ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਅਤੇ ਹੁਸ਼ਿਆਰਪੁਰ ਤੋਂ ਅਨੀਤਾ ਸੋਮਪ੍ਰਕਾਸ਼ ਨੂੰ ਬਣਾਇਆ ਉਮੀਦਵਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ 2024 ਦੇ ਲਈ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਅੱਜ 12ਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਅਨੁਸਾਰ ਪੰਜਾਬ ਦੇ 3, ਉਤਰ ਪ੍ਰਦੇਸ਼ 2 ਜਦਕਿ ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਦੇ 1-1 ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਪਰਮਪਾਲ ਕੌਰ ਸਿੱਧੂ ਨੂੰ, ਹੁਸ਼ਿਆਰਪੁਰ ਤੋਂ ਅਨੀਤਾ ਸੋਮਪ੍ਰਕਾਸ਼ ਅਤੇ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਜਦਕਿ ਉਤਰ ਪ੍ਰਦੇਸ਼ ਦੀ ਫਿਰੋਜ਼ਾਬਾਦ ਸੀਟ ਤੋਂ ਠਾਕੁਰ ਵਿਸ਼ਵਦੀਪ ਸਿੰਘ ਅਤੇ ਦੇਵਰੀਆ ਸੀਟ ਤੋਂ ਸਸ਼ਾਂਕ ਮਣੀ ਤਿ੍ਰਪਾਠੀ ਨੂੰ ਉਮੀਦਵਾਰ ਬਣਾਇਆ ਹੈ। ਇਸ ਤਰ੍ਹਾਂ ਮਹਾਰਾਸ਼ਟਰ ਦੀ ਸਤਾਰਾ ਸੀਟ ਤੋਂ ਛਤਰਪਤੀ ਉਦੇਨਰਾਜੇ ਭੌਂਸਲੇ ਜਦਕਿ ਪੱਛਮੀ ਬੰਗਾਲ ਦੀ ਡਾਇਮੰਡ ਹਾਰਬਰ ਸੀਟ ਤੋਂ ਅਭਿਜੀਤ ਦਾਸ ਬੌਬੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਸੀਟ ’ਤੇ ਬੌਬੀ ਦਾ ਮੁਕਾਬਲਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨਾਲ ਹੋਵੇਗਾ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਨੇ ਉੜੀਸਾ ਵਿਧਾਨ ਸਭਾ ਦੇ ਲਈ 21 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕੀਤਾ ਹੈ।