ਬਰੈਂਪਟਨ/ਬਿਊਰੋ ਨਿਊਜ਼ : ਵਾਰਡ ਨੰ: 9-10 ਤੋਂ ਸਕੂਲ-ਟਰੱਸਟੀ ਲਈ ਚੋਣ ਲੜ ਰਹੀ ਉਮੀਦਵਾਰ ਬਲਬੀਰ ਸੋਹੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਹਾਸਲ ਕਰਨ ਲਈ ਬੀਤੇ ਐਤਵਾਰ 26 ਅਗੱਸਤ ਨੂੰ ਗੁਰਦੁਆਰਾ ਸਾਹਿਬ ਡਿਕਸੀ ਰੋਡ ਵਿਖੇ ਸੁਖਮਨੀ ਸਾਹਿਬ ਦਾ ਪਾਠ ਅਤੇ ਗੁਰਬਾਣੀ ਦਾ ਕੀਰਤਨ ਕਰਾਇਆ ਗਿਆ। ਪਾਠ ਦਾ ਆਰੰਭ ਬਾਅਦ ਦੁਪਹਿਰ 2.00 ਵਜੇ ਹੋਇਆ ਅਤੇ ਸਵਾ ਕੁ ਘੰਟੇ ਬਾਅਦ ਇਸ ਦੀ ਸਮਾਪਤੀ ਤੋਂ ਬਾਅਦ ਗੁਰੂਘਰ ਦੇ ਕੀਰਤਨੀਆਂ ਵੱਲੋਂ ਗੁਰਬਾਣੀ ਦਾ ਰਸ-ਭਿੰਨਾਂ ਕੀਰਤਨ ਕੀਤਾ ਗਿਆ। ਉਪਰੰਤ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਰਣਜੀਤ ਸਿੰਘ ਦੁਲੇ ਵੱਲੋਂ ਬਲਬੀਰ ਸੋਹੀ ਬਾਰੇ ਸੰਗਤਾਂ ਨੂੰ ਸੰਖੇਪ ਜਾਣਕਾਰੀ ਦਿੱਤੀ ਗਈ ਅਤੇ ਅਕਤੂਬਰ ਮਹੀਨੇ ਹੋ ਰਹੀਆਂ ਚੋਣਾਂ ਵਿਚ ਉਨ੍ਹਾਂ ਦੀ ਸਫ਼ਲਤਾ ਲਈ ਉਨ੍ਹਾਂ ਨੂੰ ਸ਼ੁਭ-ਇੱਛਾਵਾਂ ਦਿੱਤੀਆਂ ਗਈਆਂ। ਸਮਾਗ਼ਮ ਵਿਚ ਬਰੈਂਪਟਨ ਦੀ ਮੇਅਰ ਲਿੰਡਾ ਜਾਫ਼ਰੀ ਉਚੇਚੇ ਤੌਰ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਬਲਬੀਰ ਸੋਹੀ ਨੂੰ ਚੋਣਾਂ ਵਿਚ ਸਫ਼ਲਤਾ ਲਈ ਥਾਪੜਾ ਦਿੱਤਾ। ਇਸ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਬਲਬੀਰ ਨੂੰ ਕਾਫ਼ੀ ਸਮੇਂ ਤੋਂ ਜਾਣਦੇ ਹਨ। ਉਹ ਇਕ ਮਿਹਨਤੀ ਅਤੇ ਕਮਿਊਨਿਟੀ ਦੀ ਭਲਾਈ ਲਈ ਕੰਮ ਕਰਨ ਵਾਲੀ ਸ਼ਖ਼ਸੀਅਤ ਹੈ ਅਤੇ ਉਹ ਸਾਡੀ ਅਗਲੀ ਪੀੜ੍ਹੀ ਲਈ ਵਧੀਆ ਪ੍ਰੇਰਨਾ-ਸਰੋਤ ਬਣ ਸਕਦੀ ਹੈ। ਇਸ ਮੌਕੇ ਕਮਿਊਨਿਟੀ ਦੀਆਂ ਕਈ ਹੋਰ ਪ੍ਰਮੁੱਖ ਸਮਾਜਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਹਾਜ਼ਰ ਸਨ। ਬਲਬੀਰ ਸੋਹੀ ਨੇ ਇਸ ਮੌਕੇ ਇਸ ਧਾਰਮਿਕ ਸਮਾਗ਼ਮ ਵਿਚ ਆਉਣ ਵਾਲੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਆਪਣਾ ਅਸ਼ੀਰਵਾਦ ਦੇਣ ਲਈ ਕਿਹਾ।
ਇੱਥੇ ਇਹ ਜ਼ਿਕਰਯੋਗ ਹੈ ਕਿ ਬਲਬੀਰ ਸੋਹੀ ਡੈਂਟਲ ਹਾਈਜੀਨ ਐਂਡ ਕੇਅਰ ਵਿਚ ਪਿਛਲੇ ਸਮੇਂ ਤੋਂ ਸਰਗ਼ਰਮ ਹਨ ਅਤੇ ਇਸ ਖ਼ੇਤਰ ਵਿਚ ਕਈ ਮੱਲਾਂ ਮਾਰ ਚੁੱਕੇ ਹਨ। ਕਮਿਊਨਿਟੀ ਵਿਚ ਉਹ ਆਪਣੇ ਬਿਜ਼ਨੈੱਸ ‘ਸਮਾਈਲ ਔਨ ਵੀਲਜ਼’ ਕਰਕੇ ਜਾਣੇ ਜਾਂਦੇ ਹਨ ਅਤੇ ਉਹ ਘਰੋ-ਘਰੀ ਜਾ ਕੇ ਇਹ ਸੇਵਾ ਨਿਭਾ ਰਹੇ ਹਨ। ਇਸ ਦੇ ਨਾਲ ਹੀ ਉਨਾਂ ਦਾ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਨਾਲ ਮੈਂਟਰ ਦੇ ਤੌਰ ‘ਤੇ ਬਹੁਤ ਵਧੀਆ ਸਬੰਧ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਦੇ ਹਾਲ ਨੰਬਰ 2 ਵਿਚ ਹੋਏ ਇਸ ਭਰਪੂਰ ਸਮਾਗ਼ਮ ਵਿਚ 700-800 ਦੇ ਦਰਮਿਆਨ ਸੰਗਤਾਂ ਨੇ ਹਾਜ਼ਰੀ ਭਰੀ। ਸਮਾਗ਼ਮ ਵਿਚ ਪੰਜਾਬੀ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਏ ਦੇ ਮੈਂਬਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ ਜਿਨ੍ਹਾਂ ਵਿਚ ਵੱਖ-ਵੱਖ ਰੇਡੀਓ, ਟੀ.ਵੀ. ਚੈਨਲਾਂ ਅਤੇ ਅਖ਼ਬਾਰਾਂ ਦੇ ਨੁਮਾਇੰਦੇ ਸ਼ਾਮਲ ਸਨ।