Breaking News
Home / ਦੁਨੀਆ / ਸੀਰੀਆ ‘ਚ ਰਸਾਇਣਕ ਹਮਲਾ, 100 ਦੀ ਮੌਤ, 400 ਜ਼ਖ਼ਮੀ

ਸੀਰੀਆ ‘ਚ ਰਸਾਇਣਕ ਹਮਲਾ, 100 ਦੀ ਮੌਤ, 400 ਜ਼ਖ਼ਮੀ

ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਸੀਰੀਆਈ ਸਰਕਾਰ ਨੂੰ ਹਮਲੇ ਲਈ ਜ਼ਿੰਮੇਵਾਰ ਦੱਸਿਆ
ਖਾਨ ਸ਼ੇਖਹੁਨ/ਬਿਊਰੋ ਨਿਊਜ਼ : ਜੰਗ ਨਾਲ ਜੂਝ ਰਹੇ ਸੀਰੀਆ ‘ਚ ਮੰਗਲਵਾਰ ਨੂੰ ਰਸਾਇਣਕ ਹਮਲੇ ‘ਚ 100 ਲੋਕਾਂ ਦੀ ਮੌਤ ਹੋ ਗਈ। ਇਨਾਂ ‘ਚ ਦਰਜਨਾਂ ਬੱਚੇ ਸ਼ਾਮਿਲ ਹਨ। ਲਗਪਗ 400 ਲੋਕ ਜ਼ਖ਼ਮੀ ਹਨ। ਹਮਲਾ ਵਿਦਰੋਹੀਆਂ ਦੇ ਪ੍ਰਭਾਵ ਵਾਲੇ ਇਦਲਿਬ ਸੂਬੇ ਦੇ ਖਾਨ ਸ਼ੇਖਹੁਨ ਸ਼ਹਿਰ ‘ਚ ਕੀਤਾ ਗਿਆ। ਨਿਗਰਾਨੀ ਜਥੇਬੰਦੀ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਸੀਰੀਆਈ ਸਰਕਾਰ ਨੂੰ ਹਮਲੇ ਲਈ ਜ਼ਿਮੇਵਾਰ ਦੱਸਿਆ ਹੈ। ਘਟਨਾ ਦੀ ਸੰਯੁਕਤ ਰਾਸ਼ਟਰ ਤੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਜਥੇਬੰਦੀ ਮੁਤਾਬਕ ਜਹਾਜ਼ਾਂ ਨੇ ਸ਼ਹਿਰ ਦੇ ਇਕ ਰਿਹਾਇਸ਼ੀ ਇਲਾਕੇ ‘ਚ ਹਮਲੇ ਕੀਤੇ। ਹਮਲਾ ਹੁੰਦਿਆਂ ਹੀ ਜ਼ਿਆਦਾਤਰ ਲੋਕ ਚੱਕਰ ਖਾ ਕੇ ਡਿੱਗ ਪਏ। ਕੁਝ ਉਲਟੀਆਂ ਕਰਨ ਲੱਗੇ ਤਾਂ ਕਈਆਂ ਦੇ ਮੂੰਹ ‘ਚੋਂ ਝੱਗ ਨਿਕਲਣ ਲੱਗੀ। ਡਾਕਟਰੀ ਸਹਾਇਤਾ ਪਹੁੰਚਣ ਤੋਂ ਪਹਿਲਾਂ ਹੀ ਕਈ ਲੋਕਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਮੀਡੀਆ ‘ਚ ਆਈਆਂ ਕੁਝ ਤਸਵੀਰਾਂ ‘ਚ ਬੱਚੇ ਸਮੇਤ ਕਈ ਲੋਕਾਂ ਦੀਆਂ ਲਾਸ਼ਾਂ ਜ਼ਮੀਨ ‘ਤੇ ਖਿੱਲਰੀਆਂ ਨਜ਼ਰ ਆ ਰਹੀਆਂ ਸਨ। ਹਿੰਸਾ ਪ੍ਰਭਾਵਿਤ ਇਲਾਕੇ ‘ਚ ਆਮ ਲੋਕਾਂ ਦੀ ਮਦਦ ਕਰਨ ਵਾਲੇ ਬਚਾਅ ਸਮੂਹ ਵਾਈਟ ਹੈਲਮੇਟ ਦੀ ਟੀਮ ਜ਼ਖ਼ਮੀਆਂ ‘ਤੇ ਪਾਣੀ ਦਾ ਛੜਕਾਅ ਕਰਦੀ ਵੀ ਨਜ਼ਰ ਆ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਉਸ ਹਸਪਤਾਲ ‘ਚ ਵੀ ਬੰਬ ਸੁੱਟੇ ਗਏ ਹਨ ਜਿਥੇ ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ ਸੀ।
ਇਹ ਸਾਫ਼ ਨਹੀਂ ਹੈ ਕਿ ਹਮਲੇ ਲਈ ਵਰਤੇ ਗਏ ਜਹਾਜ਼ ਸੀਰੀਆਈ ਸਨ ਜਾਂ ਉਸ ਦੀ ਹਮਾਇਤ ਕਰਨ ਵਾਲੇ ਰੂਸ ਦੇ। ਹਮਲਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਸ਼ਾਂਤੀ ਦੇ ਯਤਨ ਚੱਲ ਰਹੇ ਹਨ ਤੇ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਸੱਤਾ ਤੋਂ ਹਟਾਉਣ ਦੀ ਆਪਣੀ ਜ਼ਿੱਦ ਤੋਂ ਅਮਰੀਕਾ ਪਿੱਛੇ ਹੱਟਦਾ ਨਜ਼ਰ ਆ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਦਲਿਬ ਸੂਬੇ ਦਾ ਵੱਡਾ ਹਿੱਸਾ ਹਾਲੇ ਵੀ ਅਲਕਾਇਦਾ ਦੇ ਤੇ ਫਤਿਹ ਅਲ ਸ਼ਾਮ ਦੇ ਕਬਜ਼ੇ ‘ਚ ਹੈ। ਅਲ ਸ਼ਾਮ ਅਸਦ ਦੇ ਖ਼ਿਲਾਫ਼ ਸੰਘਰਸ਼ ਕਰ ਰਿਹਾ ਸਭ ਵੱਡਾ ਵਿਦਰੋਹੀ ਗਰੁੱਪ ਹੈ। ਸੀਰੀਆਈ ਫ਼ੌਜ ਤੇ ਰੂਸ ਅਕਸਰ ਇਸ ਇਲਾਕੇ ‘ਚ ਹਮਲਾ ਕਰਦੇ ਰਹਿੰਦੇ ਹਨ।
ਪਾਕਿ ‘ਚ ਸਿੱਖ ਭਾਈਚਾਰੇ ਨੂੰ ਜਨਗਣਨਾ ਵਿਚ ਮੁੜ ਕੀਤਾ ਸ਼ਾਮਲ
ਅੰਮ੍ਰਿਤਸਰ : ਪਾਕਿ ਜਨਗਣਨਾ ਸੂਚੀ ਵਿਚ ਸਿੱਖ ਭਾਈਚਾਰੇ ਨੂੰ ਸ਼ਾਮਿਲ ਨਾ ਕੀਤੇ ਜਾਣ ਦੇ ਮਾਮਲੇ ਵਿਚ ਪਾਕਿ ਸਿੱਖ ਭਾਈਚਾਰੇ ਵੱਲੋਂ ਪਿਸ਼ਾਵਰ ਤੇ ਸਿੰਧ ਹਾਈਕੋਰਟ ਵਿਚ ਅਪੀਲ ਦਾਇਰ ਕਰਨ ਦੇ ਨਾਲ-ਨਾਲ ਜਗ੍ਹਾ-ਜਗ੍ਹਾ ਰੋਸ ਪ੍ਰਦਰਸ਼ਨ ਕਰਨ ਦੇ ਬਾਅਦ ਵੱਡੀ ਸਫ਼ਲਤਾ ਹਾਸਲ ਹੋਈ ਹੈ, ਜਿਸ ਦੇ ਚਲਦਿਆਂ ਸਿੰਧ ਹਾਈਕੋਰਟ ਵੱਲੋਂ ਸੁਣਾਏ ਗਏ ਫ਼ੈਸਲੇ ਦੇ ਚੱਲਦਿਆਂ ਜਨਗਣਨਾ ਦੇ ਦੂਸਰੇ ਫ਼ੈਜ਼ ਦੇ ਨਵੇਂ ਫਾਰਮਾਂ ਵਿਚ ਸਿੱਖ ਧਰਮ ਦੇ ਨਾਲ-ਨਾਲ ਹੋਰਨਾਂ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਵੀ ਸ਼ਾਮਿਲ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਸਿੰਧ ਹਾਈਕੋਰਟ ਕਰਾਚੀ ਵੱਲੋਂ ਜਾਰੀ ਸੀ.ਪੀ./ਡੀ./1760-2017 ਦੇ ਅਨੁਸਾਰ ਜਨਗਣਨਾ ਦੇ ਨਵੇਂ ਫਾਰਮਾਂ ਵਿਚ ਕ੍ਰਮਵਾਰ-ਮੁਸਲਮਾਨ, ਈਸਾਈ, ਹਿੰਦੂ, ਕਾਦਿਆਨੀ/ ਅਹਿਮਦੀ, ਅਨੁਸੂਚਿਤ ਜਾਤੀਆਂ, ਅਦਰ (ਹੋਰ), ਸਿੱਖ, ਪਾਰਸੀ, ਬਰਾਈ, ਕੈਲਾਸ਼, ਬੋਧੀ ਤੇ ਜੈਨੀ ਲਈ ਵੱਖਰੇ ਕਾਲਮ ਪ੍ਰਕਾਸ਼ਿਤ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।  ਦੱਸਿਆ ਜਾ ਰਿਹਾ ਹੈ ਕਿ ਦੂਸਰੇ ਫ਼ੈਜ਼ ਵਿਚ 87 ਜ਼ਿਲ੍ਹਿਆਂ ਦੀ ਜਨਗਣਨਾ 25 ਅਪ੍ਰੈਲ ਨੂੰ ਸ਼ੁਰੂ ਹੋਣ ਜਾ ਰਹੀ ਹੈ, ਜਦੋਂਕਿ ਪਹਿਲੇ ਫ਼ੈਜ਼ ਵਿਚ 63 ਜ਼ਿਲ੍ਹਿਆਂ ਦੀ ਹੋਈ ਜਨਗਣਨਾ ਵਿਚ ਉਪਰੋਕਤ ਘੱਟ-ਗਿਣਤੀਆਂ ਨੂੰ ਵੱਖਰੇ ਧਰਮ ਵੱਜੋਂ ਲਿਖਣ ਦੀ ਬਜਾਇ ਕਾਲਮ ਨੰਬਰ 6 ਵਿਚ ‘ਅਦਰ’ (ਹੋਰਨਾਂ) ਦੀ ਸ਼੍ਰੇਣੀ ਵਿਚ ਰੱਖਿਆ ਗਿਆ ਸੀ।

Check Also

ਇਮਰਾਨ ਖਾਨ ਨੇ ਫੌਜ ਮੁਖੀ ਆਸਿਮ ਮੁਨੀਰ ਨੂੰ ਦਿੱਤੀ ਧਮਕੀ

ਖਾਨ ਨੇ ਬੁਸ਼ਰਾ ਦੀ ਗਿ੍ਰਫਤਾਰੀ ਲਈ ਫੌਜ ਮੁਖੀ ਨੂੰ ਦੱਸਿਆ ਜ਼ਿੰਮੇਵਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ …