11 C
Toronto
Saturday, October 18, 2025
spot_img
Homeਕੈਨੇਡਾਵਿਸ਼ਵ ਰੰਗਮੰਚ ਦਿਵਸ ਸਬੰਧੀ ਹੋਏ ਨਾਟਕ ਮੇਲੇ ਵਿਚ ਹੋਈ ਦੋ ਨਾਟਕਾਂ ਦੀ...

ਵਿਸ਼ਵ ਰੰਗਮੰਚ ਦਿਵਸ ਸਬੰਧੀ ਹੋਏ ਨਾਟਕ ਮੇਲੇ ਵਿਚ ਹੋਈ ਦੋ ਨਾਟਕਾਂ ਦੀ ਬਾਕਾਮਾਲ ਪੇਸ਼ਕਾਰੀ

ਬਰੈਂਪਟਨ/ਬਿਊਰੋ ਨਿਊਜ਼
ਲੰਘੇ ਐਤਵਾਰ ‘ਹੈਟਸ-ਅੱਪ’ (ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼) ਵੱਲੋ ਬਰੈਂਪਟਨ ਦੇ ਪੀਅਰਸਨ ਥੀਏਟਰ ਵਿੱਚ ਰੰਗਮੰਚ ਤੇ ਫਿਲਮੀ ਹਸਤੀ ਮਰਹੂਮ ਸ੍ਰੀ ਓਮਪੁਰੀ ਨੂੰ ਸਮਰਪਿਤ 56ਵੇਂ ਵਿਸ਼ਵ ਰੰਗਮੰਚ ਦਿਵਸ ਸਮਾਰੋਹ ਮੌਕੇ ਨਾਟਕ-ਮੇਲੇ ਦਾ ਆਯੋਜਿਨ ਕਤਿਾ ਗਿਆ। ਸਭ ਤੋਂ ਪਹਿਲਾਂ ਹੀਰਾ ਰੰਧਾਵਾ ਵੱਲੋਂ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਵਿਸ਼ਵ ਰੰਗਮੰਚ ਦਿਵਸ ਬਾਰੇ ਚਾਨਣਾਂ ਪਾੳਂਿਦਿਆਂ ਜੀਟੀਏ ਖ਼ੇਤਰ ਵਿੱਚ ਇਸ ਦਿਵਸ ਨੂੰ ਮਨਾਉਣ ਦੀ ਹੈਟਸ-ਅੱਪ ਵੱਲੋਂ ਪਾਈ ਪਿਰਤ ਬਾਰੇ ਦੱਸਿਆ। ਇਸ ਮਗਰੋਂ ਸਟੇਜ ਕੁਲਵਿੰਦਰ ਖ਼ਹਿਰਾ ਨੇ ਸੰਭਾਲਦਿਆਂ ਪਹਿਲੇ ਨਾਟਕ ਦੀ ਪੇਸ਼ਕਾਰੀ ਦਾ ਐਲਾਨ ਕੀਤਾ। ਪਹਿਲਾ ਨਾਟਕ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਪਾਲੀ ਭੁਪਿੰਦਰ ਦਾ ਲਿਖਿਆ ਬਲਜਿੰਦਰ ਲੇਲਨਾ ਦੇ ਨਿਰਦੇਸ਼ਨ ਹੇਠ ‘ਇੱਕ ਸੁਪਨੇ ਦਾ ਰਾਜਨੀਤਿਕ ਕਤਲ’ ਖ਼ੇਡਿਆ ਗਿਆ। ਇਹ ਨਾਟਕ ਸਦੀਆਂ ਤੋਂ ਭਾਰਤੀ ਰਾਜਨੀਤੀਵਾਨਾਂ ਵੱਲੋਂ ਲੋਕਾਂ ਨੂੰ ਗੁਮਰਾਹ ਕਰਕੇ ਉਹਨਾਂ ਨੂੰ ਨਰਕ ਵਰਗੀ ਜ਼ਿੰਦਗ਼ੀ ਜੀਣ ਲਈ ਮਜਬੂਰ ਕਰਨ ਦੀ ਗਾਥਾ ਹੈ। ਭਾਵੇਂ ਸਮੇਂ ਸਮੇਂ ਉਥੇ ਲਹਿਰਾਂ ਦੇ ਨਾਂ ਹੇਠ ਬਹੁਤ ਸਾਰੇ ਘੋਲ ਚੱਲੇ ਪਰ ਆਪਣੇ ਆਪ ਨੂੰ ਅਗਾਂਹਵਧੂ ਅਖਵਾਉਣ ਵਾਲੇ ਲੋਕ ਵੀ ਜਾਤ ਤੇ ਧਰਮ ਦੇ ਨਾਂ ਤੋਂ ਉਪਰ ਨਾ ਉਠ ਸਕੇ। ਇਹ ਨਾਟਕ ਦਰਸ਼ਕਾਂ ‘ਤੇ ਆਪਣਾ ਪ੍ਰਭਾਵ ਛੱਡਣ ਵਿੱਚ ਸਫ਼ਲ ਰਿਹਾ। ਇਸ ਨਾਟਕ ਵਿੱਚ ਮੁੱਖ ਕਿਰਦਾਰ ਜਗਵਿੰਦਰ ਜੱਜ ਨੇ ਪੂਰਾ ਖੁਭ ਕੇ ਨਿਭਾਇਆ ਜਦ ਕਿ ਬਾਕੀ ਕਲਾਕਾਰਾਂ ਵਿੱਚੋਂ ਸਰਬਜੀਤ ਅਰੋੜਾ, ਹੈਰੀਤ ਔਜਲਾ, ਸੁਮੀਤ ਤੱਗੜ, ਪ੍ਰੀਤ ਸਾਂਘਾ, ਮਨਦੀਪ ਵੜੈਚ, ਪਰਵਿੰਦਰਮੋਹਨ ਠੇਠੀ, ਹਰਮਿੰਦਰ ਕੌਰ ਨੇ ਕਮਾਲ ਦੀ ਅਦਾਕਾਰੀ ਕੀਤੀ। ਇਸ ਨਾਟਕ ਦੇ ਸ਼ਰਨਜੀਤ ਸ਼ਾਨੂੰ ਦੇ ਗਾਏ ਪਿੱਠਵਰਤੀ ਸੰਗੀਤ ਨੂੰ ਪੂਨਮ ਮਾਹੀ ਤੱਗੜ ਨੇ ਸੀਨ ਵਾਈਜ਼ ਬੜੇ ਹੀ ਭਾਵਪੂਰਤ ਦ੍ਰਿਸ਼ਾਂ ‘ਤੇ ਵਜਾਇਆ। ਸਟੇਜ ਸੈੱਟ ਹਰਭਜਨ ਫਲੋਰਾ ਵੱਲੋਂ ਡੀਜ਼ਾਈਨ ਕੀਤਾ ਗਿਆ ਸੀ। ਇਸ ਨਾਟਕ ਮਗਰੋਂ ਓਮਪੁਰੀ ਦੇ ਜੀਵਨ ‘ਤੇ ਇੱਕ ਛੋਟੀ ਜਿਹੀ ਡਾਕੂਮੈਂਟਰੀ ਵਿਖਾਈ ਗਈ ਅਤੇ ਰਾਜਿੰਦਰ ਸੈਣੀ ਵੱਲੋਂ ਉਹਨਾਂ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ ਗਿਆ।
ਇਸ ਮਗਰੋਂ ਵਾਰੀ ਆਈ ਦੂਸਰੇ ਨਾਟਕ ‘ਹੈਟਸ-ਅੱਪ’ ਦੇ ਹੀਰਾ ਰੰਧਾਵਾ ਦੁਆਰਾ ਨਿਰਦੇਸ਼ਿਤ ਭਾਅਜੀ ਗੁਰਸ਼ਰਨ ਸਿੰਘ ਹੋਰਾਂ ਦੇ ਸਰਵਮੀਤ ਦੀ ਕਹਾਣੀ ‘ਕਲਾਣ’ ‘ਤੇ ਲਿਖੇ ‘ਨਵਾਂ ਜਨਮ’ ਦੀ। ਇਹ ਨਾਟਕ ਸਮਾਜ ਵਿੱਚ ਫੈਲੇ ਜਾਤ-ਪਾਤ ਦੇ ਵਿਤਕਰੇ ਦੀ ਬਾਤ ਪਾਉਂਦਾ ਦੱਸਦਾ ਹੈ ਕਿਵੇਂ ਸਮਾਜ ਵਿੱਚ ਨਿਮਨ ਵਰਗ ਦੇ ਲੋਕਾਂ ਨੂੰ ਆਪਣੇ ਆਪ ਨੂੰ ਉੱਚ ਜਾਤ ਵਾਲੇ ਅਖਵਾਉਂਦੇ ਲੋਕ ਕੀੜੇ-ਮਕੌੜਿਆਂ ਤੋਂ ਵੱਧ ਕੁਝ ਨਹੀਂ ਸਮਝਦੇ। ਪਰ ਸਮੇਂ ਦੇ ਨਾਲ ਨਾਲ ਪੜ੍ਹੀ ਲਿਖੀ ਔਲਾਦ ਅਤੇ ਰੋਸ਼ਨ ਦਿਮਾਗ ਲੋਕਾਂ ਦੁਆਰਾ ਸੋਝੀ ਲਿਆਉਣ ‘ਤੇ ਸ਼ਿਬੂ ਸਾਂਸੀ ਵਰਗੇ ਪਿੰਡ ਦੇ ਲਾਗੀ ਵੀ ਵੱਡੇਪਣ ਦੇ ਮਖੌਟੇ ਪਾਈ ਲੋਕਾਂ ਦੇ ਪਾਜ ਉਧੇੜ ਨਸੀਬ ਸਿੰਘ ਮਾਹਲਾ ਬਣ ਵਕਤ ਦੇ ਹਾਣ ਹੋ ਨਿਬੜਦੇ ਹਨ। ਨਾਟਕ ਵਿਚਲੀ ਕਰਾਰੀ ਨਾਟਕੀ ਟੱਕਰ ਦੇ ਸੰਵਾਦ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕਰਦੇ ਹਨ।
ਨਾਟਕ ਵਿੱਚ ਐਨ ਆਰ ਆਈਜ਼ ਵੱਲੋਂ ਪੰਜਾਬ ਵਿੱਚ ਕੀਤੇ ਜਾਂਦੇ ਸੁਧਾਰਾਂ ਦੀ ਗੱਲ ਵੀ ਕੀਤੀ ਗਈ ਸੀ। ਮੁੱਖ ਕਿਰਦਾਰ ਸ਼ਿਬੂ ਸਾਂਸੀ ਦਾ ਰੋਲ ਖ਼ੁਦ ਨਿਰਦੇਸ਼ਕ ਹੀਰਾ ਰੰਧਾਵਾ ਨੇ ਨਿਭਾਇਆ ਜਿਹਦੇ ਨਾਲ ਪਤਨੀ ਮੇਜੋ ਦਾ ਰੋਲ ਕਰਨ ਵਾਲੀ ਪਰਮਜੀਤ ਦਿਓਲ ਤੇ ਪੁੱਤ ਬਿਲੂ ਦਾ ਰੋਲ ਕਰਨ ਵਾਲੇ ਤਰੁਨ ਵਾਲੀਆ ਦੀ ਲੜਾਈ ਜਿਸ ਵਿੱਚ ਉਹ ਸ਼ਿਬੂ ਨੂੰ ਲੋਕਾਂ ਦਾ ਲਾਗਪੁਣਾ ਕਰਨ ਤੋਂ ਰੋਕਦੇ ਹਨ ਦਾ ਆਨੰਦ ਦਰਸ਼ਕ ਖੂਬ ਮਾਨਦੇ ਹਨ। ਲੱਗਦਾ ਸੀ ਜਿਵੇਂ ਸੱਚੀ ਹੀ ਪੰਜਾਬ ਦੇ ਕਿਸੇ ਪਿੰਡ ਵਿੱਚ ਸਾਂਸੀਆਂ ਦੇ ਘਰੋਂ ਅਵਾਜ਼ਾਂ ਆ ਰਹੀਆਂ ਹੋਣ। ਪੰਡਤ ਦੇ ਰੋਲ ਵਿੱਚ ਸ਼ਿੰਗਾਰਾ ਸਮਰਾ ਤੇ ਹੰਕਾਰੀ ਸਰਪੰਚ ਸਰਦਾਰ ਪ੍ਰੀਤਮ ਸਿੰਘ ਦੇ ਕਿਰਦਾਰ ਵਜੋਂ ਕਰਮਜੀਤ ਗਿੱਲ ਨੇ ਵਧੀਆ ਕੰਮ ਕੀਤਾ ਜਦ ਕਿ ਪ੍ਰਸਿੰਨੀ ਦੇ ਰੂਪ ਵਿੱਚ ਰਿੰਟੂ ਭਾਟੀਆ ਤੇ ਹੈਰੀ ਵਜੋਂ ਡੇਵਿਡ ਸੰਧੂ ਨੇ ਚੰਗੀਆਂ ਭੂਮਿਕਾਵਾਂ ਨਿਭਾਈਆਂ। ਇਸ ਨਾਟਕ ਵਿਚਲੇ ਹਰਿੰਦਰ ਸੋਹਲ ਦੁਆਰਾ ਸੰਗੀਤ ਨੂੰ ਢੁਕਵੇਂ ਥਾਂਵਾਂ ‘ਤੇ ਚਲਾਉਣ ਦੀ ਜਿੰਮੇਵਾਰੀ ਜਗਵਿੰਦਰ ਪਰਤਾਪ ਸਿੰਘ ਨੇ ਬਾਖ਼ੂਬੀ ਨਿਭਾਈ। ਇਹਨਾਂ ਦੋਹਾਂ ਨਾਟਕਾਂ ਨੂੰ ਰੋਸ਼ਨੀਆਂ ਨਾਲ ਉਭਾਰ ਕੇ ਅਨੁਮੀਤ ਸੰਘਾ ਨੇ ਬੜਾ ਉਮਦਾ ਕੰਮ ਕੀਤਾ। ਬੈਕ ਸਟੇਜ ਅਤੇ ਫਰੰਟ ਡੈਸਕ ‘ਤੇ ਕੁਲਦੀਪ ਰੰਧਾਵਾ, ਤੀਰਥ ਦਿਓਲ, ਲੱਕੀ, ਅਤੇ ਰਾਬੀਆ ਰੰਧਾਵਾ ਨੇ ਆਪਣੀਆਂ ਜਿੰਮੇਵਾਰੀਆਂ ਬਾਖ਼ੂਬੀ ਨਿਭਾਈਆ।
ਸਮਾਗਮ ਦੇ ਅੰਤ ‘ਤੇ ਸਾਰੇ ਕਲਾਕਾਰਾਂ ਨੂੰ ਪਲੇਕਸ ਦੇ ਕੇ ਸਨਮਾਨਿਤ ਕੀਤਾ ਗਿਆ ਜਿਸ ਲਈ ਜਗਮੋਹਨ ਸੇਖੋਂ ਰੀਅਲਟਰ ਨੇ ਸਟੇਜ ‘ਤੇ ਬਲਜਿੰਦਰ ਲੇਲਨਾ, ਹੀਰਾ ਰੰਧਾਵਾ ਅਤੇ ਕੁਲਵਿੰਦਰ ਖਹਿਰਾ ਦਾ ਸਾਥ ਦਿੱਤਾ। ਸਮਾਗਮ ਅੰਤ ‘ਤੇ ਸਿਟੀ ਆਫ਼ ਬਰੈਂਪਟਨ, ਸਮੁੱਚੇ ਮੀਡੀਏ, ਸਪਾਂਸਰਜ਼, ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਅਗਲੇ ਸਾਲ ਮੁੜ ਵਿਸ਼ਵ ਰੰਗਮੰਚ ਦਿਵਸ ‘ਤੇ ਜੁੜਨ ਦੀ ਆਸ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ।

RELATED ARTICLES

ਗ਼ਜ਼ਲ

POPULAR POSTS