ਕੋਵਿਡ-19 ਮਹਾਮਾਰੀ ਦੇ ਅਸਰ ਕਾਰਨ ਦੁਨੀਆ ਵਿਚ ਡੇਢ ਮਿਲੀਅਨ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, 75 ਮਿਲੀਅਨ ਲੋਕ ਬਿਮਾਰ ਹੋ ਚੁੱਕੇ ਹਨ, ਸਿਹਤ ਤੇ ਦੀਰਘ-ਕਾਲੀ ਅਸਰ ਪਏ ਹਨ, ਬਿਜ਼ਨਸ ਬਰਬਾਦ ਹੋਏ ਹਨ, ਅਰਥਚਾਰੇ ਲੁੜਕ ਗਏ ਹਨ। ਇਸ ਦੇ ਮੱਦੇਨਜ਼ਰ ਮਾਹਰ ਲੋਕ ਸੁਆਲ ਕਰ ਰਹੇ ਹਨ ਕਿ ਅਜਿਹੀ ਕਿਸੇ ਹੋਰ ਮਹਾਮਾਰੀ ਨੂੰ ਭਵਿੱਖ ਵਿਚ ਆਉਣ ਤੋਂ ਕਿਵੇਂ ਟਾਲ ਸਕਦੇ ਹਾਂ। ਇਸ ਬਾਰੇ ਇਕ ਸਰਵਸੰਮਤ ਰਾਏ ਇਹ ਬਣ ਰਹੀ ਹੈ ਕਿ ਜੰਗਲੀ ਜੀਵਾਂ ਦੇ ਵਪਾਰ ਤੇ ਪਾਬੰਦੀ ਲਾਉਣਾ ਇਸ ਪਾਸੇ ਇਕ ਅਹਿਮ ਕਦਮ ਹੋਵੇਗਾ।
ਪਿਛਲੀ ਸਦੀ ਵਿਚ ਜਿਨ੍ਹਾਂ ਲਾਗ ਦੀਆਂ ਬਿਮਾਰੀਆਂ ਨੇ ਬਹੁਤ ਤਬਾਹੀ ਮਚਾਈ ਹੈ, ਉਨ੍ਹਾਂ ਵਿਚ ਏਚਆਈਵੀ/ਏਡਜ਼, ਸਾਰਸ, ਈਬੋਲਾ ਅਤੇ ਅੱਜਕੱਲ੍ਹ ਚੱਲ ਰਹੀ ਕੋਵਿਡ-19 ਸ਼ਾਮਲ ਹਨ। ਅੱਜਕੱਲ੍ਹ ਫੈਲਣ ਵਾਲੀਆਂ 75 ਪ੍ਰਤੀਸ਼ਤ ਬਿਮਾਰੀਆਂ ਦੀ ਤਰਾਂ ਇਹ ਵਾਇਰਸ ਜਾਨਵਰਾਂ ਤੋਂ ਆਉਂਦੇ ਹਨ, ਮੁੱਖ ਤੌਰ ਤੇ ਜੰਗਲੀ ਜਾਨਵਰਾਂ ਤੋਂ।
ਜਿਨ੍ਹਾਂ ਜੰਗਲੀ ਜਾਨਵਰਾਂ ਤੇ ਇਹ ਮਾਰੂ ਵਾਇਰਸ ਹੁੰਦੇ ਹਨ, ਆਮ ਕਰਕੇ ਇਨਸਾਨ ਇਨ੍ਹਾਂ ਦੇ ਸੰਪਰਕ ਵਿਚ ਨਹੀਂ ਆਉਂਦੇ। ਇਨ੍ਹਾਂ ਵਾਇਰਸਾਂ ਨਾਲ ਇਹ ਜਾਨਵਰ ਕਦੇ ਬਿਮਾਰ ਨਹੀਂ ਹੁੰਦੇ। ਪਰ ਕਈ ਬਿਲੀਅਨ ਡਾਲਰ ਦੇ ਕਾਰੋਬਾਰ ਵਾਲੀ ਜੰਗਲੀ ਜੀਵਾਂ ਦਾ ਵਪਾਰ ਕਰਨ ਵਾਲੀ ਇੰਡਸਰੀ ਨੇ ਇਨਸਾਨਾਂ ਨੂੰ ਅਜਿਹੇ ਜਾਨਵਰਾਂ ਦੇ ਸੰਪਰਕ ਵਿਚ ਵਿਚ ਲੈਂ ਆਂਦਾ ਹੈ, ਜਿਨ੍ਹਾਂ ਵਿਚ ਚਮਗਿੱਦੜ, ਸਿਵਿਟ, ਛਿਪਕਲੀ, ਬਾਂਦਰ, ਏਪਸ, ਚਿੰਪੈਂਜ਼ੀ ਅਤੇ ਅਨੇਕਾਂ ਹੋਰ ਨਸਲਾਂ ਦੇ ਜੀਵ ਸ਼ਾਮਲ ਹਨ।
ਇਨ੍ਹਾਂ ਜੀਵਾਂ ਦਾ ਸ਼ਿਕਾਰ ਕਰਨ ਵਾਲੇ ਅਤੇ ਇਨ੍ਹਾਂ ਨੂੰ ਪਾਲਣ ਵਾਲੇ ਸ਼ਾਇਦ ਨਹੀਂ ਜਾਣਦੇ ਕਿ ਉਹ ਸਿਹਤ ਲਈ ਕਿਸ ਤਰਾਂ ਦੇ ਖਤਰੇ ਲੈ ਰਹੇ ਹਨ। ਜਿਨ੍ਹਾਂ ਨੂੰ ਪਤਾ ਵੀ ਹੈ, ਉਹ ਵੀ ਇਹ ਕਰ ਰਹੇ ਹਨ, ਕਿਉਂਕਿ ਲੋਕ ਇਨ੍ਹਾਂ ਜਾਨਵਰਾਂ ਜਾਂ ਇਨ੍ਹਾਂ ਦੇ ਅੰਗਾਂ ਵਾਸਤੇ ਬਹੁਤ ਜ਼ਿਆਦਾ ਪੈਸੇ ਦੇਣ ਲਈ ਤਿਆਰ ਹੋ ਜਾਦੇ ਹਨ।
ਇਨ੍ਹਾਂ ਬਾਰੇ ਮੁਲਕ ਦੇ ਅੰਦਰ ਜਾਂ ਇੰਟਰਨੈਸ਼ਨਲ ਪੱਧਰ ਤੇ ਕਨੂੰਨ ਜਾਂ ਤਾਂ ਮੌਜੂਦ ਹੀ ਨਹੀਂ ਹਨ ਜਾਂ ਬਹੁਤ ਢਿੱਲੇ ਹਨ। ਇਸ ਦੇ ਸਿੱਟੇ ਵਜੋਂ ਇਹ ਜਾਨਵਰ ਮਾਰਕੀਟ ਵਿਚ ਪਹੁੰਚ ਜਾਂਦੇ ਹਨ, ਜਿੱਥੇ ਇਨ੍ਹਾਂ ਨੂੰ ਪਿੰਜਰਿਆਂ ਵਿਚ ਤੂੜਿਆ ਗਿਆ ਹੁੰਦਾ ਹੈ, ਜਿਥੇ ਦੂਜੀਆਂ ਨਸਲਾਂ ਦੇ ਜੀਵਾਂ ਦੇ ਉਹ ਬਹੁਤ ਨੇੜੇ ਜਾਂਦੇ ਹਨ ਅਤੇ ਇਸ ਨਾਲ ਬਿਮਾਰੀ ਫੈਲਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹੈ। ਕੈਨੇਡੀਅਨ ਆਮ ਕਰਕੇ ਸੋਚਦੇ ਹਨ ਕਿ ਇਹ ਸਾਰਾ ਕੁੱਝ ਦੂਜੇ ਮੁਲਕਾਂ ਵਿਚ ਹੁੰਦਾ ਹੈ, ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਕੈਨੇਡਾ ਦੇ ਅੰਦਰ ਵੀ ਫਰ, ਮਨੋਰੰਜਨ ਜਾਂ ਵਿਚਿਤਰ ਪੈਟਸ ਵਾਸਤੇ ਜੰਗਲੀ ਜੀਵਾਂ ਦਾ ਇਕ ਤਕੜਾ ਕਾਰੋਬਾਰ ਹੈ। ਇਹ ਜਾਨਵਰ ਔਨਲਾਈਨ ਵੇਚੇ ਜਾਂਦੇ ਹਨ, ਪੈੱਟ ਸਟੋਰਾਂ ਵਿਚ ਵੇਚੇ ਜਾਂਦੇ ਹਨ ਅਤੇ ਵਿਚਿਤਰ ਪਾਲਤੂ ਜਾਨਵਰਾਂ ਦੀਆਂ ਨੁਮਾਇਸ਼ਾਂ ਵਿਚ ਵੇਚੇ ਜਾਂਦੇ ਹਨ। ਕਈ ਮੋਬਿਲ ਪੈਟਿੰਗ ਜ਼ੂਜ਼ ਵਿਚ ਸਕੂਲਾਂ, ਬਰਥਡੇ ਪਾਰਟੀਆਂ, ਲੌਂਗ-ਟਰਮ ਕੇਅਰ ਹੋਰਮਾਂ ਵਿਚ ਪੂਰੇ ਮੁਲਕ ਵਿਚ ਵਿਚ ਘੁੰਮਾਏ ਜਾਦੇ ਹਨ, ਜਿਸ ਨੂੰ ਦੇਖਕੇ ਕਈ ਲਾਗ ਦੀਆਂ ਬਿਮਾਰੀਆਂ ਦੇ ਮਾਹਰ ਪ੍ਰੇਸ਼ਾਨ ਹੁੰਦੇ ਹਨ।
ਵਰਲਡ ਐਨੀਮਲ ਪ੍ਰਟੈਕਸ਼ਨ ਕੈਨੇਡਾ ਦੇ ਕੈਂਪੇਨ ਡਾਇਰੈਕਟਰ ਮਲਿਸਾ ਮੈਟਲੋ ਦਾ ਕਹਿਣਾ ਹੈ, ”ਅਗਲੀ ਮਹਾਮਾਰੀ ਨੂੰ ਰੋਕਣ ਲਈ ਜੇ ਅਸੀਂ ਕੋਈ ਇਕ ਕੰਮ ਕਰ ਸਕਦੇ ਹਾਂ ਤਾਂ ਉਹ ਹੋਣਾ ਚਾਹੀਦਾ ਹੈ ਕਿ ਜੰਗਲੀ ਜੀਵਾਂ ਦੇ ਗਲੋਬਾਰ ਵਪਾਰ ਤੇ ਪਾਬੰਦੀ ਲਾਉਣਾ। ਜੰਗਲੀ ਜੀਵਾਂ ਦਾ ਕਾਰੋਬਾਰ ਨਾ ਸਿਰਫ ਨਿਰਦੈਤਾ ਹੈ, ਬਲਕਿ ਇਹ ਸਭ ਨੂੰ, ਸਭ ਥਾਂ ਖਤਰੇ ਵਿਚ ਪਾਉਂਦਾ ਹੈ।”
ਇਹ ਇਕ ਗਲੋਬਲ ਪ੍ਰੌਬਲਮ ਹੈ, ਜਿਸ ਦਾ ਹੱਲ ਵੀ ਗਲੋਬਲ ਪੱਧਰ ਤੇ ਨਿਕਲਣਾ ਚਾਹੀਦਾ ਹੈ। ਜੰਗਲੀ ਜੀਵਾਂ ਦੇ ਕਾਰੋਬਾਰ ਨੂੰ ਰੋਕਣ ਲਈ ਹਰ ਮੁਲਕ ਨੂੰ ਰੋਲ ਅਦਾ ਕਰਨਾ ਚਾਹੀਦਾ ਹੈ। ਇਸ ਸੰਗਠਨ ਦੇ ਮੈਂਬਰ ਪਾਰਲੀਮੈਂਟ ਮੈਂਬਰਾਂ ਨੂੰ ਜਾਣਕਾਰੀ ਦੇਣ ਲਈ ਅਤੇ ਤਬਦੀਲੀ ਲਿਆਉਣ ਵਾਸਤੇ ਦਬਾਅ ਪਾਉਣ ਲਈ ਵੀਡੀ? ਮੀਟਿੰਗਾਂ ਕਰਦੇ ਰਹੇ ਹਨ। ਉਹ ਕੈਨੇਡਾ ਨੂੰ ਅਪੀਲ ਕਰ ਰਹੇ ਹਨ ਕਿ ਜੰਗਲੀ ਜੀਵਾਂ ਦੀ ਦਰਾਮਦ ਰੋਕਣ, ਉਨ੍ਹਾਂ ਦੇ ਘਰੇਲੂ ਵਪਾਰ ਅਤੇ ਉਤਪਾਦਾਂ ਨੂੰ ਰੋਕਣ ਅਤੇ ਹੋਰ ਮੁਲਕਾਂ ਨੂੰ ਵੀ ਅਜਿਹੇ ਕਦਮ ਉਠਾਉਣ ਲਈ ਪ੍ਰੇਰਿਤ ਕੀਤਾ ਜਾਵੇ। ਨੌਰਥਸਟਾਰ ਰੀਸਰਚ ਪਾਰਟਨਰਜ਼ ਦੁਆਰਾ ਕੀਤੇ ਇਕ ਤਾਜ਼ਾ ਪੋਲ ਮੁਤਾਬਕ ਵੱਡੀ ਪੱਧਰ ਤੇ ਕੈਨੇਡੀਅਨ ਇਸ ਦੇ ਪੱਖ ਵਿਚ ਹਨ।
ਵਰਲਡ ਐਨੀਮਲ ਪ੍ਰਟੈਕਸ਼ਨ ਕੈਨੇਡਾ ਨੇ ਆਪਣੀ ਵੈਬਸਾਈਟ ਤੇ ਇਕ ਪਟੀਸ਼ਨ ਲੌਂਚ ਕੀਤੀ ਹੈ, ਜਿਸ ਨੂੰ 50 ਹਜ਼ਾਰ ਤੋਂ ਵੱਧ ਲੋਕ ਸਾਈਨ ਕਰ ਚੁੱਕੇ ਹਨ। ਦੂਜੇ ਜੀ-20 ਮੁਲਕਾਂ ਨੂੰ ਵੀ ਇਸੇ ਤਰਾਂ ਦੇ ਕਦਮ ਉਠਾਉਣ ਲਈ ਦੁਨੀਆ ਭਰ ਵਿਚ ਲੱਖਾਂ ਹੋਰ ਲੋਕ ਇਸੇ ਤਰਾਂ ਕਰ ਰਹੇ ਹਨ।
ਇਸ ਸੰਦੇਸ਼ ਨੂੰ ਜੋ ਹੁੰਗਾਰਾ ਮਿਲ ਰਿਹਾ ਹੈ, ਉਸ ਤੋਂ ਮੈਟਲੋ ਖੁਸ਼ ਹਨ, ਪਰ ਅਜੇ ਕੋਈ ਬਹੁਤ ਠੋਸ ਕਦਮ ਨਹੀਂ ਉਠਾਏ ਗਏ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਐਮਪੀਜ਼ ਤੋਂ ਜੋ ਹਿਮਾਇਤ ਸਾਨੂੰ ਮਿਲ ਰਹੀ ਹੈ, ਉਸ ਨੇ ਸਾਡਾ ਹੌਸਲਾ ਜ਼ਰੂਰ ਵਧਾਇਆ ਹੈ।
Check Also
ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …