
ਪਾਇਲਟ ਸਣੇ ਛੇ ਵਿਅਕਤੀਆਂ ਦੀ ਮੌਤ
ਨਿਊਯਾਰਕ/ਬਿਊਰੋ ਨਿਊਜ਼
ਨਿਊਯਾਰਕ ਵਿਚ ਸੈਰ-ਸਪਾਟੇ ਲਈ ਇਸਤੇਮਾਲ ਹੋਣ ਵਾਲੇ ਹੈਲੀਕਾਪਟਰ ਦੇ ਉਡਾਨ ਭਰਨ ਦੌਰਾਨ ਹਵਾ ਵਿਚ ਦੋ ਟੋਟੇ ਹੋ ਗਏ ਤੇ ਇਹ ਹੈਲੀਕਾਪਟਰ ਹਡਸਨ ਨਦੀ ਵਿਚ ਜਾ ਡਿੱਗਿਆ। ਹਾਦਸੇ ਵਿਚ ਹੈਲੀਕਾਪਟਰ ਸਵਾਰ ਪਾਇਲਟ ਤੇ ਸਪੇਨ ਦੇ ਪੰਜ ਸੈਲਾਨੀਆਂ ਦੀ ਮੌਤ ਹੋ ਗਈ। ਜਾਂਚ ਨਾਲ ਜੁੜੇ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਮਿ੍ਰਤਕਾਂ ਵਿਚ ਪਾਇਲਟ ਤੋਂ ਇਲਾਵਾ ਉੱਘੀ ਕੰਪਨੀ ਸੀਮਨਸ ਦੇ ਕਾਰਜਕਾਰੀ ਅਧਿਕਾਰੀ ਅਤੇ ਉਨ੍ਹਾਂ ਦੀ ਪਤਨੀ ਤੇ ਤਿੰਨ ਬੱਚੇ ਸ਼ਾਮਲ ਹਨ। ਹੈਲੀਕਾਪਟਰ ਨੇ ਮੈਨਹਟਨ ਦੇ ਉੱਤਰ ਵੱਲ ਤੇ ਮਗਰੋਂ ‘ਸਟੈਚੂ ਆਫ ਲਿਬਰਟੀ’ ਵੱਲ 18 ਮਿੰਟ ਤੋਂ ਵੀ ਘੱਟ ਸਮੇਂ ਲਈ ਉਡਾਨ ਭਰੀ। ਹਾਦਸੇ ਦੇ ਕੁਝ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਹੈਲੀਕਾਪਟਰ ਦੇ ਕੁਝ ਹਿੱਸੇ ਹਵਾ ਵਿਚ ਉੱਛਲ ਕੇ ਜਰਸੀ ਸਿਟੀ, ਨਿਊਜਰਸੀ ਦੇ ਸਾਹਿਲ ਕੋਲ ਪਾਣੀ ਵਿਚ ਡਿੱਗਦੇ ਦਿਖਾਈ ਦੇ ਰਹੇ ਸਨ।