ਹਮਲਾਵਰ ਅਜਵਿੰਦਰ ਰਿਸ਼ਵਤ ਦੇਣ ਦੀ ਗੱਲ ਸਾਬਿਤ ਕਰਨ ਤਾਂ ਖ਼ੁਦ ਨੂੰ ਗੋਲੀ ਮਾਰ ਲਵਾਂਗਾ : ਸੰਦੋਆ
ਚੰਡੀਗੜ੍ਹ : ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਉਨ੍ਹਾਂ ਦੇ ਨਿੱਜੀ ਸਹਾਇਕ (ਪੀਏ) ਜਸਪਾਲ ਸਿੰਘ ਪਾਲੀ ਨੇ ਅਕਾਲੀ ਦਲ ਦੇ ਬੁਲਾਰੇ ਤੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ‘ਤੇ ਨਸ਼ੇ ਤਸਕਰਾਂ ਨੂੰ ਸ਼ਹਿ ਦੇਣ ਦੇ ਗੰਭੀਰ ਦੋਸ਼ ਲਾਏ ਹਨ। ਸੰਦੋਆ ਦੇ ਪੀਏ ਨੇ ਨੂਰਪੁਰਬੇਦੀ ਤੇ ਇਕ ਪ੍ਰਸਿੱਧ ਧਾਰਮਿਕ ਸਥਾਨ ‘ਤੇ ਸਹੁੰ ਚੁੱਕਦਿਆਂ ਅਕਾਲੀ ਆਗੂਆਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਨੂਰਪੁਰਬੇਦੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾ ਕੇ ਸਹੁੰ ਖਾਣ ਕੇ ਉਨ੍ਹਾਂ ਨੇ ਕਦੇ ਵੀ ਰਿਸ਼ਵਤ ਨਹੀਂ ਲਈ। ਆਪ ਆਗੂਆਂ ਦੇ ਉਕਤ ਬਿਆਨ ਦੀ ਵੀਡੀਓ ਸੋਸ਼ਲ ਮੀਡੀਆਂ ‘ਤੇ ਵਾਇਰਲ ਹੋ ਗਈ ਹੈ। ਸੰਦੋਆਂ ਨੇ ਰੇਤ ਮਾਈਨਿੰਗ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਧਰ ਅਕਾਲੀ ਦਲ ਦੇ ਬਲਾਰੇ ਤੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਅਮਰਜੀਤ ਸਿੰਘ ਸੰਦੋਆ ਖ਼ਿਲਾਫ਼ ਮਾਣਹਾਨੀ ਤੇ ਫ਼ੌਜਦਾਰੀ ਕੇਸ ਦਰਜ ਕਰਵਾਉਣ ਦੀ ਗੱਲ ਆਖੀ ਹੈ।ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਹਮਲੇ ਤੋਂ ਬਾਅਦ ਮੀਡੀਆ ਦੇ ਰੂਬਰੂ ਹੁੰਦਿਆਂ ਸਾਬਕਾ ਮੰਤਰੀ ਡਾ ਦਲਜੀਤ ਸਿੰਘ ਚੀਮਾ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਕਿਹਾ ਕਿ ਚੀਮਾ ਨੇ ਨੂਰਪੁਰਬੇਦੀ ਤੋਂ ਰੋਪੜ ਤਕ ਸੜਕ ਬਣਾਉਣ ਦਾ ਠੇਕਾ ਦੇਣ, ਦਰੱਖਤਾਂ ਦੀ ਕਟਾਈ ਕਰਨ ਅਤੇ ਅਧਿਆਪਕਾਂ ਦੀ ਬਦਲੀਆਂ ਕਰਨ ਦੇ ਨਾਂ ਹੇਠ ਵੱਡੇ ਪੱਧਰ ‘ਤੇ ਰਿਸ਼ਵਤ ਲਈ ਹੈ। ਉਨ੍ਹਾਂ ਹਮਲਾਵਰ ਅਜਵਿੰਦਰ ਸਿੰਘ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਸਾਬਤ ਕਰ ਦੇਣ ਕਿ ਪੰਜ ਲੱਖ ਰੁਪਏ ਲਏ ਜਾਂ ਮੰਗੇ ਹਨ ਤਾਂ ਖ਼ੁਦ ਨੂੰ ਗੋਲੀ ਮਾਰ ਲਵਾਂਗਾ ਨਹੀਂ ਤਾਂ ਅਜਵਿੰਦਰ ਸਿੰਘ ਅਤੇ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਅਜਿਹਾ ਕਰਨ। ਸੰਦੋਆ ਨੇ ਕਿਹਾ ਕਿ ਜਿਹੜਾ ਆਦਮੀ ਆਪਣੇ ਪਰਿਵਾਰ ਨੂੰ ਨਹੀਂ ਸੰਭਾਲ ਸਕਦਾ ਉਹ ਹਲਕੇ ਦੇ ਲੋਕਾਂ ਦੀ ਕੀ ਸੇਵਾ ਕਰ ਸਕਦਾ ਹੈ। ਉਨ੍ਹਾਂ ਅਜਵਿੰਦਰ ਸਿੰਘ ਨੂੰ ਦੋ ਹੱਥ ਦੇਖਣ ਦੀ ਖੁੱਲ੍ਹੀ ਚੁਣੌਤੀ ਵੀ ਦਿੱਤੀ। ਇਸੀ ਤਰ੍ਹਾਂ ਵਿਧਾਇਕ ਦੇ ਪੀਏ ਜਸਪਾਲ ਸਿੰਘ ਪਾਲੀ ਨੇ ਕਿਹਾ ਕਿ ਦੋਸ਼ੀ ਅਜਵਿੰਦਰ ਸਿੰਘ ਬੇਈਹਾਰਾ ਦਾ ਆਮ ਆਦਮੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਡਾ. ਚੀਮਾ ਵੱਲੋਂ ਜੋ ਤਸਵੀਰਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਹੋ ਸਕਦਾ ਹੈ ਉਹ ਚੋਣ ਪ੍ਰਚਾਰ ਸਮੇਂ ਦੀਆਂ ਹੋਣ। ਉਸ ਸਮੇਂ ਬਹੁਤ ਸਾਰੇ ਲੋਕਾਂ, ਵੋਟਰਾਂ ਵੱਲੋਂ ਉਮੀਦਵਾਰਾਂ ਨਾਲ ਤਸਵੀਰਾਂ ਖਿਚਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਮਰਜੀਤ ਸਿੰਘ ਸੰਦੋਆ, ਅਜਵਿੰਦਰ ਸਿੰਘ ਨਾਲ ਤਸਵੀਰਾਂ ਹੋਣ ਕਾਰਨ ਦੋਸ਼ੀ ਹੈ ਤਾਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਨਸ਼ੇ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਜਗਦੀਸ਼ ਭੋਲਾ, ਬਿੱਟੂ ਔਲਖ ਨੇ ਨਸ਼ੇ ਦਾ ਵਪਾਰ ਕਰਨ ਲਈ ਸ਼ਹਿ ਦੇਣ ਅਤੇ ਲੈਣ-ਦੇਣ ਦੇ ਦੋਸ਼ ਲਾਏ ਹਨ।ਇਸ ਲਈ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰਸ ਬੇਲਾ ਖੱਡ ਨੂੰ ਕਾਨੂੰਨ ਅਨੁਸਾਰ ਸਹੀ ਹੋਣ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ਬੇਈਹਾਰਾ ਖੱਡ ਵਿਚੋਂ ਨਾਜਾਇਜ਼ ਮਾਈਨਿੰਗ ਦੀ ਗੱਲ ਕਰ ਰਹੇ ਹਨ। ਪ੍ਰਸ਼ਾਸਨ ਦੱਸੇ ਕਿ ਬੇਈਹਾਰਾ ਖੱਡ ਨਾਜਾਇਜ਼ ਹੈ ਜਾਂ ਨਹੀਂ?
ਡਾ. ਚੀਮਾ ਨੇ ਸੰਦੋਆ ਵਲੋਂ ਲਗਾਏ ਦੋਸ਼ਾਂ ਦਾ ਕੀਤਾ ਖੰਡਨ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੁਆਰਾ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਇਹ ਦੋਸ਼ ਉਨ੍ਹਾਂ ਨੇ ਨਹੀਂ ਸਗੋਂ ਵਿਧਾਇਕ ਦੇ ਸਾਬਕਾ ਸਾਥੀਆਂ ਨੇ ਉਨ੍ਹਾਂ ‘ਤੇ ਲਗਾਏ ਹਨ। ਉਹ ਤਾਂ ਕੇਵਲ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ ਤਾਂ ਕਿ ਸਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਸੰਦੋਆ ‘ਤੇ ਹੋਏ ਹਮਲੇ ਦੀ ਘੋਰ ਨਿੰਦਾ ਕਰ ਚੁੱਕੇ ਹਨ।
ਸੰਦੋਆ ਮਾਮਲੇ ‘ਚ ਅਜਵਿੰਦਰ ਅਤੇ ਬਚਿੱਤਰ ਵਲੋਂ ਆਤਮ ਸਮਰਪਣ
ਨੂਰਪੁਰ ਬੇਦੀ : ਮਾਈਨਿੰਗ ਮਾਮਲੇ ਵਿੱਚ ‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਤੇ ਹਮਲੇ ਦੇ ਦੋਸ਼ ਹੇਠ ਦਰਜ ਕੇਸ ਦੇ ਮੁੱਖ ਮੁਲਜ਼ਮ ਅਜਵਿੰਦਰ ਸਿੰਘ ਵਾਸੀ ਪਿੰਡ ਬੇਈਂਹਾਰਾ ਤੇ ਬਚਿੱਤਰ ਸਿੰਘ ਵਾਸੀ ਭਾਓਵਾਲ ਨੇ ਮੰਗਲਵਾਰ ਨੂੰ ਪੁਲਿਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਦੋਵੇਂ ਜਣੇ ਜ਼ਿਲ੍ਹਾ ਰੂਪਨਗਰ ਦੇ ਐੱਸਐੱਸਪੀ ਰਾਜਬਚਨ ਸਿੰਘ ਸੰਧੂ ਅੱਗੇ ਪੇਸ਼ ਹੋਏ। ਐੱਸਐੱਸਪੀ ਨੇ ਦੋਵਾਂ ਨੂੰ ਨੂਰਪੁਰ ਬੇਦੀ ਪੁਲਿਸ ਹਵਾਲੇ ਕਰਨ ਦੇ ਆਦੇਸ਼ ઠਦਿੱਤੇ। ਵਿਧਾਇਕ ਦੀ ਕੁੱਟਮਾਰ ਦੇ ਮਾਮਲੇ ਵਿੱਚ ਇਸ ਤੋਂ ਪਹਿਲਾਂ ਪੰਜ ਮੁਲਜ਼ਮਾਂ ਜਸਵਿੰਦਰ ਸਿੰਘ ઠਗੋਲਡੀ ਪੁੱਤਰ ਸਰਦਾਰਾ ਸਿੰਘ, ਅਮਰਜੀਤ ਸਿੰਘ ਪੁੱਤਰ ਚਤਰ ਸਿੰਘ, ਮਨਜੀਤ ਸਿੰਘ ਪੁੱਤਰ ਮੈਮਨ ਸਿੰਘ, ਦਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਸਾਰੇ ਵਾਸੀ ਬੇਈਂਹਾਰਾ ਤੇ ਅੰਮ੍ਰਿਤਪਾਲ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਮਾਂਗਣਾ (ਹਰਿਆਣਾ) ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ।
Check Also
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤਿ੍ਰਪੁਰਾ ਅਤੇ ਮਿਜ਼ੋਰਮ ਦੇ ਰਾਜਪਾਲ
ਪਰਿਵਾਰ ਸਮੇਤ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …