Breaking News
Home / ਕੈਨੇਡਾ / ਦੱਬੀਆਂ ਉਜਰਤਾਂ ਨਾ ਮਿਲਣ ‘ਤੇ ਇੰਟਰਨੈਸ਼ਨਲ ਵਿਦਿਆਰਥੀਆਂ ਤੇ ਕਾਮਿਆਂ ਵੱਲੋਂ ਕੀਤੀ ਗਈ ਭਰਵੀਂ ਰੈਲੀ

ਦੱਬੀਆਂ ਉਜਰਤਾਂ ਨਾ ਮਿਲਣ ‘ਤੇ ਇੰਟਰਨੈਸ਼ਨਲ ਵਿਦਿਆਰਥੀਆਂ ਤੇ ਕਾਮਿਆਂ ਵੱਲੋਂ ਕੀਤੀ ਗਈ ਭਰਵੀਂ ਰੈਲੀ

ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਲੰਘੇ 2 ਅਕਤੂਬਰ ਸ਼ਨੀਵਾਰ ਨੂੰ ਇੰਟਰਨੈਸ਼ਨਲ ਵਿਦਿਆਰਥੀਆਂ ਅਤੇ ਹੋਰ ਕਾਮਿਆਂ ਵੱਲੋਂ ਨੌਜਵਾਨ ਸੁਪੋਰਟ ਨੈੱਟਵਰਕ ਦੀ ਅਗਵਾਈ ਵਿਚ ਇਕ ਭਰਵੀਂ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦਾ ਮੁੱਖ ਕਾਰਨ ਇਹ ਦੱਸਿਆ ਗਿਆ ਕਿ ਵੱਖ-ਵੱਖ ਖੇਤਰਾਂ ਵਿਚ ਕਈ ਅਦਾਰਿਆਂ ਵੱਲੋਂ ਕੰਮ ਕਰਵਾ ਕੇ ਬਾਅਦ ਵਿਚ ਕੋਈ ਨਾ ਕੋਈ ਬਹਾਨਾ ਲਗਾ ਕੇ ਉਨ੍ਹਾਂ ਦੀ ਤਨਖ਼ਾਹ ਰੱਖ ਲਈ ਜਾਂਦੀ ਹੈ ਅਤੇ ਇਹ ਤਨਖ਼ਾਹ ਉਨ੍ਹਾਂ ਨੂੰ ਨਹੀਂ ਦਿੱਤੀ ਜਾਂਦੀ।
ਇਹ ਰੈਲੀ ਬਰੈਂਪਟਨ ਦੇ 161 ਸੰਨੀਮੈਡੋ ਪਾਰਕ ਵਿਚ ਰੱਖੀ ਗਈ ਜਿੱਥੇ ਲੱਗਭੱਗ 300 ਅੰਤਰ-ਰਾਸ਼ਟਰੀ ਵਿਦਿਆਰਥੀ ਅਤੇ ਹੋਰ ਕਾਮੇ ਇਕੱਠੇ ਹੋਏ। ਇਨ੍ਹਾਂ ਵਿਚ ਵੱਡੀ ਗਿਣਤੀ ਟਰੱਕਿੰਗ ਇੰਡਸਟਰੀ ਵਿਚ ਕੰਮ ਕਰਨ ਵਾਲੇ ਡਰਾਈਵਰਾਂ ਦੀ ਸੀ ਪਰ ਕੁਝ ਹੋਰ ਖ਼ੇਤਰਾਂ ਜਿਵੇਂ, ਰੈਸਟੋਰੈਂਟਾਂ ਅਤੇ ਕੰਨਸਟਰੱਕਸ਼ਨ ਖ਼ੇਤਰ ਵਿਚ ਕੰਮ ਕਰਨ ਵਾਲੇ ਕਾਮੇ ਵੀ ਇਸ ਰੈਲੀ ਵਿਚ ਸ਼ਾਮਲ ਹੋਏ। ਰੈਲੀ ਵਿਚ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਕਈ ਮਾਲਕਾਂ ਉੱਪਰ ਪੂਰੀਆਂ ਤਨਖ਼ਾਹਾਂ ਨਾ ਦੇਣ ਦੇ ਆਰੋਪ ਲਗਾਏ ਅਤੇ ਉਸ ਤੋਂ ਬਾਅਦ ਉਹ ਚਾਰ ਟਰੱਕ ਕੰਪਨੀਆਂ ਦੇ ਮਾਲਕਾਂ ਦੇ ਘਰਾਂ ਦੇ ਅੱਗੇ ਰੋਸ-ਪ੍ਰਦਰਸ਼ਨ ਕਰਨ ਲਈ ਚੱਲ ਪਏ। ਇਸ ਪਾਰਕ ਦੇ ਨੇੜੇ ਹੀ ਫ਼ਲੋਅ ਬੋਆਏ ਟਰੱਕ ਕੰਪਨੀ ਦੇ ਮਾਲਕ ਬੂਟਾ ਸਿੰਘ ਅਤੇ ਕਾਰਗੋ ਕਾਊਂਟੀ ਕੰਪਨੀ ਦੇ ਮਾਲਕ ਰਮਨਪ੍ਰੀਤ ਦੇ ਘਰ ਸਨ ਜਿੱਥੇ ਮੁਜ਼ਾਹਰਾਕਾਰੀਆਂ ਵੱਲੋਂ ਸੱਭ ਤੋਂ ਪਹਿਲਾਂ ਰੋਸ-ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਬੂਟਾ ਸਿੰਘ ਨੇ ਆਪਣੇ ਡਰਾਈਵਰ ਗਗਨਦੀਪ ਸਿੱਧੂ ਦੇ 5562 ਡਾਲਰ ਅਤੇ ਕਾਰਗੋ ਕਾਊਂਟੀ ਦੇ ਮਾਲਕ ਰਮਨਪ੍ਰੀਤ ਵੱਲੋਂ ਚਾਰ ਡਰਾਈਵਰਾਂ ਦੇ ਬਣਦੇ 70,000 ਡਾਲਰ ਉਨ੍ਹਾਂ ਨੂੰ ਅਜੇ ਤੱਕ ਨਹੀਂ ਦਿੱਤੇ ਗਏ। ਇਸ ਤੋਂ ਬਾਅਦ ਇਹ ਰੋਸ-ਮੁਜ਼ਾਹਰਾ ‘ਕੈਨੇਡਾ ਵਾਈਡ’ ਕੰਪਨੀ ਦੇ ਮਾਲਕ ਗਗਨਦੀਪ ਧਾਲੀਵਾਲ ਅਤੇ ਕਾਰਗੋ ਟਰਾਂਸਪੋਰਟ ਕੰਪਨੀਆਂ ਦੇ ਮਾਲਕਾਂ ਮਨਪ੍ਰੀਤ ਸਿੱਧੂ ਤੇ ਹਰਦੀਪ ਭੁੱਲਰ ਦੇ ਘਰਾਂ ਦੇ ਸਾਹਮਣੇ ਵੀ ਕੀਤੇ ਗਏ ਜਿਨ੍ਹਾਂ ਨੇ ਹਜ਼ਾਰਾਂ ਡਾਲਰ ਡਰਾਈਵਰਾਂ ਦੇ ਦੱਬੇ ਹੋਏ ਹਨ। ਨੌਜਵਾਨ ਸੁਪੋਰਟ ਨੈੱਟਵਰਕ ਜੱਥੇਬੰਦੀ ਨੇ ਇਨ੍ਹਾਂ ਸਾਰੇ ਮਾਲਕਾਂ ਨੂੰ ਚਿਤਾਵਨੀ ਦਿੱਤੀ ਕਿ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਇਹ ਬਣਦੀ ਸਾਰੀ ਤਨਖ਼ਾਹ ਡਰਾਈਵਰਾਂ ਨੂੰ ਦੇਣੀ ਹੀ ਪਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਉਹ ਹੋਰ ਵੱਡੀ ਲਾਮਬੰਦੀ ਕਰਕੇ ਇਕੱਠੇ ਹੋਣਗੇ ਅਤੇ ਅਜਿਹੇ ਤਨਖ਼ਾਹ-ਚੋਰਾਂ ਨੂੰ ਲੋਕਾਂ ਦੇ ਸਾਹਮਣੇ ਨੰਗੇ ਹਨ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …