95 ਮਿਲੀਅਨ ਡਾਲਰ ਦੀ ਆਵੇਗੀ ਲਾਗਤ
ਓਟਵਾ/ਬਿਊਰੋ ਨਿਊਜ਼ : ਰੱਖਿਆ ਮੰਤਰੀ ਬਿੱਲ ਬਲੇਅਰ ਨੇ ਐਲਾਨ ਕੀਤਾ ਕਿ ਕੈਨੇਡਾ ਵੱਲੋਂ 800 ਡਰੋਨ ਯੂਕਰੇਨ ਨੂੰ ਡੋਨੇਟ ਕੀਤੇ ਜਾਣਗੇ।
ਇਨ੍ਹਾਂ ਡਰੋਨਜ਼ ਦੀ ਕੀਮਤ ਅੰਦਾਜ਼ਨ 95 ਮਿਲੀਅਨ ਡਾਲਰ ਬਣਦੀ ਹੈ ਤੇ ਪਿਛਲੇ ਸਾਲ ਜੂਨ ਵਿੱਚ ਕੀਵ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਕਰੇਨ ਨੂੰ ਜਿਹੜਾ 500 ਮਿਲੀਅਨ ਡਾਲਰ ਦਾ ਪੈਕੇਜ ਦੇਣ ਦਾ ਵਾਅਦਾ ਕੀਤਾ ਗਿਆ ਸੀ, ਇਹ ਉਸ ਦਾ ਹੀ ਹਿੱਸਾ ਹੋਣਗੇ।
ਫਰਵਰੀ 2022 ਤੋਂ ਹੀ ਕੈਨੇਡਾ, ਯੂਕਰੇਨ ਦੀ ਮਦਦ ਲਈ 9.7 ਬਿਲੀਅਨ ਡਾਲਰ ਖਰਚ ਕਰ ਚੁੱਕਿਆ ਹੈ। ਇਸ ਵਿੱਚ 2.4 ਬਿਲੀਅਨ ਡਾਲਰ ਦੀ ਫੌਜੀ ਮਦਦ ਵੀ ਸ਼ਾਮਲ ਹੈ।
ਬਲੇਅਰ ਨੇ ਇੱਕ ਮੀਡੀਆ ਰਲੀਜ਼ ਵਿੱਚ ਆਖਿਆ ਕਿ ਇਨ੍ਹਾਂ ਡਰੋਨਜ਼ ਦੀ ਮਦਦ ਨਾਲ ਯੂਕਰੇਨ, ਰੂਸ ਖਿਲਾਫ ਆਪਣੇ ਡਿਫੈਂਸ ਨੂੰ ਹੋਰ ਮਜ਼ਬੂਤ ਕਰ ਸਕੇਗਾ। ਜਿੰਨੀ ਦੇਰ ਵੀ ਇਹ ਸੰਘਰਸ਼ ਚੱਲਦਾ ਹੈ ਕੈਨੇਡਾ, ਯੂਕਰੇਨ ਦੇ ਨਾਲ ਹੈ।
ਸਕਾਇਰੇਂਜਰ ਆਰ 70 ਡਰੋਨਜ਼ ਕੈਨੇਡਾ ਵਿੱਚ ਤਿਆਰ ਕੀਤੇ ਜਾਂਦੇ ਹਨ ਤੇ ਇਨ੍ਹਾਂ ਨੂੰ ਵਾਟਰਲੂ, ਓਨਟਾਰੀਓ ਸਥਿਤ ਕੰਪਨੀ ਤਿਆਰ ਕਰਦੀ ਹੈ। ਇਹ ਆਪਣੇ ਨਾਲ ਕਈ ਤਰ੍ਹਾਂ ਦੇ ਕੈਮਰਾ ਸਿਸਟਮਜ਼ ਨੂੰ ਲਿਜਾ ਸਕਦੇ ਹਨ ਤੇ ਟਿਕਾਣਿਆਂ ਦੀ ਪਛਾਣ ਕਰ ਸਕਦੇ ਹਨ।