Breaking News
Home / ਪੰਜਾਬ / ਕਰੋਨਾ ਵਾਇਰਸ ਨੇ ਪ੍ਰਭਾਵਿਤ ਕੀਤਾ ਸ਼੍ਰੋਮਣੀ ਕਮੇਟੀ ਨੂੰ ਵੀ

ਕਰੋਨਾ ਵਾਇਰਸ ਨੇ ਪ੍ਰਭਾਵਿਤ ਕੀਤਾ ਸ਼੍ਰੋਮਣੀ ਕਮੇਟੀ ਨੂੰ ਵੀ

100 ਕਰੋੜ ਦੀ ਮਾਸਿਕ ਆਮਦਨ ਵਾਲੀ ਇਸ ਸੰਸਥਾ ਦੀ ਆਮਦਨ ‘ਚ 98 ਫੀਸਦੀ ਘਟੀ
ਸ੍ਰੀ ਆਨੰਦਪੁਰ ਸਾਹਿਬ : ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਆਰਥਿਕ ਸੰਕਟ ਵੱਲ ਨਾਲ ਵੱਧ ਰਹੀ ਹੈ। 100 ਕਰੋੜ ਦੀ ਮਾਸਿਕ ਆਮਦਨ ਵਾਲੀ ਇਸ ਸੰਸਥਾ ਦੀ ਆਮਦਨ ‘ਚ 98 ਫੀਸਦ ਤੱਕ ਘਟ ਗਈ ਹੈ। ਸ਼੍ਰੋਮਣੀ ਕਮੇਟੀ ਸਿੱਖਾਂ ਨੂੰ ਇਕਜੁੱਟ ਰੱਖਣ, ਗੁਰੂ ਘਰਾਂ ਦੇ ਪ੍ਰਬੰਧਾਂ ਚਲਾਉਣ ਅਤੇ ਸਿੱਖਾਂ ਦੇ ਕੌਮੀ ਮਸਲਿਆਂ ਦੀ ਤਰਜ਼ਮਾਨੀ ਕਰਦੀ ਹੈ। ਪਰ ਬੀਤੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਦੀ ਆਮਦਨ ‘ਚ ਭਾਰੀ ਕਮੀ ਦਰਜ ਕੀਤੀ ਗਈ ਹੈ ਤੇ ਖਰਚਿਆਂ ‘ਚ ਵਾਧਾ ਦਰਜ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਹਰ ਸਾਲ ਦੇ ਬਜਟ ਵਿੱਚ ਪਿਛਲੇ ਸਾਲ ਦੇ ਮੁਕਾਬਲੇ 10 ਫੀਸਦੀ ਵਾਧੇ ਦਾ ਅਨੁਮਾਨ ਲਾਇਆ ਜਾਂਦਾ ਹੈ। ਪਰ ਲੰਘੇ ਵਰ੍ਹੇ ਦੌਰਾਨ ਇਹ ਵਾਧਾ ਦੋ ਫੀਸਦੀ ਤੱਕ ਵੀ ਨਹੀਂ ਪਹੁੰਚ ਸਕਿਆ ਹੈ, ਜਿਸ ਤੋਂ ਬਾਅਦ ਕਰੋਨਾਵਾਇਰਸ ਕਾਰਨ ਗੁਰਦੁਆਰਿਆਂ ਵਿਚ ਸੰਗਤ ਦੀ ਆਮਦ ਘੱਟ ਗਈ ਤੇ ਚੜ੍ਹਾਵਾ ਬੰਦ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਸਮੂਹ ਅਦਾਰਿਆਂ ਦੇ ‘ਚ 21 ਹਜ਼ਾਰ ਦੇ ਕਰੀਬ ਮੁਲਾਜ਼ਮ ਹਨ, ਜਿਨ੍ਹਾਂ ਦੀ ਮਾਸਿਕ ਤਨਖਾਹ 20 ਤੋਂ 22 ਕਰੋੜ ਤੱਕ ਬਣਦੀ ਹੈ। ਜੇਕਰ ਸ੍ਰੀ ਦਰਬਾਰ ਸਾਹਿਬ ਦੇ ਔਸਤਨ 25 ਕਰੋੜ ਰੁਪਏ ਮਹੀਨਾ ਦੇ ਚੜ੍ਹਾਵੇ ‘ਤੇ ਨਜ਼ਰ ਮਾਰੀ ਜਾਵੇ ਤਾਂ ਕਰੋਨਾ ਦੇ ਪ੍ਰਕੋਪ ਤੋਂ ਬਾਅਦ ਇਹ ਅੰਕੜਾ ਹਜ਼ਾਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਇਸੇ ਤਰ੍ਹਾਂ ਕੇਸਗੜ੍ਹ ਸਾਹਿਬ ਵਿਖੇ ਮਾਰਚ ਮਹੀਨੇ ‘ਚ ਹੀ 3 ਕਰੋੜ ਰੁਪਏ ਦਾ ਘਾਟਾ ਪਿਛਲੇ ਸਾਲ ਦੇ ਮੁਕਾਬਲੇ ਦਰਜ ਕੀਤਾ ਗਿਆ ਹੈ। ਜਦਕਿ ਬਾਕੀ ਗੁਰਦੁਆਰਾ ਸਹਿਬਾਨ ਦਾ ਵੀ ਇਹੋ ਹਾਲ ਹੈ। ਗੁਰਦੁਆਰਾ ਸਹਿਬਾਨ ਦੇ ਸਟੋਰਾਂ ‘ਚ ਪਿਆ ਲੰਗਰ ਦੀ ਰਸਦ ਦਾ ਭੰਡਾਰ ਵੀ ਕੁਝ ਹਫ਼ਤਿਆਂ ਦਾ ਹੀ ਰਹਿ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਰਹੇ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਗਲੀ-ਗਲੀ ਭੇਜਣ ਦੀ ਬਜਾਏ ਹਰ ਪਿੰਡ ਵਿੱਚਲੇ ਗੁਰਦੁਆਰੇ ‘ਚ ਹੀ ਲੰਗਰ ਤਿਆਰ ਕਰਵਾ ਕੇ ਲੋਕਾਂ ਨੂੰ ਮੁਹੱਈਆ ਕਰਵਾ ਦੇਣਾ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਨੇ ਹਮੇਸ਼ਾਂ ਬਿਨਾਂ ਭੇਦਭਾਵ ਤੋਂ ਮਦਦ ਕੀਤੀ : ਲੌਂਗੋਵਾਲ
ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜਦ ਵੀ ਮਨੁੱਖਤਾ ‘ਤੇ ਕੋਈ ਆਫਤ ਆਈ ਹੈ ਤਾਂ ਸ਼੍ਰੋਮਣੀ ਕਮੇਟੀ ਨੇ ਧਰਮ, ਜਾਤ, ਫਿਰਕੇ ਤੋਂ ਉੱਪਰ ਉੱਠ ਕੇ ਮੱਦਦ ਕੀਤੀ ਹੈ। ਉਸੇ ਅਨੁਸਾਰ ਹੁਣ ਵੀ ਸਿੱਖ ਫਲਸਫੇ ਤੇ ਗੁਰੂ ਸਹਿਬਾਨ ਵੱਲੋਂ ਸਰਬੱਤ ਦੇ ਭਲੇ ਦੇ ਸੁਨੇਹੇ ਅਨੁਸਾਰ ਕਰੋਨਾ ਮਹਾਮਾਰੀ ਨਾਲ ਜੂਝ ਰਹੇ ਗਰੀਬ, ਗੁਰਬਿਆਂ ਦੀ ਮੱਦਦ ਕੀਤੀ ਜਾ ਰਹੀ ਹੈ। ਜਿੱਥੋਂ ਤੱਕ ਆਰਥਿਕ ਸੰਕਟ ਦੀ ਗੱਲ ਹੈ ਤਾਂ ਸਿੱਖ ਪੰਥ ਦੇ ਵਡੇਰੇ ਹਿੱਤਾਂ ਲਈ ਤੇ ਸ਼੍ਰੋਮਣੀ ਕਮੇਟੀ ਦੀ ਚੜ੍ਹਦੀਕਲਾ ਲਈ ਵਿਦਵਾਨਾਂ ਵੱਲੋਂ ਜੇ ਕੋਈ ਸੁਝਾਅ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।
ਸੰਗਤ ਲਈ ਗੁਰੂਘਰਾਂ ਦੇ ਦਰਵਾਜ਼ੇ ਬੰਦ ਹੋਣ: ਤਰਲੋਚਨ ਸਿੰਘ
ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਦੁਨੀਆਂ ਦੇ ਸਭ ਧਾਰਮਿਕ ਸਥਾਨ, ਜਿਨ੍ਹਾਂ ‘ਚ ਮੱਕਾ, ਚਰਚਾਂ, ਮੰਦਰ ਤੇ ਮਸਜਿਦਾਂ ਬੰਦ ਹੋ ਗਏ ਹਨ, ਪਰ ਸਿੱਖਾਂ ‘ਚ ਇੱਕ ਦੂਸਰੇ ਤੋਂ ਵੱਧ ਲੰਗਰ ਲਾ ਕੇ ਸ਼ੋਹਰਤ ਖੱਟਣ ਦੀ ਦੌੜ ਲੱਗੀ ਹੋਈ ਹੈ। ਸਭ ਦੀ ਨਜ਼ਰ ਸਿੱਖਾਂ ‘ਤੇ ਹੈ। ਇਸ ਲਈ ਸਾਨੂੰ ਬਹੁਤ ਸੰਜ਼ੀਦਗ਼ੀ ਤੇ ਸਮਝਦਾਰੀ ਦੇ ਨਾਲ ਚੱਲਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਬੇਨਤੀ ਕੀਤੀ ਹੈ ਅਤੇ ਤਖਤ ਹਜ਼ੂਰ ਸਾਹਿਬ ਦੇ ਪ੍ਰਧਾਨ ਨੂੰ ਵੀ ਕਿਹਾ ਹੈ ਕਿ ਗੁਰਦੁਆਰਾ ਸਹਿਬਾਨ ਦੀ ਮਰਿਆਦਾ ਕਾਇਮ ਰੱਖੀ ਜਾਵੇ ਤੇ ਸੰਗਤ ਲਈ ਬਾਹਰਲੇ ਦਰਵਾਜ਼ੇ ਬੰਦ ਕੀਤੇ ਜਾਣ ਤਾਂ ਜੋ ਨਿਜ਼ਾਮੂਦੀਨ ਵਿਖੇ ਵਾਪਰੀ ਘਟਨਾ ਵਾਂਗ ਕਿਤੇ ਸਿੱਖਾਂ ਨੂੰ ਵੀ ਬਦਨਾਮੀ ਦਾ ਦਾਗ਼ ਨਾ ਮਿਲ ਜਾਵੇ।

Check Also

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ’ਚ ਨਾਮਜ਼ਦਗੀਆਂ ਭਰਨ ਦਾ ਕੰਮ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੌਰਾਨ 1 ਜੂਨ ਨੂੰ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ …