Breaking News
Home / ਕੈਨੇਡਾ / ਡਾ. ਖੇਮ ਸਿੰਘ ਗਿੱਲ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ

ਡਾ. ਖੇਮ ਸਿੰਘ ਗਿੱਲ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ

ਬਰੈਂਪਟਨ/ਡਾ. ਝੰਡ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਉਪ-ਕੁਲਪਤੀ ਡਾ. ਖੇਮ ਸਿੰਘ ਗਿੱਲ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਯੂਨੀਵਰਸਿਟੀ ਦੇ ਇਸ ਸੱਭ ਤੋਂ ਉਚੇਰੇ ਅਹੁਦੇ ‘ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਉਹ ਇਸ ਯੂਨੀਵਰਸਿਟੀ ਵਿਚ ਵੱਖ-ਵੱਖ ਅਹੁਦਿਆਂ ‘ਤੇ ਰਹੇ ਅਤੇ 1970ਵਿਆਂ ਵਿਚ ਇਸ ਦੇ ਡਾਇਰੈੱਕਟਰ ਆਫ਼ ਰੀਸਰਚ ਦੇ ਅਹਿਮ ਅਹੁਦੇ ‘ਤੇ ਕੰਮ ਕਰਦਿਆਂ ਉਨ੍ਹਾਂ ਦੀ ਅਗਵਾਈ ਵਿਚ ਯੂਨੀਵਰਸਿਟੀ ਨੇ ਭਾਰਤ ਵਿਚ ਹਰਾ ਇਨਕਲਾਬ ਲਿਆਉਣ ਲਈ ਵੱਡਮੁੱਲਾ ਯੋਗਦਾਨ ਪਾਇਆ ਜਿਸ ਸਦਕਾ ਦੇਸ਼ ਅਨਾਜ ਦੇ ਮਾਮਲੇ ਵਿਚ ਆਤਮ-ਨਿਰਭਰ ਹੋ ਸਕਿਆ ਸੀ। ਯੂਨੀਵਰਸਿਟੀ ਵੱਲੋਂ ਕਣਕ, ਝੋਨੇ ਅਤੇ ਸਬਜ਼ੀਆਂ ਦੇ ਵਧੇਰੇ ਝਾੜ ਦੇਣ ਵਾਲੇ ਬੀਜ ਵਿਕਸਿਤ ਕਰਕੇ ਕਿਸਾਨਾਂ ਨੂੰ ਯੂਨੀਵਰਸਿਟੀ ਵਿਚ ਲਗਾਏ ਗਏ ਕਿਸਾਨ ਮੇਲਿਆਂ ਵਿਚ ਮੁਹੱਈਆਂ ਕੀਤੇ ਗਏ ਅਤੇ ਉਨ੍ਹਾਂ ਨੂੰ ਨਵੀਂ ਖੇਤੀ ਤਕਨਾਲੌਜੀ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਖੇਮ ਸਿੰਘ ਗਿੱਲ ਨੇ 1949 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਐੱਸ.ਸੀ.ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1951 ਵਿਚ ਐੱਮ.ਐੱਸ.ਸੀ ਕੀਤੀ ਅਤੇ 1963 ਵਿਚ ਅਮਰੀਕਾ ਦੀ ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ ਤੋਂ ਪੀ.ਐੱਚ.ਡੀ. ਕੀਤੀ।
ਬੇਹੱਦ ਸਫ਼ਲ ਪਲਾਂਟ-ਬ੍ਰੀਡਰ ਵਜੋਂ ਉਨ੍ਹਾਂ ਨੇ ਕਣਕ, ਤਿਲ, ਬਾਜਰਾ, ਜੌਂ ਅਤੇ ਹੋਰ ਕਈਆਂ ਫ਼ਸਲਾਂ ਵਿਚ ਡੂੰਘੀ ਖੋਜ ਕੀਤੀ ਅਤੇ ਇਨ੍ਹਾਂ ਦੀਆਂ ਕਈ ਨਵੀਆਂ ਕਿਸਮਾਂ ਈਜਾਦ ਕੀਤੀਆਂ। ਆਪਣੇ ਵਿੱਦਿਅਕ ਜੀਵਨ ਵਿਚ ਉਨ੍ਹਾਂ ਨੇ ਲੱਗਭੱਗ 475 ਖੋਜ-ਪੱਤਰ ਲਿਖੇ ਅਤੇ 17 ਵਿਦਿਆਰਥੀਆਂ ਨੂੰ ਪੀ.ਐੱਚ.ਡੀ. ਕਰਵਾਈ। 1993 ਵਿਚ ਯੂਨੀਵਰਸਿਟੀ ਦੇ ਉਪ-ਕੁਲਪਤੀ ਵਜੋਂ ਸੇਵਵਾ-ਮੁਕਤ ਹੋਣ ਪਿੱਛੋਂ ਉਨ੍ਹਾਂ ਨੇ ਆਪਣਾ ਜੀਵਨ ਪੰਜਾਬ, ਪੰਜਾਬੀਅਤ ਅਤੇ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲੇਖੇ ਲਾਇਆ। ਬੜੂ ਸਾਹਿਬ ਐਜੂਕੇਸ਼ਨ ਟਰੱਸਟ ਦੇ ਨਾਲ ਜੁੜ ਕੇ ਇਸ ਦੇ ਬਾਨੀ ਇਬਾਲ ਸਿੰਘ ਜੀ ਨਾਲ ਮਿਲ ਕੇ ਜੋ ਉਨ੍ਹਾਂ ਦੇ ਸਹਿਪਾਠੀ ਰਹੇ ਹਨ, ਕਈ ਬੜੂ ਸਾਹਿਬ ਅਕਾਲ ਅਕੈਡਮੀਆਂ ਦੀ ਸਥਾਪਨਾ ਕੀਤੀ। ਉਨ੍ਹਾਂ ਦੇ ਅਕਾਲ-ਚਲਾਣੇ ‘ਤੇ ਹੋਈ ਬਰੈਂਪਟਨ ਵਿਚ ਹੋਈ ਸ਼ੋਕ-ਸਭਾ ਵਿਚ ਪੀ.ਏ.ਯੂ. ਦੇ ਕਈ ਸਾਬਕਾ ਵਿਦਿਆਰਥੀਆਂ ਤੇ ਸਹਿਕਰਮੀਆਂ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਰਪ੍ਰਸਤ ਪ੍ਰਿੰ. ਰਾਮ ਸਿੰਘ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਕਰਨ ਅਜਾਇਬ ਸਿੰਘ ਸੰਘਾ, ਡਾ. ਸੁਖਦੇਵ ਸਿੰਘ ਝੰਡ, ਮਲੂਕ ਸਿੰਘ ਕਾਹਲੋਂ, ਪਰਮਜੀਤ ਸਿੰਘ ਢਿੱਲੋਂ, ਪਰਮਜੀਤ ਸਿੰਘ ਗਿੱਲ, ਇਕਬਾਲ ਬਰਾੜ, ਮਕਸੂਦ ਚੌਧਰੀ, ਡਾ. ਜਗਮੋਹਨ ਸਿੰਘ ਸੰਘਾ ਤੇ ਹੋਰਨਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਜਲੀ ਭੇਂਟ ਕਰਦਿਆਂ ਹੋਇਆਂ ਡੂੰਘੇ ਦੁੱਖ ਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਅਨੁਸਾਰ ਉਨ੍ਹਾਂ ਦੇ ਇਸ ਸੰਸਾਰ ਤੋਂ ਜਾਣ ਨਾਲ ਪੰਜਾਬੀਆ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਪੰਜਾਬੀ ਜਗਤ ਇਕ ਉੱਘੇ ਵਿਦਵਾਨ ਅਤੇ ਵਿੱਦਿਆ ਦਾ ਚਾਨਣ ਪਸਾਰਨ ਵਾਲੇ ਵਿਅੱਕਤੀ ਤੋਂ ਵਾਂਝਾ ਹੋ ਗਿਆ ਹੈ।

Check Also

‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ

ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …