
ਸ਼ਿਮਲਾ ਅਤੇ ਮਨਾਲੀ ਵਿਚ ਸੀਜ਼ਨ ਦੀ ਪਹਿਲੀ ਬਰਫਬਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਸਣੇ ਉਤਰੀ ਭਾਰਤ ’ਚ ਭਰਵਾਂ ਮੀਂਹ ਪਿਆ ਅਤੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਇਸ ਬਦਲੇ ਮੌਸਮ ਦੌਰਾਨ ਤਾਪਮਾਨ ਵਿਚ ਵੀ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਵੀ ਮੀਂਹ ਅਤੇ ਬਰਫਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਹਿਮਾਚਲ ਦੇ ਸ਼ਿਮਲਾ ਅਤੇ ਮਨਾਲੀ ਵਿਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਹੈ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਮੈਦਾਨੀ ਅਤੇ ਪਹਾੜੀ ਜ਼ਿਲ੍ਹਿਆਂ ਵਿਚ ਬਰਫਬਾਰੀ ਜਾਰੀ ਹੈ। ਸ੍ਰੀਨਗਰ ਏਅਰਪੋਰਟ ’ਤੇ ਕਰੀਬ 4 ਇੰਚ ਤੱਕ ਬਰਫ ਜੰਮ ਗਈ ਹੈ ਅਤੇ ਇਸ ਕਰਕੇ ਹਵਾਈ ਉਡਾਣਾਂ ਵੀ ਰੱਦ ਕਰਨੀਆਂ ਪਈਆਂ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ 2 ਦਿਨਾਂ ਦੌਰਾਨ ਗੜ੍ਹੇਮਾਰੀ ਹੋ ਸਕਦੀ ਹੈ ਅਤੇ ਹੋਰ ਮੀਂਹ ਪੈ ਸਕਦਾ ਹੈ। ਇਸਦੇ ਨਾਲ ਹੀ ਤੇਜ਼ ਹਵਾਵਾਂ ਚੱਲਣ ਦਾ ਵੀ ਅਨੁਮਾਨ ਲਗਾਇਆ ਗਿਆ ਹੈ।

