ਕਿਸਾਨਾਂ ਦੇ ਦਿੱਲੀ ਕੂਚ ’ਤੇ ਅੱਥਰੂ ਗੈਸ ਨਾਲ ਹਮਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ-ਹਰਿਆਣਾ ਬਾਰਡਰ ’ਤੇ ਸ਼ੰਭੂ ਬੈਰੀਅਰ ਤੋਂ 101 ਕਿਸਾਨਾਂ ਦੇ ਜਥੇ ਨੇ ਅੱਜ ਦਿੱਲੀ ਵੱਲ ਪੈਦਲ ਮਾਰਚ ਸ਼ੁਰੂ ਕੀਤਾ, ਪਰ ਉਨ੍ਹਾਂ ਨੂੰ ਕੁਝ ਮੀਟਰ ਦੀ ਦੂਰੀ ’ਤੇ ਪੁਲਿਸ ਨੇ ਬੈਰੀਕੇਡ ਲਗਾ ਕੇ ਰੋਕ ਦਿੱਤਾ। ਇਸੇ ਦੌਰਾਨ ਹਰਿਆਣਾ ਦੀ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਨਾ ਵਧਣ ਲਈ ਕਿਹਾ ਅਤੇ ਭਾਰਤੀ ਸਿਵਲ ਡਿਫੈਂਸ ਕੋਡ ਦੀ ਧਾਰਾ 163 ਦੇ ਤਹਿਤ ਲਗਾਏ ਗਏ ਮਨਾਹੀ ਦੇ ਹੁਕਮਾਂ ਦਾ ਹਵਾਲਾ ਦਿੱਤਾ। ਅੰਬਾਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਵਿਚ 5 ਜਾਂ 5 ਤੋਂ ਵੱਧ ਵਿਅਕਤੀਆਂ ਦੇ ਗੈਰ ਕਾਨੂੰਨੀ ਰੂਪ ਵਿਚ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਕੁਝ ਖੇਤਰਾਂ ਵਿਚ ਇੰਟਰਨੈਟ ਵੀ ਬੰਦ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਜਦੋਂ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਅਤੇ ਕੁਝ ਕਿਸਾਨਾਂ ਦੇ ਜ਼ਖ਼ਮੀ ਹੋਣ ਦੀ ਵੀ ਖਬਰ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਕੁਝ ਕਿਸਾਨ ਜਥੇਬੰਦੀਆਂ ਨੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਸੀ।