ਮਾਨ ਨੇ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਨੂੰ ਅਫਵਾਹ ਦੱਸਿਆ
ਸੰਗਰੂਰ/ਬਿਊਰੋ ਨਿਊਜ਼
ਆਪਣੇ ਬੋਲਣ ਵਾਲੇ ਅੰਦਾਜ਼ ਕਾਰਨ ਚਰਚਾ ਵਿਚ ਰਹਿਣ ਵਾਲੇ ਭਗਵੰਤ ਮਾਨ ਦੀ ਵੀ ਸ਼ਾਇਦ ਹੁਣ ਸੁਖਪਾਲ ਖਹਿਰਾ ਮੂਹਰੇ ਬੰਲਤੀ ਬੰਦ ਹੋ ਗਈ ਹੈ । ਤਾਹੀਓਂ ਭਗਵੰਤ ਮਾਨ ਨੂੰ ਆਖਣਾ ਪਿਆ ਕਿ ਪਾਰਟੀ ਵਿੱਚ ਸਭ ਕੁਝ ਠੀਕ ਹੈ, ਖਹਿਰਾ ਸਾਹਬ ਬੇਬਾਕੀ ਨਾਲ ਬੋਲਦੇ ਹਨ ਤੇ ਮੌਕਾ ਲੱਗੇ ਤੇ ਅਸੀਂ ਵੀ ਬੋਲ ਲੈਂਦੇ ਹਾਂ। ਇਨ੍ਹਾਂ ਸ਼ਬਦਾਂ ਵਿੱਚ ਕਿਤੇ ਨਾ ਕਿਤੇ ਭਗਵੰਤ ਮਾਨ ਦਾ ਅੰਦਰੂਨੀ ਦਰਦ ਲੁਕਿਆ ਹੋਇਆ ਹੈ ਕਿ ਖਹਿਰਾ ਉਨ੍ਹਾਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦੇ ।
ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਬੇਸ਼ੱਕ ਸ਼ਬਦਾਂ ਦਾ ਜਾਦੂਗਰ ਕਿਹਾ ਜਾ ਰਿਹਾ ਹੈ। ਪਰ ਭਗਵੰਤ ਮਾਨ ਸ਼ਬਦਾਂ ਵਿਚ ਉਲਝਦੇ ਨਜ਼ਰ ਆਏ। ਉਹ ਆਮ ਆਦਮੀ ਪਾਰਟੀ ਦੀ ਇਕਜੁੱਟਤਾ ਬਾਰੇ ਗੱਲਾਂ ਕਰਦੇ-ਕਰਦੇ ਬਿਨਾਂ ਕਿਸੇ ਸਵਾਲ ਤੋਂ ਕਾਂਗਰਸ ਦੇ ਛੇ ਮਹੀਨੇ ਦੇ ਕਾਰਜਕਾਲ ਦੀਆਂ ਖਾਮੀਆਂ ਗਿਣਵਾਉਣ ਲੱਗ ਪਏ। ਇਸ ਤੋਂ ਪਾਰਟੀ ਵਿਚ ਸਭ ਅੱਛਾ ਨਾ ਹੋਣ ਦਾ ਇਸ਼ਾਰਾ ਲਿਆ ਜਾ ਸਕਦਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਨੂੰ ਮੀਡੀਆ ਦੀਆਂ ਅਫਵਾਹਾਂ ਕਰਾਰ ਦਿੱਤਾ।