1.1 C
Toronto
Monday, November 24, 2025
spot_img
Homeਕੈਨੇਡਾਮੇਲਾ ਬੀਬੀਆਂ ਦਾ ਰੌਣਕ ਅਤੇ ਮਨੋਰੰਜਨ ਭਰਪੂਰ ਰਿਹਾ

ਮੇਲਾ ਬੀਬੀਆਂ ਦਾ ਰੌਣਕ ਅਤੇ ਮਨੋਰੰਜਨ ਭਰਪੂਰ ਰਿਹਾ

Bibian da mela 1 copy copy97 ਸਾਲਾ ਰਜਿੰਦਰ ਕੌਰ ਬੜਿੰਗ ਦਾ ਗੋਲਡ ਮੈਡਲ ਨਾਲ ਸਨਮਾਨ
ਟੋਰਾਂਟੋ/ਬਿਊਰੋ ਨਿਊਜ਼
ਪੰਜਾਬ ਦੇ ਸਭਿੱਆਚਾਰ ਵਿੱਚ ਮੇਲਿਆਂ ਦਾ ਵਿਸ਼ੇਸ਼ ਮਹੱਤਵ ਹੈ। ਪੰਜਾਬੀ ਜਿੱਥੇ ਵੀ ਜਾਂਾਦੇ ਹਨ ਉੱਥੇ ਆਪਣੀ ਵਿਰਾਸਤ ਵੀ ਨਾਲ ਲੈ ਜਾਂਦੇ ਹਨ ।ਕਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਅਨੇਕਾਂ ਪਰਕਾਰ ਦੇ ਮੇਲੇ ਲਗਦੇ ਹਨ। ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਦੇ ਖੁੱਲ੍ਹੇ ਡੁਲ੍ਹੇ ਵਿਹੜੇ ਵਿੱਚ ਪਿਛਲੇ ਚਾਰ ਸਾਲ ਤੋਂ ”ਮੇਲਾ ਬੀਬੀਆਂ ਦਾ” ਲਾ ਕੇ ਨਵੀਂ ਪਿਰਤ ਪਾਈ ਗਈ ਹੈ ।ਇਸ ਮੇਲੇ ਵਿੱਚ ਸੱਚਮੁੱਚ ਹੀ ਮੇਲੇ ਵਰਗਾ ਮਾਹੌਲ ਹੁੰਦਾ ਹੈ। ਜਲੇਬੀਆਂ ਪਕੌੜੇ ਤੇ ਹੋਰ ਬਹੁਤ ਕੁੱਝ ਇਸ ਮੇਲੇ ਵਿੱਚ ਬਿਨਾਂ ਕੁੱਝ ਖਰਚ ਕੀਤਿਆਂ ਮਿਲ ਜਾਂਦਾ ਹੈ । ਇਸਦਾ ਪਰਬੰਧ ਬਜੁਰਗ ਬੀਬੀਆਂ ਦੇ ਸਤਕਾਰ ਵਜੋਂ ਂਅਤੇ ਮਨ ਪ੍ਰਚਾਵੇ ਲਈ ਰੇਡੀਓ ”ਸਾਊਥ ਏਸ਼ੀਅਨ ਵਾਇਸ” ਦੇ ਸੰਚਾਲਕ  ਕੁਲਵਿੰਦਰ ਛੀਨਾ ਅਤੇ ਟੋਰਾਂਟੋ ਟਰੱਕ ਡਰਾਈਵਿੰਗ ਸਕਲੂ ਦੇ ਸੰਚਾਲਕ ਜਸਵਿੰਦਰ ਵੜੈਚ ਵਲੋਂ ਕੀਤਾ ਜਾਂਦਾ ਹੈ ।
ਇਸ ਐਤਵਾਰ ਲੱਗੇ ਬੀਬੀਆਂ ਦੇ ਮੇਲੇ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਮੇਲੇ ਵਿੱਚ ਵੜਦਿਆਂ ਹੀ ਨੂੰ ਪਕੌੜੇ, ਜਲੇਬੀਆਂ ਤੇ ਹੋਰ ਖਾਣ ਪੀਣ ਦੀ ਮਹਿਕ ਆੳਣੀ ਸ਼ੁਰੂ ਹੋ ਰਹੀ ਸੀ। ਜਿਸਦਾ ਉਹ ਸਟੇਜ ਤੇ ਵੱਜ ਰਹੇ ਸੰਗੀਤ ਦੀਆਂ ਧੁਨਾਂ ਵਿੱਚ ਆਨੰਦ ਮਾਣ ਰਹੇ ਸਨ। ਜਿਸ ਨੂੰ ਵਲੰਟੀਅਰ ਦਿਲਬਰ, ਮਿੰਟੂ ਗਰੇਵਾਲ, ਹਰਪ੍ਰੀਤ ਮਾਂਗਟ, ਰਾਣਾ ਉੱਪਲ, ਦਲਜੀਤ ਵਿਰਕ, ਨਵਪ੍ਰੀਤ ਔਲਖ ,ਜਗਜੀਤ ਛੋਕਰ, ਗਗਨਦੀਪ ਛੋਕਰ ਆਦਿ ਵਲੋਂ ਲਗਾਤਾਰ ਤਾਜਾ ਅਤੇ ਗਰਮਾ ਗਰਮ ਪੰਡਾਲ ਦੇ ਲਾਗੇ ਲੱਗੇ ਮੇਜਾਂ ‘ਤੇ ਪਹੁੰਚਾਇਆ ਜਾ ਰਿਹਾ ਸੀ। ਟੋਰਾਂਟੋ ਟਰੱਕ ਸਕੂਲ ਦੇ ਬੀਬੀ ਤਰਲੋਚਨ ਵੜੈਚ ਇਸ ਸਭ ਦੀ ਨਿਗਰਾਨੀ ਕਰ ਰਹੇ ਸਨ।
ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਹੀ ਕੁਲਵਿੰਦਰ ਛੀਨਾ ਨੇ ਦੱਸਿਆ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਉਹਨਾਂ ਤੇ ਉਹਨਾਂ ਦੇ ਸਾਥੀਆਂ ਦੇ ਮਨ ਵਿੱਚ ਫੁਰਨਾ ਫੁਰਿਆ ਸੀ ਕਿ ਇੱਥੇ ਵੱਖ ਵੱਖ ਤਰ੍ਹਂਾ ਦੇ ਮੇਲੇ ਲਗਦੇ ਹਨ ਪਰ ਸਾਡੀਆਂ ਬਜੁਰਗ ਮਾਤਾਵਾਂ ਲਈ ਕੋਈ ਮੇਲਾ ਨਹੀਂ ਲਗਦਾ। ਸੋ ਉਹਨਾ ਨੇ ਬੀਬੀਆਂ ਦੇ ਮੇਲੇ ਦੀ ਸ਼ੂਰੂਆਤ ਕੀਤੀ ਸੀ ਜਿਸ ਨੂੰ  ਵੱਡਾ ਹੁੰਗਾਰਾਂ ਮਿਲਣ ਤੇ ਅੱਜ ਇਸ ਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ ਹੈ । ਇਸ ਤੋਂ ਬਾਦ ਜੱਸੀ ਧੰਜਲ ਨੇ ਮਾਈਕ ਸੰਭਾਲਦਿਆਂ ਹੀ ਆਪਣੀ ਪਿਆਰੀ ਆਵਾਜ ਵਿੱਚ ਉੱਪਰੋਥਲੀ ਗੀਤ ਸੁਣਾਏ। ਹਰਜੀਤ ਬੇਦੀ, ਬਲਬੀਰ ਮੱਲ੍ਹੀ, ਪ੍ਰਿੰ: ਚਰਨਜੀਤ ਕੌਰ ਢਿੱਲੋਂ, ਕੁਲਵੰਤ ਕੌਰ, ਸਨੇਹ ਵਸ਼ਿਸ਼ਟ ਆਦਿ ਨੇ ਕਵਿਤਾਵਾਂ ਸਾਂਝੀਆਂ ਕੀਤੀਆਂ। ਜੱਸੀ ਧੰਜਲ ਨੇ ਗੀਤਾਂ ਦੀ ਛਹਿਬਰ ਲਾਉਣ ਦੇ ਨਾਲ ਨਾਲ ਸਟੇਜ ਦੀ ਕਾਰਵਾਈ ਚਲਾਉਣ ਵਿੱਚ ਵੀ ਕੁਲਵਿੰਦਰ ਛੀਨਾ ਦਾ ਸਾਂਥ ਦਿੱਤਾ। ਭਰੇ ਹੋਏ ਮੇਲੇ ਵਿੱਚ  ਵਿੱਚ ਗਾਇਕ ਹਰਜੀਤ ਬਾਜਵਾ ਦੀ ਪੇਸ਼ਕਾਰੀ ਕਾਫੀ ਵਧੀਆ ਰਹੀ। ਅਮਰਦੀਪ ਅਤੇ ਕਿਰਨਦੀਪ ਭੁੱਲਰ ਦੇ ਗੀਤਾਂ ਅਤੇ ਨਿਰਮਲ ਸਿੰਘ ਮਣਕੂ (ਜੁਨੀਅਰ ਮਿਹਰ ਮਿੱਤਲ) ਦੇ ਪੈਰੋਡੀ ਗੀਤਾਂ ਤੇ ਟੋਟਕੇ ਸੁਣ ਕੇ ਦਰਸ਼ਕਾਂ ਨੇ ਮੇਲੇ ਦਾ ਆਨੰਦ ਮਾਣਿਆ। ਮੇਲੇ ਦਾ ਸਿਖਰ ਸੀ ਔਜਲਾ ਬਰੱਦਰਜ਼ ਦੇ ਗਾਏ ਗੀਤ ਜਿਨ੍ਹਾ ਨੇ ਮੇਲਾ ਹੀ ਲੁੱਟ ਲਿਆ। ਗਾਏ ਜਾ ਰਹੇ ਗੀਤਾਂ ਦੀ ਬੀਟ ਤੇ ਬੀਬੀਆਂ ਨੇ ਨੱਚ ਕੇ ਤੇ ਗਿੱਧਾ ਪਾ ਕੇ ਰੌਣਕਾਂ ਲਾ ਛੱਡੀਆ।
ਓਲਡ ਐਂਡ ਯੰਗ ਕਲੱਬ ਦਾ ਗਿੱਧਾ ਦੇਖਣਯੋਗ ਸੀ। ਪਰਮਜੀਤ ਦਿਓਲ ਦੀ ਅਗਵਾਈ ਵਿੱਚ ਮਨਪ੍ਰੀਤ ਸਿੱਧੂ, ਸਰਬਜੀਤ ਸੰਘਾ ਤੇ ਸਾਥਣਾ ਦੀ ਪੇਸ਼ਕਸ ”ਜਾਗੋ” ਨੇ ਪਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ। ਗੀਤਾਂ ਅਤੇ ਨਾਚਾਂ ਦੇ ਇਸ ਮਹੌਲ ਵਿੱਚ ਖਾਣ ਪੀਣ ਦੀਆਂ ਮੋਜਾਂ ਮਾਣਦੇ ਦਰਸ਼ਕ ਲਗਾਤਾਰ 5 ਘੰਟੇ ਇਸ ਮੇਲੇ ਦਾ ਆਨੰਦ ਮਾਣਦੇ ਰਹੇ।                                                                                                                  ਸਭ ਤੋਂ ਵੱਡੀ ਉਮਰ ਦੀ ਬੀਬੀ 97 ਸਾਲਾ ਰਾਜਿੰਦਰ ਕੌਰ ਬੜਿੰਗ ਦਾ ਟੋਰਾਂਟੋ ਟਰੱਕ ਡਰਾਇੰਗ ਸਕੂਲ ਦੇ ਜਸਵਿੰਦਰ  ਵੜੈਚ ਵਲੋਂ ਸੋਨੇ ਦੇ ਮੈਡਲ ਨਾਲ ਸਨਮਾਨ ਕੀਤਾ ਗਿਆ ਤਾਂ ਬਜੁਰਗ ਬੀਬੀ ਦੀ ਖੁਸ਼ੀ ਨੂੰ ਦੇਖਕੇ ਪੰਡਾਲ ਵਿੱਚ ਹਾਜ਼ਰ ਲੋਕਾਂ ਦੇ ਚਿਹਰੇ ਖਿੜ ਗਏ।
ਸਾਰੀਆਂ ਹੀ ਬੀਬੀਆਂ ਇਸ ਤਰ੍ਹਾਂ ਮਾਨ ਮਹਿਸੂਸ ਕਰ ਰਹੀਆਂ ਸਨ ਜਿਵੇਂ ਉਹਨਾਂ ਦਾ ਖੁਦ ਦਾ ਸਨਮਾਨ ਹੋ ਰਿਹਾ ਹੋਵੇ। ਉਹਨਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ  ਵਡੇਰੀ ਉਮਰ ਦੀਆਂ ਬੀਬੀਆਂ ਨੂੰ ਸ਼ਾਲਾ ਦੇ ਕੇ ਸਨਮਾਨਤ ਕੀਤਾ ਗਿਆ। ਰੋਡ ਟੂਡੇਅ ਮੀਡੀਆ ਗਰੁੱਪ ਦੇ ਮਨਨ ਗੁਪਤਾ, ਰੋਜ਼ਾਨਾ ਅਜੀਤ ਜਲੰਧਰ ਦੇ ਨੁਮਾਇੰਦੇ ਹਰਜੀਤ ਬਾਜਵਾ, ਗੀਤਕਾਰ ਮੱਖਣ ਬਰਾੜ ਅਤੇ ਪ੍ਰਿੰ: ਚਰਨਜੀਤ ਕੌਰ ਢਿੱਲੋਂ ਦਾ ਵੀ ਸਨਮਾਨ ਕੀਤਾ ਗਿਆ। ਮੇਲੇ ਵਿੱਚ ਈਟੋਬੀਕੋ ਤੋਂ ਐਮ ਪੀ ਅਤੇ ਫੈਡਰਲ ਮੰਤਰੀ ਕ੍ਰਿਸਟੀ ਡੰਕਨ, ਵਾਰਡ ਨੰ: 39 ਦੇ ਕੌਂਸਲਰ ਜਿੰਮ ਕੈਰੀ ਨੇ ਹਾਜ਼ਰੀ ਲੁਆ ਕੇ ਸੰਖੇਪ ਵਿੱਚ ਸੰਬੋਧਨ ਕਰਦਿਆਂ ਬੀਬੀਆਂ ਨੂੰ ਵਧਾਈ ਅਤੇ ਪ੍ਰਬੰਧਕਾਂ ਦਾ ਇਸ ਆਯੋਜਨ ਲਈ ਧੰਨਵਾਦ ਕੀਤਾ। ਮੀਡੀਆ ਦੇ ਜਗਦੀਸ਼ ਗਰੇਵਾਲ, ਰਾਜਿੰਦਰ ਸੈਣੀ, ਮਨਨ ਗੁਪਤਾ ਨੇ ਬੀਬੀਆ ਨੂੰ ਇਸ ਮੇਲੇ ਦੀ ਵਧਾਈ ਦਿੰਦਿਆਂ ਪ੍ਰਬੰਧਕਾਂ ਦੇ ਇਸ ਕਾਰਜ ਦੀ ਸਰਾਹਣਾ ਕੀਤੀ।
ਸਾਰਾ ਸਮਾਂ ਹੀ ਪ੍ਰਬੰਧਕ  ਕੁਲਵਿੰਦਰ ਛੀਨਾ ਆਪਣੇ ਵਾਲੰਟੀਅਰਜ ਹਰਦੀਪ ਚਾਹਲ, ਅਮਰਿੰਦਰ ਉੱਪਲ, ਗੁਰਸੇਵਕ ਉੱਪਲ, ਗਗਨਦੀਪ ਮਹਾਲੋਂ, ਬਲਜੀਤ ਮੰਡ , ਜੋਗਾ ਕੰਗ, ਵਰਿੰਦਰ ਰਾਣਾ, ਹਰਤੀਰਥ ਲੰਬੜਦਾਰ ਆਦਿ ਨਾਲ ਪੂਰੀ ਸਰਗਰਮੀ ਨਾਲ ਵਿਚਰਦੇ ਰਹੇ ਤਾਂ ਕਿ ਬੀਬੀਆਂ ਦੇ ਮਨੋਰੰਜਨ ਅਤੇ ਖਾਣ-ਪੀਣ ਵਿੱਚ ਕੋਈ ਕਸਰ ਨਾ ਰਹੇ। ਮੇਲੇ ਦੇ ਅੰਤ ਤੇ ਕੁਲਵਿੰਦਰ ਛੀਨਾ ਨੇ ਸਮੂਹ ਬੀਬੀਆਂ, ਹੋਰ ਆਏ ਲੋਕਾਂ ਤੇ ਖਾਸ ਤੌਰ ‘ਤੇ ਮੀਡੀਆ ਅਤੇ ਸਪਾਸਰਾਂ ਦਾ ਸਹਿਯੋਗ ਯੋਗ ਦੇਣ ਲਈ ਸਟੇਜ ਤੋਂ ਧੰਨਵਾਦ ਕੀਤਾ। ਮੇਲਾ ਬੀਬੀਆਂ ਦਾ ਦੇਖ ਕੇ ਬੀਬੀਆਂ ਆਪਣੇ ਮਨ ਵਿੱਚ ਖੁਸ਼ੀਆਂ ਸਮੇਟਦੀਆਂ ਹੋਈਆਂ ਘਰਾਂ ਨੂੰ ਪਰਤ ਗਈਆ।

RELATED ARTICLES
POPULAR POSTS