ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਐਤਵਾਰ ਪੰਜਾਬੀ ਦੇ ਬਹੁ-ਚਰਚਿਤ ਨਾਟਕ ‘ਬੀਬੀ ਸਾਹਿਬਾ’ ਦੀ ਪੇਸ਼ਕਾਰੀ ਬਰੈਂਪਟਨ ਦੇ ਸੀਰਿਲ ਕਲਾਰਕ ਹਾਲ ਦੇ ਥੀਏਟਰ ਵਿੱਚ ਹੋਈ। ਹੈਰੀਟੇਜ਼ ਆਰਟਸ ਐਂਡ ਥੀਏਟਰ ਸੋਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਵੱਲੋਂ ਕਰਵਾਏ ਵਿਸ਼ਵ ਰੰਗਮੰਚ ਨੂੰ ਸਮਰਪਿਤ ਆਪਣੇ ਸਾਲਾਨਾ ਸਮਾਗਮ ‘ਵਰਲਡ ਥੀਏਟਰ ਡੇਅ ਸੈਲੀਬਰੇਸ਼ਨਜ਼-2019’ ਵਿੱਚ ਸੁਖਜੀਤ ਦੀ ਕਹਾਣੀ ‘ਤੇ ਅਧਾਰਿਤ ਗੁਰਿੰਦਰ ਮਕਨਾ ਦੁਆਰਾ ਲਿਖੇ ਤੇ ਹੀਰਾ ਰੰਧਾਵਾ ਦੁਆਰਾ ਨਿਰਦੇਸ਼ਤ ਨਾਟਕ ‘ਬੀਬੀ ਸਾਹਿਬਾ’ ਨਾਲ ਲੋਕ ਇੰਨੇ ਇੱਕ ਮਿੱਕ ਹੋ ਗਏ ਕਿ ਉਹਨਾਂ ਦੀਆਂ ਅੱਖਾਂ ਨਮ ਸਨ ਤੇ ਹੱਥ ਤਾੜੀਆਂ ਮਾਰਦੇ ਸਨ।
ਨਾਟਕ ਦੀ ਕਹਾਣੀ ਪੰਜਾਬ ਦੇ ਕੁਝ ਤਥਾਕਥਿੱਤ ਡੇਰਿਆਂ ਵਿੱਚ ਕੁੜੀਆਂ ਦੇ ਹੁੰਦੇ ਸਰੀਰਕ ਤੇ ਮਾਨਸਿਕ ਸੋਸ਼ਣ ਜਿਹੇ ਨਾਜ਼ੁਕ ਮੁੱਦੇ ਨਾਲ ਸੰਬੰਧਿਤ ਸੀ। ਇਸ ਨਾਟਕ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਐਕਟਰਸ ਸੁਵਿਧਾ ਦੁੱਗਲ ਦੀ ਕਲਾਕਾਰੀ ਇੰਨੀ ਕਮਾਲ ਦੀ ਸੀ ਕਿ ਲੋਕਾਂ ਨੇ ਨਾਟਕ ਦੇ ਅੰਤ ‘ਤੇ ਖੜ੍ਹੇ ਹੋ ਕੇ ਤਾੜੀਆਂ ਦੀ ਬੁਛਾੜ ਨਾਲ ਕਲਾਕਾਰਾਂ ਨੂੰ ਅੱਖਾਂ ‘ਤੇ ਵਿਛਾ ਲਿਆ। ਸੁਵਿਧਾ ਦੁੱਗਲ ਪੰਜਾਬ ਵਿੱਚ ਜਿਥੇ ਰੰਗਮੰਚ ਤੇ ਫਿਲਮਾਂ ਕਰ ਰਹੀ ਹੈ ਉਥੇ ਟੀ ਵੀ ਸ਼ੋਅ ਵੀ ਹੋਸਟ ਕਰਦੀ ਹੈ। ਪੰਜਾਬੀ ਰੰਗਮੰਚ ਤੇ ਫਿਲਮੀ ਹਸਤੀ ਨਾਟਕ ਦੇ ਲੇਖਕ ਗੁਰਿੰਦਰ ਮਕਨਾ ਦੁਆਰਾ ਨਿਭਾਇਆ ‘ਸੈਹਬ ਜੀ’ ਅਤੇ ਜਗਵਿੰਦਰ ਪਰਤਾਪ ਸਿੰਘ ਦੁਆਰਾ ਨਿਭਾਇਆ ‘ਸੁਮੀਤ’ ਦਾ ਕਿਰਦਾਰ ਲੋਕਾਂ ਦੇ ਧੁਰ ਤੱਕ ਲਹਿ ਗਿਆ। ਯਾਦ ਰਹੇ ਕਿ ਗੁਰਿੰਦਰ ਮਕਨਾ ਜਿਥੇ ਪਿਛਲੇ ਤਿੰਨ ਦਹਾਕਿਆਂ ਤੋਂ ਰੰਗਮੰਚ ਕਰ ਰਹੇ ਹਨ ਉਥੇ 30 ਤੋਂ ਵੱਧ ਪੰਜਾਬੀ ਤੇ ਹਿੰਦੀ ਫਿਲਮਾਂ ਵਿੱਚ ਵੀ ਆਪਣੀ ਕਲਾ ਦੇ ਜੌਹਰ ਵਿਖਾ ਚੁੱਕੇ ਹਨ। ਨਾਟਕ ਪਿਛੇ ਮਿਊਜ਼ਿਕ ਦੀ ਸੇਵਾ ਕੁਲਵਿੰਦਰ ਖ਼ਹਿਰਾ ਨੇ ਨਿਭਾਈ ਜਾ ਕਿ ਨਾਟਕ ਨੂੰ ਲਾਈਟਸ ਦੇ ਵੱਖ ਵੱਖ ਪ੍ਰਭਾਵਾਂ ਨਾਲ ਜਗਵਿੰਦਰ ਜੱਜ ਨੇ ਸ਼ਿੰਗਾਰਿਆ।
ਇਸ ਮੌਕੇ ਵਿਸ਼ਵ ਰੰਗਮੰਚ ਸੁਨੇਹਾ ਜਾਰੀ ਕਰਨ ਦੇ ਨਾਲ ਨਾਲ ਇਸ ਵਰ੍ਹੇ ਦਾ ਸਾਲਾਨਾ ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ ਪੰਜਾਬੀ ਰੰਗਮੰਚ ਖ਼ੇਤਰ ਵਿੱਚ ਜ਼ਿਕਰਯੋਗ ਕੰਮ ਕਰਨ ਵਾਲੇ ਰੰਗਕਰਮੀਆਂ ਸੁਰਿੰਦਰ ਸ਼ਰਮਾ ਤੇ ਹਰਕੇਸ਼ ਚੌਧਰੀ ਨੂੰ ਦਿੱਤਾ ਗਿਆ ਜਿਸ ਨੂੰ ਉਹਨਾਂ ਦੀ ਤਰਫੋਂ ਪੰਜਾਬ ਤੋਂ ਪਹੁੰਚੇ ਰੰਗਕਰਮੀ ਹਰਵਿੰਦਰ ਦੀਵਾਨਾ ਨੇ ਹਾਸਿਲ ਕੀਤਾ। ਇਸ ਮੌਕੇ ਭਾਈਚਾਰੇ ਦੀ ਉਘੀ ਸ਼ਖ਼ਸ਼ੀਅਤ ਇੰਦਰਜੀਤ ਸਿੰਘ ਬੱਲ ਹੋਰਾਂ ਨੇ ਬੋਲਦਿਆਂ ਕਿਹਾ ਕਿ ਅਜਿਹੀ ਪੇਸ਼ਕਾਰੀ ਬਹੁਤ ਲੰਬੇ ਸਮੇਂ ਬਾਅਦ ਉਹਨਾਂ ਨੂੰ ਵੇਖਣ ਨੂੰ ਮਿਲੀ ਹੈ ਜਿਸ ਲਈ ਉਹ ‘ਹੈਟਸ-ਅੱਪ’ ਸੰਸਥਾ ਦੇ ਧੰਨਵਾਦੀ ਹਨ। ਉਹਨਾਂ ਆਸ ਪ੍ਰਗਟ ਕੀਤੀ ਕਿ ‘ਹੈਟਸ-ਅੱਪ’ ਵਾਲੇ ਭਵਿੱਖ ਵਿੱਚ ਵੀ ਅਜਿਹੀਆਂ ਪੇਸ਼ਕਾਰੀਆਂ ਕੈਨੇਡਾ ਵਿੱਚ ਪੇਸ਼ ਕਰਦੇ ਰਹਿਣਗੇ। ਉਹਨਾਂ ਇਸ ਮਕਸਦ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਐਲਾਨ ਵੀ ਕੀਤਾ। ਇਸ ਮੌਕੇ ਨਾਟਕ ਨੂੰ ਸਹਿਯੋਗ ਕਰਨ ਵਾਲੇ ਸਪਾਂਸਰਾਂ ਤੇ ਮੀਡੀਏ ਦੇ ਨਾਲ ਨਾਲ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਪੂਰਾ ਸ਼ੋਅ ਸੋਲਡ ਆਊਟ ਹੋਣ ਕਰਕੇ ਦਰਸ਼ਕਾਂ ਦੇ ਮੁੜ ਜਾਣ ਲਈ ਮੁਆਫੀ ਵੀ ਮੰਗੀ ਗਈ ਤੇ ਨਾਲ ਹੀ ਬੇਨਤੀ ਕੀਤੀ ਗਈ ਕਿ ਭਵਿੱਖ ਵਿੱਚ ਅਜਿਹੇ ਨਾਟਕ ਦੀ ਪੇਸ਼ਕਾਰੀਆਂ ਲਈ ਆਪਣੀਆਂ ਟਿਕਟਾਂ ਪਹਿਲਾਂ ਹੀ ਰਾਖਵੀਆਂ ਕਰ ਲਿਆ ਕਰਨ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …