8.3 C
Toronto
Wednesday, October 29, 2025
spot_img
Homeਪੰਜਾਬ'ਆਪ' ਵਲੋਂ ਕਿਸਾਨ ਮੈਨੀਫੈਸਟੋ ਜਾਰੀ

‘ਆਪ’ ਵਲੋਂ ਕਿਸਾਨ ਮੈਨੀਫੈਸਟੋ ਜਾਰੀ

arvind-kejriwal-in-asrਐੱਸਵਾਈਐੱਲ ਦੀ ਜ਼ਮੀਨ ਕਿਸਾਨਾਂ ਨੂੰ ਕਰਾਂਗੇ ਵਾਪਸ, ਕਿਸਾਨਾਂ ਨੂੰ 12 ਘੰਟੇ ਮੁਫਤ ਬਿਜਲੀ ਦੇਣ ਦਾ ਐਲਾਨ
ਮੋਗਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਵੱਲੋਂ ਐਤਵਾਰ ਨੂੰ ਬਾਘਾਪੁਰਾਣਾ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਦੌਰਾਨ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨ ਚੋਣ ਮਨੋਰਥ ਪੱਤਰ ਜਾਰੀ ਕੀਤਾ। ਚੋਣ ਮਨੋਰਥ ਪੱਤਰ ਅਨੁਸਾਰ ਪੰਜਾਬ ਵਿਚ ‘ਆਪ’ ਦੀ ਸਰਕਾਰ ਆਉਣ ‘ਤੇ ਐੱਸਵਾਈਐੱਲ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਕੇ ਉਸ ਦੀ ਰਜਿਸਟਰੀ ਕਿਸਾਨਾਂ ਦੇ ਨਾਂ ਕਰਵਾਈ ਜਾਏਗੀ। ਕਿਸਾਨਾਂ ਨੂੰ 12 ਘੰਟੇ ਮੁਫ਼ਤ ਬਿਜਲੀ ਦਿੱਤੀ ਜਾਏਗੀ। ਕਿਸਾਨਾਂ ਦੀਆਂ ਫ਼ਸਲਾਂ ਦੀਆਂ ਕੀਮਤਾਂ ਬਾਰੇ ਸਵਾਮੀਨਾਥਨ ਰਿਪੋਰਟ 2020 ਤਕ ਲਾਗੂ ਕੀਤੀ ਜਾਏਗੀ। ਅਗਲੇ ਦੋ ਸਾਲ ਬਾਅਦ ਪੰਜਾਬ ਵਿਚ ਕਿਸੇ ਕਿਸਾਨ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਨਹੀਂ ਹੋਣਾ ਪਏਗਾ। ਗ਼ਰੀਬ ਕਿਸਾਨਾਂ ਤੇ ਦਲਿਤਾਂ ਦੇ ਬੈਂਕ ਕਰਜ਼ੇ ਮਾਫ਼ ਕੀਤੇ ਜਾਣਗੇ। 10 ਲੱਖ ਹੋਰ ਪਰਿਵਾਰਾਂ ਨੂੰ ਬੀਪੀਐੱਲ ਸਕੀਮ ਅਧੀਨ ਲਿਆਂਦਾ ਜਾਏਗਾ। ਬੁਢਾਪਾ ਪੈਨਸ਼ਨ ਵਧਾ ਕੇ ਦੋ ਹਜ਼ਾਰ ਰੁਪਏ ਕੀਤੀ ਜਾਏਗੀ।
ਰੈਲੀ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੌਜੂਦਾ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਭ੍ਰਿਸ਼ਟ ਮੰਤਰੀਆਂ ਨੂੰ ਸਰਕਾਰ ਬਣਨ ਦੇ 2 ਮਹੀਨਿਆਂ ਦੇ ਅੰਦਰ-ਅੰਦਰ ਹੀ ਜੇਲ੍ਹਾਂ ਵਿਚ ਡੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਇਕੱਠ ਨੇ ਇਹ ਦੱਸ ਦਿੱਤਾ ਹੈ ਕਿ ਬਾਦਲ ਸਰਕਾਰ ਨੂੰ ਚੱਲਦਾ ਕਰਨ ਲਈ ਲੋਕ ਕਿੰਨੇ ਕਾਹਲੇ ਹਨ।
ਉਨ੍ਹਾਂ ਕਿਹਾ ਕਿ ਜੋ ਪੰਜਾਬ ਅੰਦਰ ਇਕ ਪਰਿਵਾਰ ਦੀਆਂ ਗ਼ੈਰ-ਕਾਨੂੰਨੀ ਬੱਸਾਂ ਚੱਲ ਰਹੀਆਂ ਹਨ ਉਨ੍ਹਾਂ ਨੂੰ ਜ਼ਬਤ ਕਰਕੇ ਉਹ ਬੇਰੁਜ਼ਗਾਰਾਂ ਨੂੰ ਸੌਂਪੀਆਂ ਜਾਣਗੀਆਂ ਤਾਂ ਜੋ ਪੰਜਾਬ ਦੇ ਕੁਝ ਕੁ ਬੇਰੁਜ਼ਗਾਰ ਇਨ੍ਹਾਂ ਬੱਸਾਂ ਰਾਹੀਂ ਰੁਜ਼ਗਾਰ ਚਲਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਿਨ੍ਹਾਂ ਮੰਤਰੀਆਂ ਖ਼ਿਲਾਫ਼ ਕਿਸਾਨਾਂ ਦੀਆਂ ਸਕੀਮਾਂ ਦੇ ਪੈਸੇ ਦੀ ਹੇਰਾਫੇਰੀ ਦੇ ਦੋਸ਼ ਹਨ ਨੂੰ ਜੇਲ੍ਹਾਂ ‘ਚ ਡੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਭ ਕੁਝ ਬਰਦਾਸ਼ਤ ਕਰ ਲਵੇਗੀ ਪ੍ਰੰਤੂ ਭ੍ਰਿਸ਼ਟਾਚਾਰ ਨਹੀਂ ਬਰਦਾਸ਼ਤ ਕਰੇਗੀ ਤੇ ਜੇਕਰ ਕੋਈ ਵੀ ਆਮ ਆਦਮੀ ਪਾਰਟੀ ਦਾ ਮੰਤਰੀ ਭ੍ਰਿਸ਼ਟਾਚਾਰੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਵੀ ਸਬੂਤ ਆਉਣ ਦੇ ਅੱਧੇ ਘੰਟੇ ਬਾਅਦ ਹੀ ਬਰਖਾਸਤ ਕੀਤਾ ਜਾਵੇਗਾ।
ਕਿਸਾਨ ਤੇ ਖੇਤ ਮਜ਼ਦੂਰ ਮੈਨੀਫੈਸਟੋ ਜਾਰੀ ਕਰਦਿਆਂ ਉਨ੍ਹਾਂ ਵਾਅਦਾ ਕੀਤਾ ਕਿ ਪੰਜਾਬ ਦਾ ਹਰ ਕਿਸਾਨ ਦਸੰਬਰ 2018 ਤੱਕ ਕਰਜ਼ਾ ਮੁਕਤ ਹੋਵੇਗਾ, ਗ਼ਰੀਬ ਕਿਸਾਨਾਂ, ਮਜ਼ਦੂਰਾਂ, ਦਲਿਤਾਂ ਅਤੇ ਪੱਛੜੀਆਂ ਜਾਤੀਆਂ ਦੇ ਬੈਂਕ ਕਰਜ਼ੇ ਅਤੇ ਬਾਕੀ ਸਾਰੇ ਕਿਸਾਨਾਂ ਦੇ ਕਰਜ਼ੇ ਉਪਰ ਵਿਆਜ ਮਾਫ਼ ਕੀਤਾ ਜਾਵੇਗਾ। ਸਰ ਛੋਟੂ ਰਾਮ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਆੜ੍ਹਤੀਆਂ ਅਤੇ ਹੋਰਾਂ ਕਰਜ਼ਿਆਂ ਨੂੰ ਕਾਬੂ ਕਰਨ ਲਈ ਸਰ ਛੋਟੂ ਰਾਮ ਐਕਟ ਨੂੰ ਮੁੜ ਲਾਗੂ ਕਰਕੇ ਵਿਆਜ ਨੂੰ ਮੂਲ ਤੋਂ ਵੱਧਣ ਨਹੀਂ ਦਿੱਤਾ ਜਾਵੇਗਾ। ਕੁਦਰਤੀ ਆਫ਼ਤਾਂ ਨਾਲ ਹੋਏ ਨੁਕਸਾਨ ਤੋਂ ਰਾਹਤ ਲਈ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਖੇਤ ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਮੁਆਵਜ਼ਾ ਦਿੱਤਾ ਜਾਵੇਗਾ। ਫ਼ਸਲਾਂ ਦੀ ਖ਼ਰੀਦ ਸਬੰਧੀ ਉਨ੍ਹਾਂ ਵਾਅਦਾ ਕੀਤਾ ਕਿ 24 ਘੰਟਿਆਂ ਦੇ ਅੰਦਰ-ਅੰਦਰ ਫਸਲ ਦੀ ਖ਼ਰੀਦ ਦੇ ਨਾਲ- ਨਾਲ 72 ਘੰਟਿਆਂ ‘ਚ ਫ਼ਸਲ ਦਾ ਭੁਗਤਾਨ ਯਕੀਨੀ ਬਣਾਇਆ ਜਾਵੇਗਾ। ਕਿਸਾਨਾਂ ਦੀਆਂ ਮੋਟਰਾਂ ਦੇ ਬਿਜਲੀ ਦੇ ਬਿੱਲ ਨਹੀਂ ਲੱਗਣਗੇ। ਕਿਸਾਨ ਅਤੇ ਕਿਸਾਨ ਮਜ਼ਦੂਰ ਦੀਆਂ ਧੀਆਂ ਦੇ ਵਿਆਹ ਸਮੇਂ 51 ਹਜ਼ਾਰ ਅਤੇ ਧੀ ਦੇ ਜਨਮ ਮੌਕੇ 21 ਹਜ਼ਾਰ ਰੁਪਏ ਦਾ ਸ਼ਗਨ ਦਿੱਤਾ ਜਾਵੇਗਾ। ਆਟਾ ਦਾਲ ਸਕੀਮ ਹੇਠ ਹੋਰ ਪਰਿਵਾਰ ਲਿਆਂਦੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਭਗਵੰਤ ਮਾਨ, ਦਿੱਲੀ ਦੇ ਵਿਧਾਇਕ ਜਰਨੈਲ ਸਿੰਘ, ਪ੍ਰੋ: ਸਾਧੂ ਸਿੰਘ, ਗੁਰਪ੍ਰੀਤ ਸਿੰਘ ਘੁੱਗੀ, ਹਿੰਮਤ ਸਿੰਘ ਸ਼ੇਰਗਿੱਲ, ਹਰਜੋਤ ਸਿੰਘ ਬੈਂਸ, ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਵੀ ਹਾਜ਼ਰ ਸਨ।
ਅੰਮ੍ਰਿਤਸਰ ਤੇ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨੇਗੀ ‘ਆਪ’ ਸਰਕਾਰ: ਕੇਜਰੀਵਾਲ
ਅੰਮ੍ਰਿਤਸਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਐਲਾਨ ਕੀਤਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਬਣਨ ‘ਤੇ ਅੰਮ੍ਰਿਤਸਰ ਅਤੇ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਬਣਾਇਆ ਜਾਵੇਗਾ। ਚਾਰ ਰੋਜ਼ਾ ਪੰਜਾਬ ਦੌਰੇ ‘ਤੇ ਆਏ ਕੇਜਰੀਵਾਲ ਨੇ ਆਪਣੇ ਪ੍ਰੋਗਰਾਮ ਵਿੱਚ ਬਦਲਾਅ ਕਰਦਿਆਂ ਅਚਨਚੇਤੀ ਅੰਮ੍ਰਿਤਸਰ ਆਉਣ ਦਾ ਪ੍ਰੋਗਰਾਮ ਬਣਾਇਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਆਖਿਆ ਕਿ ਉਹ ਜਦੋਂ ਵੀ ਪੰਜਾਬ ਆਉਂਦੇ ਹਨ ਤਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਜ਼ਰੂਰ ਆਉਂਦੇ ਹਨ। ਉਨ੍ਹਾਂ ਨੂੰ ਇਸ ਰੂਹਾਨੀ ਅਸਥਾਨ ‘ਤੇ ਆ ਕੇ ਸਕੂਨ ਪ੍ਰਾਪਤ ਹੁੰਦਾ ਹੈ। ਉਨ੍ਹਾਂ ਆਖਿਆ ਕਿ ‘ਆਪ’ ਸਰਕਾਰ ਬਣਨ ‘ਤੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਬਣਾਇਆ ਜਾਵੇਗਾ। ਖਾਸ ਕਰਕੇ ਚਾਰਦੀਵਾਰੀ ਵਾਲੇ ਪੁਰਾਤਨ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਸ਼ਰਾਬ, ਤੰਬਾਕੂ, ਸਿਗਰੇਟ, ਮੀਟ ਅਤੇ ਨਸ਼ੇ ਆਦਿ ਵਰਜਿਤ ਕੀਤੇ ਜਾਣਗੇ। ਇਸੇ ਤਰ੍ਹਾਂ ਆਨੰਦਪੁਰ ਸਾਹਿਬ ਨੂੰ ਵੀ ਪਵਿੱਤਰ ਸ਼ਹਿਰ ਬਣਾਇਆ ਜਾਵੇਗਾ।

RELATED ARTICLES
POPULAR POSTS