Breaking News
Home / ਦੁਨੀਆ / ਬ੍ਰਿਟੇਨ ਦੇ ਸੰਸਦ ਮੈਂਬਰਾਂ ਨੂੰ ਵੀ ਭਾਰਤ ਦੇ ਕਿਸਾਨਾਂ ਦੀ ਚਿੰਤਾ

ਬ੍ਰਿਟੇਨ ਦੇ ਸੰਸਦ ਮੈਂਬਰਾਂ ਨੂੰ ਵੀ ਭਾਰਤ ਦੇ ਕਿਸਾਨਾਂ ਦੀ ਚਿੰਤਾ

36 ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ
ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਵਿਚ ਵੱਖ-ਵੱਖ ਪਾਰਟੀਆਂ ਦੇ 36 ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਡੌਮੀਨਿਕ ਰਾਬ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਭਾਰਤ ਵਿਚ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦਾ ਬ੍ਰਿਟਿਸ਼ ਪੰਜਾਬੀਆਂ ‘ਤੇ ਪੈ ਰਹੇ ਅਸਰ ਬਾਰੇ ਉਹ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨੂੰ ਜਾਣੂ ਕਰਾਉਣ।ਇਸ ਪੱਤਰ ਨੂੰ ਲੇਬਰ ਪਾਰਟੀ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਤਿਆਰ ਕੀਤਾ ਹੈ ਜਿਸ ‘ਤੇ ਭਾਰਤੀ ਮੂਲ ਦੇ ਕਈ ਸੰਸਦ ਮੈਂਬਰਾਂ ਦੇ ਵੀ ਦਸਤਖ਼ਤ ਹਨ। ਇਨ੍ਹਾਂ ਆਗੂਆਂ ਵਿਚ ਵੀਰੇਂਦਰ ਸ਼ਰਮਾ, ਸੀਮਾ ਮਲਹੋਤਰਾ ਅਤੇ ਵੇਲੇਰੀ ਵਾਜ਼ ਅਤੇ ਸਾਬਕਾ ਲੇਬਰ ਆਗੂ ਜੈਰੇਮੀ ਕੌਰਬਿਨ ਵੀ ਸ਼ਾਮਲ ਹਨ। ਕਿਸਾਨਾਂ ਦੇ ਅੰਦੋਲਨ ਬਾਰੇ ਵਿਦੇਸ਼ੀ ਆਗੂਆਂ ਦੇ ਬਿਆਨਾਂ ‘ਤੇ ਪ੍ਰਤੀਕਰਮ ਦਿੰਦਿਆਂ ਭਾਰਤ ਨੇ ਕਿਹਾ ਹੈ ਕਿ ਅਜਿਹੀਆਂ ਟਿੱਪਣੀਆਂ ਗੁੰਮਰਾਹਕੁਨ ਜਾਣਕਾਰੀ ‘ਤੇ ਆਧਾਰਿਤ ਹਨ ਜੋ ਢੁੱਕਵੀਆਂ ਨਹੀਂ ਹਨ ਕਿਉਂਕਿ ਇਹ ਮਾਮਲਾ ਜਮਹੂਰੀ ਮੁਲਕ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕਈ ਆਗੂਆਂ ਨੇ ਕਿਸਾਨ ਅੰਦੋਲਨ ‘ਤੇ ਚਿੰਤਾ ਪ੍ਰਗਟਾਈ ਸੀ। ਲਾਰਡ ਇੰਦਰਜੀਤ ਸਿੰਘ ਨੇ ਇਹ ਮੁੱਦਾ ਹਾਊਸ ਆਫ਼ ਲਾਰਡਜ਼ ਵਿਚ ਵੀ ਉਠਾਇਆ ਹੈ। ਯੂਕੇ ਕੈਬਨਿਟ ਦਫ਼ਤਰ ਬਾਰੇ ਮੰਤਰੀ ਲਾਰਡ ਨਿਕੋਲਸ ਟਰੂ ਨੇ ਸਦਨ ਵਿਚ ਇਸ ਦਾ ਜਵਾਬ ਦਿੰਦਿਆਂ ਕਿਸੇ ਮੁਲਕ ਖ਼ਿਲਾਫ਼ ਨਿਖੇਧੀ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਮੁਲਕ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ।
ਢੇਸੀ ਸਮੇਤ 36 ਸੰਸਦ ਮੈਂਬਰਾਂ ਨੇ ਕਿਸਾਨਾਂ ਨੂੰ ਦਿੱਤੀ ਹਮਾਇਤ
ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਸਮੇਤ 36 ਸੰਸਦ ਮੈਂਬਰਾਂ ਨੇ ਦਿੱਲੀ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ ਫਿਕਰ ਜ਼ਾਹਰ ਕੀਤਾ ਹੈ। ਜਲੰਧਰ ਜ਼ਿਲ੍ਹੇ ਦੇ ਪਿੰਡ ਰਾਏਪੁਰ ਦੇ ਪਿਛੋਕੜ ਵਾਲੇ ਢੇਸੀ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਸੰਘਰਸ਼ ਦੇ ਹਾਮੀ ਹਨ। ਉਨ੍ਹਾਂ ਕਿਹਾ ਕਿ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਪੱਤਰ ਲਿਖਿਆ ਗਿਆ ਹੈ। ਢੇਸੀ ਨੇ ਕਿਹਾ ਕਿ ਅਕਤੂਬਰ ਵਿਚ ਉਨ੍ਹਾਂ ਇਕ ਮੀਟਿੰਗ ਸੱਦੀ ਸੀ ਜਿਸ ਵਿਚ ਕਿਸਾਨ ਸੰਘਰਸ਼ ਬਾਰੇ ਚਰਚਾ ਹੋਈ ਸੀ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …