ਚੰਡੀਗੜ੍ਹ : ਕਾਂਗਰਸ ਦੇ ਸੂਬਾ ਜਨਰਲ ਸਕੱਤਰ ਪਰਗਟ ਸਿੰਘ ਦਾ ਕਹਿਣਾ ਹੈ ਕਿ ਕਾਂਗਰਸੀ ਵਿਧਾਇਕਾਂ ਦਾ ਇਕ ਵੱਡਾ ਵਰਗ ਮੁੱਖ ਮੰਤਰੀ ਦੀ ਕਾਰਜ ਪ੍ਰਣਾਲੀ ਤੋਂ ਸੰਤੁਸ਼ਟ ਨਹੀਂ ਹੈ। ਕਿਉਂਕਿ ਬੇਅਦਬੀ, ਡਰੱਗਜ਼, ਟਰਾਂਸਪੋਰਟ, ਰੇਤ ਬਜਰੀ ਵਰਗੇ ਮੁੱਦੇ ਹੱਲ ਨਹੀਂ ਹੋਏ। ਇਨ੍ਹਾਂ ਮੁੱਦਿਆਂ ‘ਤੇ ਕਾਂਗਰਸ ਕਿਵੇਂ ਲੋਕਾਂ ਨੂੰ ਜਵਾਬ ਦੇਵੇਗੀ। ਮੁੱਖ ਮੰਤਰੀ ਦੇ ਖਿਲਾਫ ਗੈਰ-ਭਰੋਸਗੀ ਪੈਦਾ ਹੋਣ ਦੇ ਪਿੱਛੇ ਇਹੀ ਕਾਰਨ ਹੈ। ਕਾਂਗਰਸੀ ਦਫਤਰ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਬਦਲਣਾ ਹੀ ਨਹੀਂ, ਬਲਕਿ ਅਸਲੀ ਗੱਲ ਇਹ ਹੈ ਕਿ ਮੁੱਦੇ ਹੱਲ ਹੋਣੇ ਚਾਹੀਦੀ ਹੈ। ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਦੇ ਪੋਸਟਾਂ ਨੂੰ ਲੈ ਕੇ ਪਰਗਟ ਸਿੰਘ ਨੇ ਖੁਦ ਨੂੰ ਅਲੱਗ ਕਰ ਲਿਆ। ਉਨ੍ਹਾਂ ਕਿਹਾ ਕਿ ਮਾਲੀ ਦੇ ਪੋਸਟ ਨਿੱਜੀ ਹਨ ਪਰ ਉਹ ਕਾਂਗਰਸ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੇ। ਇਹੀ ਨਹੀਂ ਪਰਗਟ ਸਿੰਘ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਕਾਂਗਰਸ ਦੇ ਇਕ ਧੜੇ ਨੇ ਮੁੱਖ ਮੰਤਰੀ ਖਿਲਾਫ਼ ਬਗਾਵਤ ਕੀਤੀ। ਪਰਗਟ ਸਿੰਘ ਨੇ ਕਿਹਾ ਕਿ ਉਹ ਇਹ ਨਹੀਂ ਕਹਿੰਦੇ ਕਿ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ। ਕੰਮ ਤਾਂ ਬਹੁਤ ਹੋਏ ਹਨ। ਗੰਨੇ ਦਾ ਮੁੱਲ 360 ਰੁਪਏ ਕਰਨਾ ਵੀ ਇਕ ਵੱਡਾ ਕਦਮ ਹੈ ਪਰ ਇਸ ਦੇ ਨਾਲ ਉਹ ਮੁੱਦੇ ਵੀ ਹਨ, ਜਿਨ੍ਹਾਂ ਨੂੰ ਲੈ ਕੇ ਕਾਂਗਰਸ ਨੂੰ 2022 ‘ਚ ਲੋਕਾਂ ਦੇ ਸਾਹਮਣੇ ਜਾਣਾ ਪਵੇਗਾ।