Breaking News
Home / ਪੰਜਾਬ / ਵਿਧਾਇਕ ਗਿੱਲ ਆਖੇ ਮੈਨੂੰ ਐਸ ਐਚ ਓ ਨੇ ਸਤਿ ਸ੍ਰੀ ਅਕਾਲ ਕਿਉਂ ਨਹੀਂ ਕੀਤੀ…

ਵਿਧਾਇਕ ਗਿੱਲ ਆਖੇ ਮੈਨੂੰ ਐਸ ਐਚ ਓ ਨੇ ਸਤਿ ਸ੍ਰੀ ਅਕਾਲ ਕਿਉਂ ਨਹੀਂ ਕੀਤੀ…

ਹਰੀਕੇ ਪੱਤਣ/ਬਿਊਰੋ ਨਿਊਜ਼
ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਥਾਣਾ ਹਰੀਕੇ ਦੇ ਨਵੇਂ ਨਿਯੁਕਤ ਹੋਏ ਐੱਸ.ਐੱਚ.ਓ. ਵਲੋਂ ਗੱਲਬਾਤ ਨਾ ਕਰਨ ‘ਤੇ ਭੜਕੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਤੂਲ ਫੜ ਗਿਆ ਹੈ, ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਵੀ ਹਰਮਿੰਦਰ ਸਿੰਘ ਗਿੱਲ ਨੂੰ ਨਿਸ਼ਾਨੇ ‘ਤੇ ਲੈ ਲਿਆ। ਜ਼ਿਕਰਯੋਗ ਹੈ ਕਿ ਸਬ-ਇੰਸਪੈਕਟਰ ਨਵਦੀਪ ਸਿੰਘ ਨੇ 2 ਮਈ ਨੂੰ ਥਾਣਾ ਹਰੀਕੇ ਦੇ ਐੱਸ.ਐੱਚ.ਓ. ਵਜੋਂ ਅਹੁਦਾ ਸੰਭਾਲਿਆ ਸੀ ਪ੍ਰੰਤੂ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਹਲਕਾ ਵਿਧਾਇਕ ਨਾਲ ਕੋਈ ਸੰਪਰਕ ਨਾ ਕੀਤਾ ਤੇ ਤੀਸਰੇ ਦਿਨ 4 ਮਈ ਨੂੰ ਜਦ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਐੱਸ.ਐੱਚ.ਓ. ਨਾਲ ਗੱਲਬਾਤ ਕੀਤੀ ਤਾਂ ਵਿਧਾਇਕ ਵਲੋਂ ਕੀਤੀਆਂ ਗੱਲਾਂ ਸੋਸ਼ਲ ਮੀਡੀਆਂ ‘ਤੇ ਵਾਇਰਲ ਹੋ ਗਈਆਂ।
ਇਸ ਵਿਚ ਵਿਧਾਇਕ ਨੇ ਐੱਸ.ਐੱਚ.ਓ. ਨੂੰ ਕਿਹਾ ਕਿ ਤੁਹਾਨੂੰ ਕਿੰਨੇ ਦਿਨ ਹੋ ਗਏ, ਹਰੀਕੇ ਦੇ ਐੱਸ.ਐੱਚ.ਓ. ਲੱਗਿਆਂ ਅਤੇ ਤੁਹਾਨੂੰ ਨਹੀਂ ਪਤਾ ਕਿ ਪੱਟੀ ਹਲਕੇ ‘ਚ ਕੋਈ ਵਿਧਾਇਕ ਵੀ ਹੈ, ਉਸ ਨੂੰ ਫ਼ੋਨ ਵੀ ਕਰਨਾ ਹੈ। ਇਸ ‘ਤੇ ਐੱਸ.ਐੱਚ.ਓ. ਨਵਦੀਪ ਸਿੰਘ ਨੇ ਕਿਹਾ ਕਿ ‘ਨਹੀਂ ਸਰ, ਮੈਂ ਸਰ ਤੋਂ ਪ੍ਰਮਿਸ਼ਨ ਲਈ ਹੈ।’ ਇਸ ਤੋਂ ਬਾਅਦ ਵਿਧਾਇਕ ਗਿੱਲ ਗੁੱਸੇ ‘ਚ ਆ ਗਏ ਅਤੇ ਕਿਹਾ ਕਿ ਇਕ ਗੱਲ ਸੁਣ ਲੈ ਮੇਰੇ ਛੋਟੇ ਵੀਰ, ਐੱਮ.ਐੱਲ.ਏ. ਦੀ ਵੀ ਕੋਈ ਪਾਵਰ ਹੁੰਦੀ ਹੈ ਅਤੇ ਕਿਤੇ ਭੁਲੇਖੇ ‘ਚ ਨਾ ਰਹੀ। ਤੂੰ ਕਿਵੇਂ ਐੱਸ.ਐੱਚ.ਓ. ਸ਼ਿਪ ਕਰੇਂਗਾ ਐੱਮ.ਐੱਲ.ਏ. ਤੋਂ ਬਿਨਾ ਤੂੰ ਰੱਬ ਬਣ ਗਿਆ ਏ, ਐੱਸ.ਐੱਚ.ਓ. ਲੱਗ ਕੇ। ਉਨ੍ਹਾਂ ਕਿਹਾ ਕਿ ਚਾਰਜ ਸੰਭਾਲਣ ਤੋਂ ਬਾਅਦ ਮੈਨੂੰ ਸਤਿ ਸ੍ਰੀ ਅਕਾਲ ਕਿਉਂ ਨਹੀਂ ਕੀਤੀ।
ਇਸ ਤੋਂ ਬਾਅਦ ਵਿਧਾਇਕ ਹੋਰ ਗੁੱਸੇ ‘ਚ ਕਹਿਣ ਲੱਗਾ ਕਿ ਜਿਹੜਾ ਵੀ ਕੋਈ ਥਾਣੇਦਾਰ ਕੰਮ ਕਰਦਾ ਹੈ, ਤੂੰ ਰੋਕ ਦਿੰਦਾ ਹੈ। ਬਲਬੀਰ ਸਿੰਘ ਥਾਣੇਦਾਰ ਨੂੰ ਮੈਂ ਪਿੰਡ ਅਲੀਪੁਰ ਦਾ ਕੰਮ ਕਿਹਾ, ਤੂੰ ਕਿਉਂ ਰੋਕਦਾ ਹੈ। ਇਸ ‘ਤੇ ਐੱਸ.ਐੱਚ.ਓ. ਨੇ ਕਿਹਾ ਕਿ ਸਰ ਮੇਰੇ ਧਿਆਨ ‘ਚ ਨਹੀਂ। ਸ਼ਾਮ 7 ਵਜੇ ਦੇ ਕਰੀਬ ਹੋਈ ਇਹ ਗੱਲਬਾਤ ਦੇਰ ਰਾਤ 12 ਵਜੇ ਦੇ ਕਰੀਬ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਤੇ ਸਵੇਰ ਤੋਂ ਹੀ ਇਹ ਮਾਮਲਾ ਪੂਰੀ ਤਰ੍ਹਾਂ ਭਖਿਆ ਰਿਹਾ ਅਤੇ ਵਿਰੋਧੀ ਪਾਰਟੀਆਂ ਨੇ ਵਿਧਾਇਕ ਗਿੱਲ ‘ਤੇ ਨਿਸ਼ਾਨਾ ਕੱਸਦਿਆਂ ਅਸਤੀਫ਼ੇ ਦੀ ਮੰਗ ਕੀਤੀ।
ਕੀ ਕਹਿੰਦੇ ਹਨ ਵਿਧਾਇਕ
ਵਿਧਾਇਕ ਗਿੱਲ ਨੇ ਕਿਹਾ ਕਿ ਐੱਸ.ਐੱਚ.ਓ. ਨਾਲ ਗੱਲਬਾਤ ਦੌਰਾਨ ਉਨ੍ਹਾਂ ਕੋਈ ਗਾਲ੍ਹ ਨਹੀਂ ਕੱਢੀ ਸਿਰਫ਼ ਇਹ ਗਿਲ੍ਹਾ ਕੀਤਾ ਕਿ ਥਾਣੇ ਦਾ ਚਾਰਜ ਲੈਣ ਉਪਰੰਤ ਸਿਸ਼ਟਾਚਾਰ ਦੇ ਨਾਤੇ ਫੋਨ ਕਿਉਂ ਨਹੀਂ ਕੀਤਾ।
ਕੀ ਕਹਿੰਦੇ ਹਨ ਐੱਸਐੱਚਓ
ਇਸ ਸਾਰੇ ਮਸਲੇ ਸਬੰਧੀ ਜਦ ਥਾਣਾ ਹਰੀਕੇ ਦੇ ਐੱਸ.ਐੱਚ.ਓ. ਨਵਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ ਗਿਆ ਹੈ।

Check Also

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤਿ੍ਰਪੁਰਾ ਅਤੇ ਮਿਜ਼ੋਰਮ ਦੇ ਰਾਜਪਾਲ

ਪਰਿਵਾਰ ਸਮੇਤ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …