ਸਰਹੱਦ ਪਾਰੋਂ ਹੋ ਰਹੀ ਨਸ਼ਿਆਂ ਦੀ ਤਸਕਰੀ ’ਤੇ ਪ੍ਰਗਟਾਈ ਚਿੰਤਾ
ਚੰਡੀਗੜ੍ਹ/ਬਿਊਰੋ ਨਿਊਜ਼
ਅੰਮਿ੍ਰਤਸਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਦੇ ਖਿਲਾਫ ਤੁਰੰਤ ਰਾਸ਼ਟਰੀ ਕਾਰਵਾਈ ਕਰਨ ਲਈ ਇਕ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਅੰਮਿ੍ਰਤਸਰ ਜ਼ਿਲ੍ਹੇ ਦੇ ਸਰਹੱਦੀ ਖ਼ੇਤਰਾਂ ਵਿਚ ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਦੇ ਚੱਲ ਰਹੇ ਅਤੇ ਵਧਦੇ ਸੰਕਟ ਦੇ ਸੰਬੰਧ ਵਿਚ ਗੰਭੀਰ ਚਿੰਤਾ ਤੇ ਇਕ ਡੂੰਘੀ ਤੱਤਪਰਤਾ ਨਾਲ ਪੱਤਰ ਲਿਖ ਰਿਹਾ ਹਾਂ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਲਪੇਟ ਵਿਚ ਆ ਕੇ ਹੁਣ ਤੱਕ 2 ਲੱਖ ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਇਹ ਸਾਡੇ ਸੂਬੇ ਦੇ ਨੌਜਵਾਨਾਂ, ਪਰਿਵਾਰਾਂ ਅਤੇ ਭਵਿੱਖ ’ਤੇ ਲਗਾਤਾਰ ਤੇ ਜਾਣਬੁੱਝ ਕੇ ਕੀਤਾ ਗਿਆ ਹਮਲਾ ਹੈ ਅਤੇ ਇਹ ਅੱਤਵਾਦ ਤੋਂ ਘੱਟ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪੱਤਰ ਸਿਰਫ਼ ਇਕ ਅਪੀਲ ਨਹੀਂ ਸਗੋਂ ਬਾਰਡਰ ਦੇ ਲੋਕਾਂ ਵਲੋਂ ਇਕ ਮੰਗ ਹੈ ਕਿ ਇਸ ’ਤੇ ਕਾਰਵਾਈ ਕੀਤੀ ਜਾਵੇ।