ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਨ ਹੋਣਗੇ ਮੁੱਖ ਬੁਲਾਰੇ
ਬਰੈਂਪਟਨ/ਹਰਜੀਤ ਬੇਦੀ : ਲੰਘੇ ਐਤਵਾਰ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੀ ਮੀਟਿੰਗ ਸੰਸਥਾ ਦੇ ਸੀਨੀਅਰ ਮੈਂਬਰ ਜੋਗਿੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਆਰੰਭ ਵਿੱਚ ਗੁਰਬਚਨ ਸਿੰਘ ਸੂਚ ਨੂੰ ਜੋ ਕਿ ਇਸ ਸੰਸਥਾ ਦੇ ਬਾਨੀ ਮੈਂਬਰ ਅਤੇ ਪਹਿਲੇ ਸਕੱਤਰ ਹੋਣ ਦੇ ਨਾਲ ਹੀ ਕਨੇਡਾ ਦੀ ਕਮਿਊਨਿਸਟ ਪਾਰਟੀ ਦੇ ਮੈਂਬਰ ਵੀ ਸਨ ਦੇ ਦਿਹਾਂਤ ਤੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਹਨਾਂ ਵਲੋਂ ਲੋਕ ਭਲਾਈ ਲਈ ਕੀਤੇ ਕੰਮਾਂ ਵਿੱਚ ਯੋਗਦਾਨ ਪਾਉਣ ਕਰ ਕੇ ਉਹਨਾਂ ਦੀ ਯਾਦ ਵਿੱਚ 12 ਫਰਵਰੀ, 2017 ਦਿਨ ਐਤਵਾਰ 2:00 ਵਜੇ ਫੋਰਟੀਨੋ ਸਟੋਰ 35, ਵਰਥਿੰਗਟਨ ਐਵੇਨਿਊ ਵਿਖੇ ਸ਼ਰਧਾਂਜਲੀ ਸਮਾਰੋਹ ਕੀਤਾ ਜਾਵੇਗਾ। ਇੱਕ ਹੋਰ ਮਤੇ ਰਾਹੀਂ ਕਾ: ਹਰਕਿਸ਼ਨ ਸਿੰਘ ਸੁਰਜੀਤ ਦੀ ਧਰਮ ਪਤਨੀ ਦੀ ਮੌਤ ਤੇ ਸ਼ੋਕ ਪਰਗਟ ਕੀਤਾ ਗਿਆ।
ਕਾ: ਹਰਿੰਦਰ ਹੁੰਦਲ ਦੀ ਸੂਚਨਾ ਮੁਤਾਬਿਕ ਇਸ ਮੀਟਿੰਗ ਦੇ ਮੁੱਖ ਏਜੰਡੇ ਅਨੁਸਾਰ 26 ਮਾਰਚ,2017 ਦਿਨ ਐਤਵਾਰ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸ਼ਹੀਦੀ ਸਮਾਗਮ ਕੀਤਾ ਜਾਵੇਗਾ। ਜਿਸ ਵਿੱਚ ਭਗਤ ਸਿੰਘ ਦੇ ਵਿਚਾਰਾਂ ਦੀ ਮੌਜੂਦਾ ਦੌਰ ਦੇ ਸੰਧਰਭ ਵਿੱਚ ਮਹੱਤਤਾ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਸਮਾਗਮ ਦੇ ਮੁੱਖ ਬੁਲਾਰੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਨ ਸਿੰਘ ਹੋਣਗੇ ਜੋ ਕਿ ਵਿਸ਼ੇਸ਼ ਤੌਰ ‘ਤੇ ਇਸ ਪਰੋਗਰਾਮ ਵਿੱਚ ਸ਼ਾਮਲ ਹੋਣ ਲਈ ਇੰਡੀਆ ਤੋਂ ਆ ਰਹੇ ਹਨ। ਇਸ ਤੋਂ ਬਿਨਾਂ ਨਾਟਕਾਂ ਅਤੇ ਗੀਤਾਂ ਰਾਹੀਂ ਵੀ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਦਰਸਾਇਆ ਜਾਵੇਗਾ। ਇਸ ਪ੍ਰੋਗਰਾਮ ਲਈ ਫੰਡ ਜੁਟਾਉਣ ਅਤੇ ਸਫਲਤਾ ਲਈ ਹੋਰ ਸੰਸਥਾਵਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ 8 ਮਾਰਚ,2017 ਨੂੰ ਅੰਤਰ ਰਾਸ਼ਟਰੀ ਔਰਤ ਦਿਵਸ ਮਨਾਉਣ ਲਈ ਕਮੇਟੀ ਦਾ ਗਠਨ ਕੀਤਾ ਗਿਆ ਜੋ ਹੋਰ ਜਥੇਬੰਦੀਆਂ ਨਾਲ ਸੰਪਰਕ ਕਰ ਕੇ ਇਸ ਪ੍ਰੋਗਰਾਮ ਨੂੰ ਸਫਲ ਕਰੇਗੀ। ਇਸੇ ਤਰ੍ਹਾਂ ਸੰਸਥਾਂ ਵਲੋਂ ਮਹਾਨ ਅਕਤੂਬਰ ਇਨਕਲਾਬ ਦੀ ਸੌਵੀਂ ਵਰ੍ਹੇਗੰਢ ਮਨਾਉਣ ਦਾ ਫੈਸਲਾ ਵੀ ਕੀਤਾ ਗਿਆ ਜਿਸ ਦੀ ਤਿਆਰੀ ਲਈ ਅਗਲੀਆਂ ਮੀਟਿੰਗਾਂ ਵਿੱਚ ਫੈਸਲੇ ਲਏ ਜਾਣਗੇ। ਸੰਸਥਾ ਦੇ ਪਰੋਗਰਾਮਾਂ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਸੁਰਜੀਤ ਸਹੋਤਾ (416-704-0745) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …