ਕਾਨਫਰੰਸ ਦੀ ਤਿਆਰੀ ਸਬੰਧੀ ਕਾਰਜਕਾਰਨੀ ਕਮੇਟੀ ਦੀ 2 ਜੂਨ ਨੂੰ ਹੋਈ ਮੀਟਿੰਗ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਨੌਵੇਂ ਵੱਡੇ ਸ਼ਹਿਰ ਬਰੈਂਪਟਨ ਵਿਚ 22 ਅਤੇ 23 ਜੂਨ ਨੂੰ ਆਯੋਜਿਤ ਕੀਤੀ ਜਾ ਰਹੀ ‘ਵਿਸ਼ਵ ਪੰਜਾਬੀ ਕਾਨਫ਼ਰੰਸ’ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਕਾਨਫ਼ਰੰਸ ਦੇ ਸਫ਼ਲ ਆਯੋਜਨ ਲਈ ਬਰੈਂਪਟਨ ਤੇ ਸਮੁੱਚੇ ਗਰੇਟਰ ਟੋਰਾਂਟੋ ਏਰੀਏ ਦੇ ਲੇਖਕਾਂ, ਪਾਠਕਾਂ ਤੇ ਉੱਘੀਆਂ ਪੰਜਾਬੀ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਕਾਨਫ਼ਰੰਸ ਦੇ ਸੁਯੋਗ ਪ੍ਰਬੰਧ ਲਈ ਵਾਲੰਟੀਅਰਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਉਣ ਲਈ ਪ੍ਰਬੰਧਕਾਂ ਤੇ ਸਹਿਯੋਗੀਆਂ ਦੀ ਇਕ ਮੀਟਿੰਗ ਬੀਤੇ ਐਤਵਾਰ 2 ਜੂਨ ਨੂੰ ਰਾਮਗੜ੍ਹੀਆ ਭਵਨ ਵਿਚ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਨੇ ਦੱਸਿਆ ਕਿ ਇਹ ਕਾਨਫ਼ਰੰਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮੱਰਪਿਤ ਹੈੋਵੇਗੀ ਜਿਸ ਵਿਚ ਪ੍ਰਸਿੱਧ ਵਿਦਵਾਨਾਂ ਵੱਲੋਂ ਗੁਰੂ ਜੀ ਦੇ ਜੀਵਨ, ਰਚਨਾ ਅਤੇ ਸਿੱਖਿਆਵਾਂ ਬਾਰੇ ਖੋਜ-ਪੱਤਰ ਪੇਸ਼ ਕੀਤੇ ਜਾ ਰਹੇ ਹਨ। ਇਸ ਕਾਨਫ਼ਰੰਸ ਵਿਚ ਜਿੱਥੇ ਭਾਰਤ, ਅਮਰੀਕਾ, ਇੰਗਲੈਂਡ ਅਤੇ ਹੋਰ ਕਈ ਦੇਸ਼ਾਂ ਦੇ ਵਿਦਵਾਨ ਲੇਖਕ ਆਪਣੇ ਪੇਪਰ ਪੇਸ਼ ਕਰਨਗੇ, ਉੱਥੇ ਇਸ ਗੱਲ ਦਾ ਉਚੇਚਾ ਧਿਆਨ ਰੱਖਿਆ ਗਿਆ ਹੈ ਕਿ ਕੈਨੇਡਾ ਅਤੇ ਖ਼ਾਸ ਕਰਕੇ ਟੋਰਾਂਟੋ ਦੇ ਇਲਾਕੇ ਵਿਚ ਵੱਸਣ ਵਾਲੇ ਲੇਖਕਾਂ ਤੇ ਵਿਦਵਾਨਾਂ ਦੀ ਇਸ ਵਿਚ ਭਰਵੀਂ ਸ਼ਮੂਲੀਅਤ ਹੋਵੇ। ਇਸ ਮੰਤਵ ਲਈ ਉਨ੍ਹਾਂ ਵਿਚੋਂ ਕਈਆਂ ਵੱਲੋਂ ਉਚੇਚੇ ਤੌਰ ‘ઑਤੇ ਪੇਪਰ ਵੀ ਲਿਖਵਾਏ ਗਏ ਹਨ ਜੋ ਉਹ ਇਸ ਕਾਨਫ਼ਰੰਸ ਵਿਚ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਕਾਨਫ਼ਰੰਸ ਲਈ ਰਿਸੈੱਪਸ਼ਨ ਕਮੇਟੀ, ਰਿਹਾਇਸ਼ ਕਮੇਟੀ, ਟਰਾਂਸਪੋਰਟ ਕਮੇਟੀ, ਭੋਜਨ ਕਮੇਟੀ ਆਦਿ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਆਪੋ ਆਪਣਾ ਕੰਮ ਜ਼ਿੰਮੇਵਾਰੀ ਨਾਲ ਸੰਭਾਲਣਗੀਆਂ। ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਕਾਨਫ਼ਰੰਸ ਦੇ ਸਰਪ੍ਰਸਤ ਡਾ. ਸੋਲੋਮਨ ਨਾਜ਼ ਨੇ ਦੱਸਿਆ ਕਿ ਬਹੁਤ ਸਾਰੇ ਵਿਦਾਵਨਾਂ ਦੇ ਖੋਜ-ਪੱਤਰ ਉਨ੍ਹਾਂ ਨੂੰ ਪ੍ਰਾਪਤ ਹੋ ਚੁੱਕੇ ਹਨ ਅਤੇ ਕਈ ਹੋਰ ਵੀ ਅਜੇ ਆ ਰਹੇ ਹਨ। ਇਨ੍ਹਾਂ ਨੂੰ ਸੰਪਾਦਿਤ ਕਰਕੇ ਖ਼ੂਬਸੂਰਤ ਪੁਸਤਕ ਰੂਪ ਵਿਚ ਛਾਪਿਆ ਜਾਏਗਾ ਜੋ ਕਿ ਗੁਰੂ ਨਾਨਕ ਦੇਵ ਜੀ ਦੇ 550਼ਵੇਂ ਪ੍ਰਕਾਸ਼ ਦਿਹਾੜੇ ઑਤੇ ਲੋਕ-ਅਰਪਿਤ ਕੀਤੀ ਜਾਏਗੀ। ਕਾਨਫ਼ਰੰਸ ਦੇ ਚੇਅਰਪਰਸਨ ਗਿਆਨ ਸਿੰਘ ਕੰਗ ਨੇ ਸਮੂਹ ਪ੍ਰਬੰਧਕਾਂ ਨੂੰ ਕਾਨਫ਼ਰੰਸ ਵਿਚ ਲਗਾਈਆਂ ਜਾਣ ਵਾਲੀਆਂ ਵੱਖ-ਵੱਖ ਡਿਊਟੀਆਂ ਨੂੰ ਪੁਰੀ ਸੁਹਿਰਦਤਾ ਨਾਲ ਕਰਨ ਲਈ ਕਿਹਾ। ਉਨ੍ਹਾਂ ਇਸ ਮੀਟਿੰਗ ਵਿਚ ਆਏ ਹੋਏ ਕਾਨਫ਼ਰੰਸ ਦੇ ਸਮੱਰਥਕਾਂ ਨੂੰ ਜੀ-ਆਇਆਂ ਕਿਹਾ। ਇਸ ਤੋਂ ਇਲਾਵਾ ਇਸ ਮੌਕੇ ਕਾਨਫ਼ਰੰਸ ਨੂੰ ਸਫ਼ਲ ਬਣਾਉਣ ਲਈ ਮੀਡੀਆਕਾਰ ਸੁਖਦੇਵ ਸਿੰਘ ਢਿੱਲੋਂ, ਚੈਂਬਰ ਆਫ਼ ਕਾਮਰਸ ਦੇ ਸਾਬਕਾ-ਪ੍ਰਧਾਨ ਕੰਵਰ ਧੰਜਲ, ਸਾਬਕਾ ਸਿਟੀਜ਼ਨਸ਼ਿਪ ਜੱਜ ਹੈਰੀ ਧਾਲੀਵਾਲ, ਮੱਖਣ ਸਿੰਘ ਮਾਨ, ਸਾਧੂ ਸਿੰਘ ਬਰਾੜ, ਗੁਰਸ਼ਰਨ ਕੌਰ ਕਾਂਡਰਾ (ਸੀ.ਈ.ਓ.ਸੀ.ਆਈ.ਏ.ਐੱਸ.), ਸੁਰਜੀਤ ਕੌਰ, ਪ੍ਰੀਤੀ ਲਾਂਬਾ, ਚਮਕੌਰ ਸਿੰਘ ਮਾਛੀਕੇ, ਪਰਮਜੀਤ ਦਿਓਲ ਤੇ ਕਈ ਹੋਰਨਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਅਖ਼ੀਰ ਵਿਚ ਕਾਨਫ਼ਰੰਸ ਦੇ ਪ੍ਰਧਾਨ ਕਮਲਜੀਤ ਸਿੰਘ ਲਾਲੀ ਵੱਲੋਂ ਆਏ ਹੋਏ ਸਮੂਹ ਪ੍ਰਬੰਧਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਹ ਦੋ-ਦਿਨਾਂ ਵਿਸ਼ਵ ਕਾਨਫ਼ਰੰਸ 22 ਅਤੇ 23 ਜੂਨ 2019 ਨੂੰ Saprenza Banquet Hall, 510 Deerhurst Dr., Brampton ਵਿਚ ਹੋਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਚੇਅਰਮੈਨ ਗਿਆਨ ਸਿੰਘ ਕੰਗ (416-427-9068), ਪ੍ਰਧਾਨ ਕਮਲਜੀਤ ਸਿੰਘ ਲਾਲੀ ਕਿੰਗ (416-816-6663), ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ (647-533-8297) ਅਤੇ ਮੀਡੀਆ-ਕੋਆਰਡੀਨੇਟਰ ਚਮਕੌਰ ਸਿੰਘ ਮਾਛੀਕੇ (416-880-8538) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਵ ਪੰਜਾਬੀ ਕਾਨਫਰੰਸ 22 ਤੇ 23 ਜੂਨ ਨੂੰ
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …