8.4 C
Toronto
Friday, October 24, 2025
spot_img
Homeਕੈਨੇਡਾਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ...

ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ ਬਿੱਲ ਪਾਸ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ 14 ਦਸੰਬਰ 2024 ਤੋਂ 15 ਫਰਵਰੀ 2025 ਤੱਕ ਦੋ ਮਹੀਨੇ ਲਈ ਕਈ ਆਈਟਮਾਂ ਉੱਪਰ ਫੈਡਰਲ ਟੈਕਸ ਹਟਾਇਆ ਗਿਆ ਹੈ। ਇਨ੍ਹਾਂ ਵਿਚ ਬੱਚਿਆਂ ਦੇ ਖਿਡਾਉਣੇ, ਪੁਸਤਕਾਂ, ਰੈਸਟੋਰੈਂਟਾਂ ਵਿਚ ਖਾਣ-ਪੀਣ ਅਤੇ ਟੇਕ-ਆਊਟ , ਆਦਿ ਸ਼ਾਮਲ ਹਨ।
ਇਹ ਬਿੱਲ ਹੁਣ ਅਗਲੇਰੀ ਕਾਰਵਾਈ ਲਈ ਫਾਸਟ-ਟਰੈਕ ਵਿੱਚੋਂ ਲੰਘਦਾ ਹੋਇਆ ਸੈਨੇਟ ਕੋਲ ਜਾਏਗਾ ਜਿੱਥੇ ਇਸਦੇ ਪਾਸ ਹੋਣ ਦੀ ਪੂਰੀ ਉਮੀਦ ਹੈ। ਇਸਦੇ ਪਾਸ ਹੋ ਜਾਣ ਤੇ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ ਜੀਐੱਸਟੀ 14 ਦਸੰਬਰ 2024 ਤੋਂ ਲੈ ਕੇ 15 ਫ਼ਰਵਰੀ 2025 ਤੱਕ ਛੁੱਟੀਆਂ ਦੇ ਇਨ੍ਹਾਂ ਦੋ ਮਹੀਨਿਆਂ ਲਈ ਨਹੀਂ ਲਗਾਇਆ ਜਾਏਗਾ।
ਇਸਦੇ ਨਾਲ ਹੀ ਇਸ ਬਿੱਲ ਦੀ ਦੂਸਰੀ ਮੱਦ ਜਿਸ ਰਾਹੀਂ ਸਾਲ 2023 ਵਿੱਚ ਕੰਮ ਕਰਨ ਵਾਲੇ 18,7 ਮਿਲੀਅਨ ਕੈਨੇਡੀਅਨਾਂ ਜਿਨ੍ਹਾਂ ਨੇ ਇਸ ਅਰਸੇ ਦੌਰਾਨ 150,000 ਡਾਲਰ ਜਾਂ ਇਸ ਤੋਂ ਘੱਟ ਕਮਾਈ ਕੀਤੀ ਸੀ, ਨੂੰ 250 ਡਾਲਰ ਦੇ ਚੈੱਕ ਦੇਣ ਦੀ ਵਿਵਸਥਾ ਸੀ, ਨੂੰ ਠੰਢੇ-ਬਸਤੇ ਪਾ ਦਿੱਤਾ ਗਿਆ ਹੈ, ਕਿਉਂਕਿ ਕਈ ਕੈਨੇਡਾ-ਵਾਸੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ। ਫ਼ੈੱਡਰਲ ਟੈਕਸ ਨਾ ਵਸੂਲ ਕਰਨ ਦੀ ਇਸ ਰਿਆਇਤ ਬਾਰੇ ਸਰਕਾਰ ਵੱਲੋਂ ਇਹ ਕਿਹਾ ਹੈ ਕਿ ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, ਜਿਵੇਂ ਹਰੇਕ ਚੀਜ਼ ਦੀ ਕੀਮਤ ਵਿੱਚ ਵਾਧਾ ਹੋ ਗਿਆ ਹੋਵੇ। ਹੁਣ ਜਦੋਂ ਕਿ ਮਹਿੰਗਾਈ ਦੀ ਦਰ ਸੁੰਗੜ ਰਹੀ ਹੈ ਅਤੇ ਚੀਜ਼ਾਂ ਦੀਆਂ ਕੀਮਤਾਂ ਵੀ ਕੁਝ ਹੇਠਾਂ ਵੱਲ ਸਰਕ ਰਹੀਆਂ ਹਨ, ਫਿਰ ਵੀ ਕੈਨੇਡਾ-ਵਾਸੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਬੱਜਟ ਡਾਵਾਂਡੋਲ ਹੋ ਰਹੇ ਹਨ। ਇਸ ਕਰਕੇ ਸਰਕਾਰ ਲੋਕਾਂ ਦੀ ਵਿੱਤੀ-ਸਹਾਇਤਾ ਕਰ ਰਹੀ ਹੈ ਤਾਂ ਜੋ ਉਹ ਲੋੜੀਂਦੀਆਂ ਵਸਤਾਂ ਖ਼ਰੀਦ ਸਕਣ ਅਤੇ ਆਪਣੇ ਲਈ ਕੁਝ ਬੱਚਤ ਵੀ ਕਰ ਸਕਣ। ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ 14 ਦਸੰਬਰ ਤੋਂ ਸ਼ੁਰੂਆਤ ਕਰਕੇ ਸਰਕਾਰ ਸਾਰੇ ਕੈਨੇਡਾ-ਵਾਸੀਆਂ ਨੂੰ ਇਹ ਟੈਕਸ ਰੀਬੇਟ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰੀਕ ਤੋਂ ਹੇਠ ਲਿਖੀਆਂ ਚੀਜ਼ਾਂ ਉੱਪਰ ਜੀਐੱਸਟੀ/ਐੱਚਐੱਸਟੀ ਨਹੀਂ ਲਗਾਇਆ ਜਾਏਗਾ:
* ਬਣੇ-ਬਣਾਏ ਖਾਣੇ ਜਿਨ੍ਹਾਂ ਵਿੱਚ ਸਬਜ਼ੀਆਂ ਦੀਆਂ ਟਰੇਆਂ, ਸਲਾਦ ਅਤੇ ਸੈਂਡਵਿਚ ਸ਼ਾਮਲ ਹਨ।
* ਰੈਸਟੋਰੈਂਟਾਂ ਵਿਚ ਖਾਣਾ ਜਿਸ ਵਿਚ ਡਾਈਨ-ਇਨ, ਟੇਕ-ਆਊਟ ਅਤੇ ਖਾਣੇ ਦੀ ਡਲਿਵਰੀ ਵੀ ਸ਼ਾਮਲ ਹੈ।
ਸਨੈਕਸ ਜਿਨ੍ਹਾਂ ਵਿੱਚ ਚਿਪਸ, ਕੈਂਡੀ, ਗਰਨੋਲਾ ਬਾਰ ਆਦਿ ਸ਼ਾਮਲ ਹਨ।
* ਬੀਅਰ, ਵਾਈਨ, ਸਾਈਡਰ ਅਤੇ 7 ਫੀਸਦੀ ਏਬੀਵੀ ਤੋਂ ਹੇਠਲੇ ਪ੍ਰੀ-ਮਿਕਸ ਅਲਕੋਹਲਿਕ ਬੀਵਰੇਜ।
* ਬੱਚਿਆਂ ਦੇ ਕੱਪੜੇ, ਬੂਟ, ਕਾਰ-ਸੀਟਾਂ ਤੇ ਡਾਇਪਰ।
ਬੱਚਿਆਂ ਦੇ ਖਿਡਾਉਣੇ, ਜਿਵੇਂ ਬੋਰਡ-ਗੇਮਾਂ, ਡੌਲਾਂ ਤੇ ਵੀਡੀਉ-ਗੇਮਾਂ।
* ਪੁਸਤਕਾਂ, ਪ੍ਰਿੰਟ ਅਖ਼ਬਾਰਾਂ ਤੇ ਅੜਾਉਣੀਆਂ।
* ਕ੍ਰਿਸਮਸ ਟਰੀ
ਸੋਨੀਆ ਸਿੱਧੂ ਨੇ ਕਿਹਾ ਕਿ ਇਹ ਟੈਕਸ ਰੀਬੇਟ 15 ਫ਼ਰਵਰੀ 2025 ਤੱਕ ਜਾਰੀ ਰਹੇਗੀ ਅਤੇ ਇਸ ਨਾਲ ਕੈਨੇਡਾ-ਵਾਸੀਆਂ ਨੂੰ ਕਾਫ਼ੀ ਬੱਚਤ ਹੋ ਸਕੇਗੀ। ਆਉਂਦੇ ਕੁਝ ਹਫ਼ਤਿਆਂ ਵਿਚ ਲੋਕ ਆਪਣੇ ਪਰਿਵਾਰਾਂ ਨਾਲ ਮਿਲ ਬੈਠ ਕੇ ਵਧੀਆ ਸਮਾਂ ਗੁਜ਼ਾਰਨਗੇ। ਉਹ ਕ੍ਰਿਸਮਸ-ਰੁੱਖਾਂ ਨੂੰ ਰੁਸ਼ਨਾਉਣਗੇ, ਦੂਸਰਿਆਂ ਲਈ ਤੋਹਫ਼ੇ ਖ੍ਰੀਦਣਗੇ ਅਤੇ ਆਪਣੇ ਦੋਸਤਾਂ-ਮਿੱਤਰਾਂ ਨਾਲ ਮਿਲ ਕੇ ਰੈਸਟੋਰੈਂਟਾਂ ਵਿਚ ਪਾਰਟੀਆਂ ਦਾ ਅਨੰਦ ਲੈਣਗੇ। ਕਈ ਘਰੇ ਬੈਠ ਕੇ ਵਾਈਨ, ਬੀਅਰ ਤੇ ਗਰਮ ਚਾਕਲੇਟਾਂ ਦਾ ਮਜ਼ਾ ਲੈਣਗੇ, ਰੈਸਟੋਰੈਟਾਂ ਤੋਂ ਖਾਣੇ ਦੇ ਆਰਡਰ ਕਰਨਗੇ ਅਤੇ ਨਾਲ ਦੀ ਨਾਲ ਫ਼ਿਲਮਾਂ ਵੇਖੀ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਕੈਨੇਡਾ-ਵਾਸੀਆਂ ਦਾ ਜੀਵਨ ਸੁਖਾਲਾ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਲੋੜੀਂਦੀਆਂ ਵਸਤਾਂ ਖ਼ਰੀਦਣ ਲਈ ਉਨ੍ਹਾਂ ਦੀਆਂ ਜੇਬਾਂ ਵਿਚ ਪੈਸੇ ਹੋਣ।

RELATED ARTICLES

ਗ਼ਜ਼ਲ

POPULAR POSTS