ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਦੇ ਉੱਘੇ ਲੇਖਕ ਤੇ ਚਿੱਤਰਕਾਰ ਹਰਦੇਵ ਸਿੰਘ (85) ਦਾ ਇੱਥੇ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਬਿਮਾਰੀ ਦੀ ਹਾਲਤ ਵਿੱਚ ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਦੋ ਬੇਟੇ ਹਨ।
ਉਨ੍ਹਾਂ ਨੂੰ ਗੁਰਬਾਣੀ ‘ਤੇ ਆਧਾਰਿਤ ‘ਬਾਰਾਮਾਹ ਤੁਖਾਰੀ’ ਨਾਲ ਸਬੰਧਿਤ ਪੋਰਟਰੇਟ ਸਿਰਜਣ ਅਤੇ ਗੁਰਬਾਣੀ ਦੇ 31 ਰਾਗਾਂ ‘ਤੇ ਆਧਾਰਿਤ ਕਲਾਕ੍ਰਿਤਾਂ ਸਿਰਜਣ ਲਈ ਵਿਸ਼ੇਸ ਤੌਰ ‘ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਦੀਆਂ ਗੁਰਬਾਣੀ ਦੇ 31 ਰਾਗਾਂ ‘ਤੇ ਆਧਾਰਿਤ ਕਲਾਕ੍ਰਿਤਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਜੋ ਸਿੱਖ ਧਰਮ ਦਾ ਵਿਲੱਖਣ ਕਾਰਜ ਹੈ। ਉਨ੍ਹਾਂ ਨੇ ਕਵਿਤਾ, ਵਾਰਤਕ ਤੇ ਚਿੱਤਰਕਾਰੀ ਨਾਲ ਸਬੰਧਿਤ 6 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ।
ਹਰਦੇਵ ਸਿੰਘ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਫਰਾਲਾ ਵਿਖੇ ਹੋਇਆ। ਉਨ੍ਹਾਂ ਨੂੰ ਬਚਪਨ ਤੋਂ ਹੀ ਚਿੱਤਰਕਾਰੀ ਦਾ ਸ਼ੌਕ ਸੀ ਜੋ ਉਨ੍ਹਾਂ ਨੂੰ ਸ਼ਾਂਤੀ ਨਿਕੇਤਨ ਲੈ ਗਿਆ ਜਿੱਥੇ ਉਨ੍ਹਾਂ ਨੇ ਆਪਣੇ ਕਲਾ ਦੀ ਸਿੱਖਿਆ ਗ੍ਰਹਿਣ ਕਰਨ ਦੇ ਸੁਪਨੇ ਨੂੰ ਪੂਰਾ ਕੀਤਾ। ਬਾਅਦ ਵਿੱਚ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਆਰਟ ਵਿਭਾਗ ਤੋਂ ਇਸ ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਖੇਤਰ ਵਿੱਚ ਉਨ੍ਹਾਂ ਨੂੰ ਇਟਲੀ ਤੋਂ ਸਕਾਲਰਸ਼ਿਪ ਪ੍ਰਾਪਤ ਹੋਈ ਜਿਸ ਤਹਿਤ ਉਨ੍ਹਾਂ ਨੇ ਕਈ ਪ੍ਰਾਜੈਕਟ ਪੂਰੇ ਕੀਤੇ। ਵਿਸ਼ਵ ਦੇ ਵੱਖ ਵੱਖ ਹਿੱਸਿਆਂ ਵਿੱਚ ਉਨ੍ਹਾਂ ਇਕੱਲਿਆਂ ਨੇ ਲਗਪਗ 60 ਪ੍ਰਦਰਸ਼ਨੀਆਂ ਲਗਾਈਆਂ।ਹਰਦੇਵ ਸਿੰਘ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 21 ਸਤੰਬਰ ਨੂੰ ਸ਼ਾਮ 3 ਤੋਂ 5 ਵਜੇ ਤੱਕ ਗੁਰੂ ਸਿੱਖ ਸਭਾ ਗੁਰਦੁਆਰਾ, 905 ਮਿਡਲਫੀਲਡ ਰੋਡ, ਸਕਾਰਬਰੋ, ਉਨਟਾਰੀਓ ਵਿਖੇ ਹੋਵੇਗੀ। ਹੋਰ ਜਾਣਕਾਰੀ ਲਈ ਫੋਨ ਨੰਬਰ 416-299-4800 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …