ਟੋਰਾਂਟੋ : ਅਗਲੇ ਮਹੀਨੇ ਤੋਂ ਜਦੋਂ ਅਮਰੀਕਾ ਵੱਲੋਂ ਟਰੈਵਲ ਸਬੰਧੀ ਪਾਬੰਦੀਆਂ ਹਟਾਈਆਂ ਜਾਣਗੀਆਂ ਤਾਂ ਕੋਵਿਡ-19 ਖਿਲਾਫ ਆਕਸਫੋਰਡ ਐਸਟ੍ਰਾਜੈ ਵੈਕਸੀਨ ਦੇ ਸ਼ੌਟ ਲੈ ਚੁੱਕੇ ਕੈਨੇਡੀਅਨ ਉੱਧਰ ਦਾ ਦੌਰਾ ਕਰ ਸਕਣਗੇ। ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਜਿਨ੍ਹਾਂ ਨੇ ਮਿਕਸਡ ਡੋਜ਼ ਲਵਾਈ ਹੈ ਉਨ੍ਹਾਂ ਨੂੰ ਅਮਰੀਕਾ ਜਾਣ ਦਾ ਮੌਕਾ ਮਿਲੇਗਾ ਜਾਂ ਨਹੀਂ। ਸੈਂਟਰਜ਼ ਫੌਰ ਡਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਨੇ ਪਿਛਲੇ ਦਿਨੀਂ ਇਹ ਜਾਣਕਾਰੀ ਉਨ੍ਹਾਂ ਟਰੈਵਲਰਜ਼ ਨੂੰ ਦਿੱਤੀ ਜਿਨ੍ਹਾਂ ਨੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਤੇ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਦੇ ਸ਼ੌਟਜ਼ ਲਏ ਹਨ। ਇਸ ਵਿੱਚ ਇਹ ਕਿਤੇ ਵੀ ਨਹੀਂ ਆਖਿਆ ਗਿਆ ਕਿ ਮਿਕਸਡ ਡੋਜ਼ ਲਵਾਉਣ ਵਾਲਿਆਂ ਨੂੰ ਵੀ ਟਰੈਵਲ ਕਰਨ ਦੀ ਇਜਾਜ਼ਤ ਹੋਵੇਗੀ। ਤਰਜ਼ਮਾਨ ਜੈਸਮੀਨ ਰੀਡ ਨੇ ਆਖਿਆ ਕਿ ਇੱਕ ਵਾਰੀ ਟਰੈਵਲ ਸਬੰਧੀ ਲੋੜਾਂ ਪੂਰੀਆਂ ਕਰ ਲਏ ਜਾਣ ਤੋਂ ਬਾਅਦ ਸੀਡੀਸੀ ਵਾਧੂ ਗਾਇਡੈਂਸ ਤੇ ਜਾਣਕਾਰੀ ਜਾਰੀ ਕਰੇਗੀ। ਰੀਡ ਨੇ ਇਹ ਵੀ ਆਖਿਆ ਕਿ ਸੀਡੀਸੀ ਆਖਰੀ ਹਫਤੇ ਇਸ ਸਬੰਧ ਵਿੱਚ ਏਅਰਲਾਈਨਜ਼ ਨੂੰ ਸੂਚਿਤ ਕਰੇਗੀ।
ਪਿਛਲੇ ਮਹੀਨੇ ਵ੍ਹਾਈਟ ਹਾਊਸ ਅਧਿਕਾਰੀਆਂ ਨੇ ਆਖਿਆ ਸੀ ਕਿ ਇੰਟਰਨੈਸ਼ਨਲ ਟਰੈਵਲਰਜ਼ ਨਵੰਬਰ ਤੋਂ ਅਮਰੀਕਾ ਆ ਸਕਣਗੇ ਪਰ ਉਨ੍ਹਾਂ ਇਹ ਨਹੀਂ ਸੀ ਦੱਸਿਆ ਕਿ ਕਿਹੜੀ ਵੈਕਸੀਨ ਸਬੰਧੀ ਕੀ ਮਾਪਦੰਡ ਹੋਣਗੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਐਫਡੀਏ ਵੱਲੋਂ ਕੋਵਿਡ-19 ਸਬੰਧੀ ਤਿੰਨ ਵੈਕਸੀਨਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ ਐਸਟ੍ਰਾਜ਼ੈਨੇਕਾ ਉਨ੍ਹਾਂ ਵਿੱਚੋਂ ਇੱਕ ਨਹੀਂ ਹੈ। ਪਰ ਐਸਟ੍ਰਾਜੈ ਨੂੰ ਡਬਲਿਊਐਚਓ ਵੱਲੋਂ ਮਨਜ਼ੂਰੀ ਮਿਲੀ ਹੋਈ ਹੈ।