Breaking News
Home / ਦੁਨੀਆ / ਕਾਬੁਲ ਦੇ ਗੁਰਦੁਆਰੇ ‘ਚ ਰਹਿੰਦੇ 150 ਤੋਂ ਵੱਧ ਸਿੱਖ ਭਾਰਤ ਆਉਣ ਲਈ ਕਾਹਲੇ

ਕਾਬੁਲ ਦੇ ਗੁਰਦੁਆਰੇ ‘ਚ ਰਹਿੰਦੇ 150 ਤੋਂ ਵੱਧ ਸਿੱਖ ਭਾਰਤ ਆਉਣ ਲਈ ਕਾਹਲੇ

ਬੇਸਬਰੀ ਨਾਲ ਕਰ ਰਹੇ ਨੇ ਵੀਜ਼ਿਆਂ ਦੀ ਉਡੀਕ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਬੁਲ ਸਥਿਤ ਜਿਸ ਗੁਰਦੁਆਰੇ ਕਰਤੇ ਪਰਵਾਨ ‘ਚ ਲੰਘੇ ਸ਼ਨਿਚਰਵਾਰ ਨੂੰ ਹਮਲਾ ਹੋ ਗਿਆ ਸੀ, ਉਸ ਵਿੱਚ ਰਹਿੰਦੇ 150 ਤੋਂ ਵੱਧ ਸਿੱਖ ਤਾਲਿਬਾਨ ਵੱਲੋਂ ਅਫਗਾਨਿਸਤਾਨ ਦੀ ਸੱਤਾ ਸੰਭਾਲੇ ਜਾਣ ਦੇ ਬਾਅਦ ਤੋਂ ਭਾਰਤ ਆਉਣ ਲਈ ਕਾਫੀ ਬੇਸਬਰੀ ਨਾਲ ਵੀਜ਼ਿਆਂ ਦੀ ਉਡੀਕ ਕਰ ਰਹੇ ਹਨ। ਇਹ ਜਾਣਕਾਰੀ ਇਸ ਧਾਰਮਿਕ ਸਥਾਨ ਦੇ ਪ੍ਰਧਾਨ ਨੇ ਦਿੱਤੀ।
ਗੁਰਦੁਆਰਾ ਕਰਤੇ ਪਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਕਾਬੁਲ ਤੋਂ ਫੋਨ ‘ਤੇ ਗੱਲਬਾਤ ਦੌਰਾਨ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉੱਥੇ ਫਸੇ ਸਿੱਖਾਂ ਤੇ ਹਿੰਦੂਆਂ ਨੂੰ ਕੱਢਣ ਲਈ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾਣ।
ਸਰਕਾਰੀ ਸੂਤਰਾਂ ਨੇ ਕਿਹਾ ਕਿ 18 ਜੂਨ ਨੂੰ ਕਾਬੁਲ ਦੇ ਗੁਰਦੁਆਰੇ ‘ਤੇ ਹੋਏ ਹਮਲੇ ਮਗਰੋਂ ਭਾਰਤ ਨੇ ਅਫਗਾਨਿਸਤਾਨ ਵਿੱਚ ਰਹਿੰਦੇ 100 ਤੋਂ ਵੱਧ ਸਿੱਖਾਂ ਤੇ ਹਿੰਦੂਆਂ ਨੂੰ ਪਹਿਲ ਦੇ ਆਧਾਰ ‘ਤੇ ਈ-ਵੀਜ਼ਾ ਜਾਰੀ ਕੀਤੇ ਹਨ। ਹਾਲ ਹੀ ਵਿੱਚ ਹੋਏ ਹਮਲੇ ਦੌਰਾਨ ਗੁਰਦੁਆਰੇ ਨੇੜੇ ਕਈ ਧਮਾਕੇ ਹੋਏ ਸਨ, ਜਿਸ ਨੂੰ ਭਾਰਤ ਨੇ ਕਾਇਰਾਨਾ ਹਮਲਾ ਕਰਾਰ ਦਿੱਤਾ।
ਗੁਰਨਾਮ ਸਿੰਘ ਨੇ ਕਿਹਾ, ”ਤਾਲਿਬਾਨ ਦੀ ਵਾਪਸੀ ਦੇ ਬਾਅਦ ਤੋਂ ਕਾਬੁਲ ਦੇ ਇਸ ਗੁਰਦੁਆਰੇ ਵਿੱਚ ਰਹਿੰਦੇ 150 ਤੋਂ ਵੱਧ ਅਫ਼ਗਾਨੀ ਸਿੱਖ ਜਲਦੀ ਤੋਂ ਜਲਦੀ ਭਾਰਤ ਆਉਣਾ ਚਾਹੁੰਦੇ ਹਨ। ਉਨ੍ਹਾਂ ਕੋਲ ਵੀ ਪ੍ਰਮਾਣਕ ਭਾਰਤੀ ਵੀਜ਼ੇ ਸਨ ਪਰ ਉਹ ਤਾਲਿਬਾਨ ਦੇ ਸੱਤਾ ਸੰਭਾਲੇ ਜਾਣ ਮਗਰੋਂ ਰੱਦ ਹੋ ਗਏ ਸਨ। ਉਹ ਕਾਬੁਲ ਸਥਿਤ ਆਪਣੀਆਂ ਦੁਕਾਨਾਂ ਵੇਚ ਕੇ ਸਥਾਈ ਤੌਰ ‘ਤੇ ਭਾਰਤ ਆਉਣ ਦੇ ਚਾਹਵਾਨ ਹਨ। ਉਹ ਜਾਗ ਕੇ ਰਾਤਾਂ ਗੁਜ਼ਾਰ ਰਹੇ ਹਨ ਅਤੇ ਗਿਣ-ਗਿਣ ਕੇ ਦਿਨ ਲੰਘਾ ਰਹੇ ਹਨ।” ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਨੁਕਸਾਨੇ ਗਏ ਗੁਰਦੁਆਰਾ ਸਾਹਿਬ ਦੀ ਮੁਰੰਮਤ ਲਈ ਸਹਿਯੋਗ ਦੀ ਪੇਸ਼ਕਸ਼ ਕੀਤੀ ਪਰ ਅਜਿਹੇ ਸਮੇਂ ਵਿੱਚ ਭਾਰਤ ਸਰਕਾਰ ਨੂੰ ਵੀ ਕਦਮ ਉਠਾਉਣਾ ਚਾਹੀਦਾ ਹੈ। ਹਿੰਦੂਆਂ ਤੇ ਸਿੱਖਾਂ ਨੂੰ ਉੱਥੋਂ ਕੱਢਣ ਲਈ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪ੍ਰਕਿਰਿਆ ਅਜੇ ਖ਼ਤਮ ਨਹੀਂ ਹੋਈ ਹੈ। ਅਜੇ ਵੀ ਕਈ ਅਜਿਹੇ ਹਨ ਜੋ ਭਾਰਤ ਆਉਣ ਦੇ ਚਾਹਵਾਨ ਹਨ।

 

ਅਫਗਾਨੀ ਸਿੱਖਾਂ ਦੇ ਮੁੜ-ਵਸੇਬੇ ਦਾ ਪ੍ਰਬੰਧ ਕਰੇ ਕੇਂਦਰ ਸਰਕਾਰ : ਐਡਵੋਕੇਟ ਧਾਮੀ
ਦਿੱਲੀ ਵਿੱਚ ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਬੁਲ ਵਿੱਚ ਗੁਰਦੁਆਰਾ ਕਰਤੇ ਪ੍ਰਵਾਨ ‘ਤੇ ਹੋਏ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਸ਼ਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ। ਇਸ ਮਗਰੋਂ ਉਨ੍ਹਾਂ ਦਿੱਲੀ ਦੇ ਤਿਲਕ ਨਗਰ ਸਥਿਤ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਵਿੱਚ ਸ਼ਵਿੰਦਰ ਸਿੰਘ ਨਮਿਤ ਕੀਤੀ ਗਈ ਅੰਤਿਮ ਅਰਦਾਸ ਵਿੱਚ ਵੀ ਸ਼ਮੂਲੀਅਤ ਕੀਤੀ। ਮ੍ਰਿਤਕ ਦੀ ਪਤਨੀ ਪਾਲ ਕੌਰ, ਬਰਤਾਨੀਆ ਤੋਂ ਪੁੱਜੇ ਉਨ੍ਹਾਂ ਦੇ ਪੁੱਤਰ ਅਜਮੀਤ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਫਗਾਨਿਸਤਾਨ ਦੇ ਸਿੱਖਾਂ ਨਾਲ ਹੈ ਤੇ ਲੋੜ ਅਨੁਸਾਰ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਭਾਰਤ ਸਰਕਾਰ ਅਫ਼ਗਾਨ ਸਿੱਖਾਂ ਨੂੰ ਭਾਰਤ ਲਿਆ ਕੇ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇ ਤੇ ਇਸ ਮਾਮਲੇ ਵਿੱਚ ਸਿੱਖ ਸੰਸਥਾ ਵੀ ਹਰ ਸੰਭਵ ਮਦਦ ਕਰੇਗੀ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਤੇ ਹੋਰ ਭਾਰਤੀਆਂ ਦੀ ਸੁਰੱਖਿਆ ਲਈ ਸਮੇਂ ਸਿਰ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਅਜਿਹੀ ਮੰਦਭਾਗੀ ਘਟਨਾ ਮੁੜ ਨਾ ਵਾਪਰੇ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਮੂਹ ਅਫ਼ਗਾਨ ਸਿੱਖਾਂ ਨੂੰ ਭਾਰਤ ਲਿਆ ਕੇ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇ ਤੇ ਉਨ੍ਹਾਂ ਲਈ ਰੁਜ਼ਗਾਰ ਵੀ ਮੁਹੱਈਆ ਕਰਵਾਏ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …