ਦੇਹਰਾਦੂਨ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਵਾਰ 1 ਜੂਨ ਤੋਂ ਆਰੰਭ ਹੋਵੇਗੀ। ਉਕਤ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਉਪ-ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਸਾਲ 25 ਮਈ ਦੀ ਬਜਾਏ ਹੁਣ 1 ਜੂਨ ਦਿਨ ਸਨਿੱਚਰਵਾਰ ਨੂੰ ਆਰੰਭ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਚ ਬਹੁਤ ਜ਼ਿਆਦਾ ਬਰਫ਼ਬਾਰੀ ਹੋਈ ਹੈ, ਜਿਸ ਨੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਬਿੰਦਰਾ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਯਾਤਰਾ 2019 ਦੀਆਂ ਤਿਆਰੀਆਂ ਨੂੰ ਲੈ ਕੇ ਮੈਨੇਜਮੈਂਟ ਕਮੇਟੀ ਦੇ ਟਰੱਸਟੀਆਂ ਦੀ ਬੈਠਕ ਹੋਈ। ਜਿਸ ਵਿਚ ਯਾਤਰਾ ਦੀ ਤਾਰੀਖ਼ ਨੂੰ ਲੈ ਕੇ ਵਿਸਥਾਰ ਵਿਚ ਵਿਚਾਰ ਚਰਚਾ ਹੋਈ ਅਤੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 1 ਜੂਨ ਤੋਂ ਆਰੰਭ ਕੀਤੀ ਜਾਵੇਗੀ, ਕਿਉਂਕਿ ਗੁਰਦੁਆਰਾ ਸਾਹਿਬ ਦੇ ਆਸੇ-ਪਾਸੇ ਬਹੁਤ ਜ਼ਿਆਦਾ ਬਰਫ਼ ਪਈ ਹੋਈ ਹੈ ਜਿਸ ਨੂੰ ਸਾਫ਼ ਕਰਨ ਲਈ ਸੈਨਿਕਾਂ ਨੂੰ ਸਮਾਂ ਮਿਲ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਯਾਤਰਾ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਚਲ ਰਹੀਆਂ ਹਨ। ਉਨ੍ਹਾਂ ਆਸ ਕੀਤੀ ਕਿ ਇਸ ਸਾਲ ਵੀ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪੁੱਜਣਗੀਆਂ। ਉਨ੍ਹਾਂ ਮੈਨੇਜਮੈਂਟ ਵਲੋਂ ਸੰਗਤਾਂ ਨੂੰ ਅਪੀਲ ਕੀਤੀ ਕਿ ਸੰਗਤਾਂ ਝੂਠੀਆਂ ਅਫ਼ਵਾਹਾਂ ‘ਤੇ ਯਕੀਨ ਨਾ ਕਰਨ, ਸਗੋਂ ਗੁਰਦੁਆਰਾ ਟਰੱਸਟ ਨਾਲ ਸੰਪਰਕ ਕਰ ਕੇ ਮਾਰਗ ਸਬੰਧੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …