ਪਰਗਟ ਸਿੰਘ ਵਲੋਂ ਬੈਂਸ ਭਰਾਵਾਂ ਨਾਲ ਵਿਧਾਨ ਸਭਾ ‘ਚ ਧਰਨਾ
ਚੰਡੀਗੜ੍ਹ/ਬਿਊਰੋ ਨਿਊਜ਼ : ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਭਰਾਵਾਂ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨਾਲ ਮਿਲ ਕੇ ਸਦਨ ਵਿਚ ਧਰਨਾ ਦੇ ਕੇ ਪੰਜਾਬ ਵਿਧਾਨ ਸਭਾ ‘ਚ ਚੌਥੇ ਫਰੰਟ ‘ਆਵਾਜ਼-ਏ-ਪੰਜਾਬ’ ਦੀ ਸ਼ੁਰੂਆਤ ਕੀਤੀ ਹੈ। ਦੂਜੇ ਪਾਸੇ ਕਾਂਗਰਸ ਨੇ ਵੀ ਦੋ ਵਾਰ ਸਪੀਕਰ ਮੂਹਰੇ ਜਾ ਕੇ ਨਾਅਰੇਬਾਜ਼ੀ ਕੀਤੀ। ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸੈਸ਼ਨ ਸ਼ੁਰੂ ਹੁੰਦਿਆਂ ਹੀ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਪੰਨਾ ਲਾਲ ਨਈਅਰ ਦੀ ਮੌਤ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਅੱਧੇ ਘੰਟੇ ਲਈ ਸਦਨ ਉਠਾ ਦਿੱਤਾ। ਇਸ ਦੌਰਾਨ ਬੈਂਸ ਭਰਾਵਾਂ ਨਾਲ ਓਲੰਪੀਅਨ ਪਰਗਟ ਸਿੰਘ ਅਕਾਲੀ ਦਲ ਦੇ ਦਫ਼ਤਰ ਪੁੱਜੇ ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਸੌਂਪਿਆ।
ਪਰਗਟ ਸਿੰਘ ਨੇ ਅਸਤੀਫੇ ਵਿਚ ਲਿਖਿਆ ਹੈ ਕਿ ਉਨ੍ਹਾਂ ਨੂੰ ਅਖਬਾਰਾਂ ਰਾਹੀਂ ਪਤਾ ਲੱਗਾ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਨੂੰ ਪਾਰਟੀ ਵੱਲੋਂ ਜਾਰੀ ਕੀਤਾ ਵ੍ਹਿਪ ਵੀ ਪ੍ਰਾਪਤ ਹੋਇਆ ਹੈ। ਉਹ ਪਾਰਟੀ ਤੇ ਵਿਸ਼ੇਸ਼ ਤੌਰ ‘ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਨਾਲ ਕੀਤੇ ਧ੍ਰੋਹ ਨੂੰ ਮੁੱਖ ਰੱਖਦਿਆਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹੈ। ਇਸ ਬਾਅਦ ਪਰਗਟ ਸਿੰਘ ਵਿਰੋਧੀ ਧਿਰ ਵਿਚ ਬੈਂਸ ਭਰਾਵਾਂ ਨਾਲ ਬੈਠ ਗਏ। ਬੈਂਸ ਭਰਾਵਾਂ ਨੇ ਸੈਸ਼ਨ ਸ਼ੁਰੂ ਹੁੰਦਿਆਂ ਹੀ ਰਾਜਸਥਾਨ ਨੂੰ ਮੁਫ਼ਤ ਪਾਣੀ ਦੇਣ ਦੇ ਮੁੱਦੇ ਉਤੇ ਮਤਾ ਲਿਆਉਣ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਹ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਦੌਰਾਨ ਨਿਰੰਤਰ ਨਾਅਰੇਬਾਜ਼ੀ ਕਰਦੇ ਰਹੇ ਅਤੇ ਬਾਅਦ ਵਿੱਚ ਪਰਗਟ ਸਿੰਘ ਸਮੇਤ ਸਪੀਕਰ ਦੀ ਕੁਰਸੀ ਅੱਗੇ ਧਰਨਾ ਮਾਰ ਕੇ ਬੈਠ ਗਏ। ਕਾਂਗਰਸੀਆਂ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਵੀ ਧਰਨੇ ਵਿਚ ਸ਼ਾਮਲ ਹੋਣ ਲਈ ਉਕਸਾਇਆ ਪਰ ਉਹ ਸੱਤਾ ਧਿਰ ਦੇ ਬੈਚਾਂ ‘ਤੇ ਬੈਠੀ ਰਹੀ। ਜਦੋਂ ਬੀਬੀ ਜਗੀਰ ਕੌਰ ਨਾਅਰੇ ਲਾ ਰਹੇ ਬੈਂਸ ਭਰਾਵਾਂ ਨਾਲ ਖਹਿਬੜੀ ਤਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਸ ਨੂੰ ਇਸ਼ਾਰਾ ਕਰਕੇ ਬਿਠਾ ਦਿੱਤਾ। ਅਕਾਲੀ ਵਿਧਾਇਕ ਚਤਿੰਨ ਸਿੰਘ ਸਮਾਓਂ ਦੇ ਸਵਾਲ ‘ਤੇ ਜਦੋਂ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮਿੱਡ-ਡੇਅ ਮੀਲ ਸਕੀਮ ਅਧੀਨ ਕੁੱਕ-ਕਮ-ਹੈਲਪਰਾਂ ਦੇ 1200 ਰੁਪਏ ਮਾਣ ਭੱਤੇ ਵਿਚ ਕੋਈ ਵਾਧਾ ਕਰਨ ਦੀ ਤਜਵੀਜ਼ ਨਹੀਂ ਹੈ ਤਾਂ ਕਾਂਗਰਸੀ ਭੜਕ ਪਏ ਅਤੇ ਨਾਅਰੇ ਲਾਉਂਦੇ ਹੋਏ ਸਪੀਕਰ ਦੀ ਕੁਰਸੀ ਮੂਹਰੇ ਆ ਗਏ।
Check Also
ਚੱਬੇਵਾਲ, ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਸੀਟਾਂ ’ਤੇ ਆਮ ਆਦਮੀ ਪਾਰਟੀ ਨੇ ਜਿੱਤ ਕੀਤੀ ਹਾਸਲ
ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਕੁਲਦੀਪ ਸਿੰਘ ਢਿੱਲੋਂ ਨੇ ਮਾਰੀ ਬਾਜ਼ੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ …