ਕਰਦਿਆਂ ਕਿਹਾ, ”ਮੇਰੇ ਸਿਆਸੀ ਕਰੀਅਰ ਵਿੱਚ ਰੂਸ ਤੇ ਤੁਹਾਡੀ ਬਹੁਤ ਅਹਿਮੀਅਤ ਹੈ।” ਉਨ੍ਹਾਂ ਕਿਹਾ ਕਿ ਉਸ ਫੇਰੀ ਦੌਰਾਨ ਵਾਜਵਾਈ ਤੇ ਪੂਤਿਨ ਨੇ ਜਿਸ ‘ਰਣਨੀਤਕ ਭਾਈਵਾਲੀ’ ਦੇ ਬੀਜ ਬੀਜੇ ਸਨ, ਉਹ ਹੁਣ ਵਧ-ਫੁੱਲ ਕੇ ‘ਵਿਸ਼ੇਸ਼ ਤਰਜੀਹੀ ਰਣਨੀਤਕ ਭਾਈਵਾਲੀ’ ਦਾ ਰੂਪ ਲੈ ਚੁੱਕੇ ਹਨ, ਜੋ ਆਪਣੇ-ਆਪ ਵਿੱਚ ‘ਇਕ ਵੱਡਾ ਹਾਸਲ’ ਹੈ।
ਉਨ੍ਹਾਂ ਭਾਰਤ ਦੇ ਸ਼ੰਘਾਈ ਸਹਿਯੋਗ ਸੰਸਥਾ (ਐਸਸੀਓ) ਦਾ ਪੱਕਾ ਮੈਂਬਰ ਬਣਨ ਲਈ ਰੂਸ ਵੱਲੋਂ ਨਿਭਾਏ ਮੁੱਖ ਕਿਰਦਾਰ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘ਅਸੀਂ ਕੌਮਾਂਤਰੀ ਉਤਰ-ਦੱਖਣ ਟਰਾਂਸਪੋਰਟ ਲਾਂਘੇ (ਆਈਐਨਐਸਟੀਸੀ) ਅਤੇ ਬਰਿਕਸ ਸਬੰਧੀ ਵੀ ਮਿਲ ਕੇ ਕੰਮ ਕਰ ਰਹੇ ਹਾਂ।” ਉਨ੍ਹਾਂ ਭਾਰੀ ਬਹੁਮਤ ਨਾਲ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਬਣਨ ਲਈ ਪੂਤਿਨ ਨੂੰ ਮੁਬਾਰਕਬਾਦ ਦਿੱਤੀ।
ਪੂਤਿਨ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਦੀ ਰੂਸ ਫੇਰੀ ਨਾਲ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਤਾਜ਼ਾਪਣ ਮਿਲਿਆ ਹੈ। ਉਨ੍ਹਾਂ ਕਿਹਾ, ”ਸਾਡੇ ਰੱਖਿਆ ਮੰਤਰਾਲਿਆਂ ਦਾ ਬੜਾ ਕਰੀਬੀ ਸੰਪਰਕ ਤੇ ਸਹਿਯੋਗ ਹੈ। ਇਸ ਤੋਂ ਸਾਡੀ ਬਹੁਤ ਉੱਚ-ਪੱਧਰੀ ਰਣਨੀਤਕ ਭਾਈਵਾਲੀ ਦਾ ਪਤਾ ਲੱਗਦਾ ਹੈ।” ਉਨ੍ਹਾਂ ਆਲਮੀ ਸਿਆਸਤ ਵਿੱਚ, ਖ਼ਾਸਕਰ ਸੰਯੁਕਤ ਰਾਸ਼ਟਰ, ਬਰਿਕਸ (ਬਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫ਼ਰੀਕਾ ਸੰਘ) ਤੇ ਐਸਸੀਓ ਵਿੱਚ, ਦੋਵਾਂ ਮੁਲਕਾਂ ਵੱਲੋਂ ਮਿਲ ਕੇ ਕੰਮ ਕਰਨ ਦੀ ਵੀ ਸ਼ਲਾਘਾ ਕੀਤੀ। ਪੂਤਿਨ ਨੇ ਕਿਹਾ ਕਿ ਪਿਛਲੇ ਵਰ੍ਹੇ ਦੋਵਾਂ ਮੁਲਕਾਂ ਦੇ ਆਪਸੀ ਵਪਾਰ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਇਸ ਵਰ੍ਹੇ ਹੁਣ ਤੱਕ ਇਹ 17 ਫ਼ੀਸਦੀ ਹੋਰ ਵਧਿਆ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …