
ਚੰਡੀਗੜ੍ਹ/ਬਿਊੁਰੋ ਨਿਊਜ਼
ਪੰਜਾਬ ਸਰਕਾਰ ਵਲੋਂ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਵਿਚ ਫਰਜ਼ੀ ਤਰੀਕੇ ਨਾਲ ਅਮਰੂਦਾਂ ਦੇ ਬਾਗ ਦਿਖਾ ਕੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟਰੋਟ (ਈਡੀ) ਨੇ ਜਾਂਚ ਤੇਜ਼ ਕਰ ਦਿੱਤੀ ਹੈ। ਇਸਦੇ ਚੱਲਦਿਆਂ ਈਡੀ ਦੀ ਟੀਮ ਨੇ ਇਸ ਮਾਮਲੇ ਵਿਚ ਅੱਜ ਬੁੱਧਵਾਰ ਨੂੰ ਚੰਡੀਗੜ੍ਹ, ਮੁਹਾਲੀ ਅਤੇ ਫਿਰੋਜ਼ਪੁਰ ਸਣੇ 22 ਜਗ੍ਹਾ ’ਤੇ ਰੇਡ ਕੀਤੀ ਹੈ। ਏਜੰਸੀ ਵੱਲੋਂ ਜਿਨ੍ਹਾਂ ਥਾਵਾਂ ’ਤੇ ਛਾਪੇ ਮਾਰੇ ਗਏ ਹਨ, ਉਨ੍ਹਾਂ ਵਿੱਚ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਰਿਹਾਇਸ਼ ਵੀ ਸ਼ਾਮਲ ਹੈ। ਜਾਂਚ ਏਜੰਸੀ ਨੇ ਪੰਜਾਬ ਦੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਦੇ ਚੰਡੀਗੜ੍ਹ ਸਥਿਤ ਘਰ ’ਤੇ ਛਾਪਾ ਮਾਰਿਆ ਹੈ ਤੇ ਈਡੀ ਦੀ ਟੀਮ ਨੇ ਕੁਝ ਸ਼ੱਕੀ ਦਸਤਾਵੇਜ਼ ਵੀ ਆਪਣੇ ਕਬਜ਼ੇ ਵਿਚ ਲੈ ਲਏ ਹਨ। ਇਸੇ ਤਰ੍ਹਾਂ ਈਡੀ ਦੀਆਂ ਵੱਖ ਵੱਖ ਟੀਮਾਂ ਵੱਲੋਂ ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜਲੇ ਪਿੰਡਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਅਮਰੂਦ ਬਾਗ ਘਪਲੇ ਵਿੱਚ ਪੰਜਾਬ ਦੇ ਕਈ ਸੀਨੀਅਰ ਆਈਏਐੱਸ ਅਧਿਕਾਰੀ, ਗਮਾਡਾ ਅਧਿਕਾਰੀਆਂ ਸਮੇਤ ਮਾਲ ਵਿਭਾਗ, ਰੈਵੇਨਿਊ ਵਿਭਾਗ ਅਤੇ ਬਾਗਬਾਨੀ ਵਿਭਾਗ ਦੇ ਕਈ ਅਧਿਕਾਰੀ ਨਾਮਜ਼ਦ ਹਨ।