Breaking News
Home / ਪੰਜਾਬ / ਭਗਵੰਤ ਮਾਨ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਦੀ ਜ਼ਰੂਰਤ : ਬਾਜਵਾ

ਭਗਵੰਤ ਮਾਨ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਦੀ ਜ਼ਰੂਰਤ : ਬਾਜਵਾ

ਕਿਹਾ : ਪਾਣੀਆਂ ਦੇ ਮੁੱਦੇ ‘ਤੇ ਸਰਬ-ਪਾਰਟੀ ਮੀਟਿੰਗ ਸੱਦਣ ਭਗਵੰਤ ਮਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਤਲੁਜ ਯਮਨਾ ਲਿੰਕ ਨਹਿਰ ਬਾਰੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਵਲੋਂ ਦਿੱਤੇ ਗਏ ਬਿਆਨ ‘ਤੇ ਪਾਰਟੀ ਦੀ ਸਥਿਤੀ ਸਪੱਸ਼ਟ ਕਰਨ ਅਤੇ ਬਿਜਲੀ ਦੇ ਮੁੱਦੇ ‘ਤੇ ਸਫੈਦ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ। ਬਾਜਵਾ ਨੇ ਚੰਡੀਗੜ੍ਹ ਸਥਿਤ ਕਾਂਗਰਸ ਭਵਨ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਸ.ਵਾਈ.ਐੱਲ ਪੰਜਾਬ ਦੀ ਲਾਈਫ ਲਾਈਨ ਹੈ, ਪਰ ਆਪ ਦੇ ਇੰਚਾਰਜ ਸੁਸ਼ੀਲ ਗੁਪਤਾ ਨੇ 2025 ਤੱਕ ਹਰ ਪਿੰਡ ਤੱਕ ਪਾਣੀ ਪਹੁੰਚਾਉਣ ਦਾ ਐਲਾਨ ਕੀਤਾ ਹੈ। ਕੇਜਰੀਵਾਲ ਤੇ ਭਗਵੰਤ ਮਾਨ ਨੂੰ ਇਸ ਬਾਰੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਵੋਟਾਂ ਤੋ ਪਹਿਲਾਂ ਆਪ ਨੇ ਹਰੇਕ ਖਪਤਕਾਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਗਰੰਟੀ ਦਿੱਤੀ ਸੀ, ਪਰ ਹੁਣ ਇਕ ਕਿਲੋ ਵਾਟ ਦੀ ਸ਼ਰਤ ਲਗਾ ਦਿੱਤੀ ਗਈ ਹੈ। ਸੂਬੇ ‘ਚ ਬਿਜਲੀ ਦਾ ਵੱਡਾ ਸੰਕਟ ਹੈ ਤੇ ਖੇਤੀਬਾੜੀ ਲਈ ਦੋ ਘੰਟੇ ਬਿਜਲੀ ਮਿਲ ਰਹੀ ਹੈ। ਸਰਕਾਰ ਬਿਜਲੀ ਸਬਸਿਡੀ ਲਈ ਪੈਸਾ ਕਿੱਥੋਂ ਲੈ ਕੇ ਆਵੇਗੀ ਅਤੇ ਬਿਜਲੀ ਦੀ ਮੌਜੂਦਾ ਸਥਿਤੀ ਕੀ ਹੈ, ਬਾਰੇ ਸਫੈਦ ਪੱਤਰ ਜਾਰੀ ਕਰਨ ਦੀ ਮੰਗ ਕੀਤੀ।
ਬਾਜਵਾ ਨੇ ਕਿਹਾ ਕਿ ਲੋਕਾਂ ਨੇ ਤਾਕਤ ਭਗਵੰਤ ਮਾਨ ਨੂੰ ਸੌਂਪੀ ਸੀ, ਪਰ ਅਫ਼ਸਰਾਂ ਨਾਲ ਮੀਟਿੰਗਾਂ ਮੁੱਖ ਮੰਤਰੀ ਅਵਾਸ ‘ਤੇ ਰਾਘਵ ਚੱਢਾ ਕਰ ਰਹੇ ਹਨ। ਉਨ੍ਹਾਂ ਐੱਸ.ਵਾਈ.ਐੱਲ ਦੇ ਮੁੱਦੇ ‘ਤੇ ਰਾਘਵ ਚੱਢਾ ਦੀ ਚੁੱਪ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕੁਮਾਰ ਵਿਸ਼ਵਾਸ਼ ਅਤੇ ਸਾਬਕਾ ਵਿਧਾਇਕ ਅਲਕਾ ਲਾਂਬਾ ਦੇ ਘਰ ਪੰਜਾਬ ਪੁਲਿਸ ਦੀ ਟੀਮ ਭੇਜਣ ਦੀ ਨਿੰਦਾਂ ਕੀਤੀ। ਉਨ੍ਹਾਂ ਕਿਹਾ ਕਿ ਬਦਲਾਅ ਲਿਆਉਣ ਵਾਲਿਆਂ ਨੇ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਸਿਆਸੀ ਵਿਰੋਧੀਆਂ ਨੂੰ ਦਬਾਉਣ ਦੀ ਸਾਜ਼ਿਸ਼ ਹੈ।
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਾਣੀਆਂ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਰਬ ਪਾਰਟੀ ਮੀਟਿੰਗ ਬੁਲਾਉਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ‘ਆਪ’ ਸਰਕਾਰ ਹੁਣ ਲੋਕਾਂ ਨਾਲ ਕੀਤੀਆਂ ਗਾਰੰਟੀਆਂ ਪੂਰੀਆਂ ਕਰੇ ਅਤੇ ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ।

Check Also

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ

ਏਅਰਪੋਰਟ ਅਥਾਰਟੀ ਨੇ ਰਾਤ ਦੀਆਂ ਉਡਾਣਾਂ ਲਈ ਪੂਰੀਆਂ ਕੀਤੀਆਂ ਤਿਆਰੀਆਂ ਚੰਡੀਗੜ੍ਹ/ਬਿਊਰੋ ਨਿਊਜ਼ : ਵਿਦੇਸ਼ ਜਾਣ …