Breaking News
Home / ਪੰਜਾਬ / ਬਰਮਿੰਘਮ ਦੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਨੇ ਹਰਿਮੰਦਰ ਸਾਹਿਬ ‘ਤੇ ਲੱਗੇ ਸੋਨੇ ਦੀ ਧੁਆਈ ਦੀ ਸੇਵਾ ਕੀਤੀ ਸ਼ੁਰੂ

ਬਰਮਿੰਘਮ ਦੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਨੇ ਹਰਿਮੰਦਰ ਸਾਹਿਬ ‘ਤੇ ਲੱਗੇ ਸੋਨੇ ਦੀ ਧੁਆਈ ਦੀ ਸੇਵਾ ਕੀਤੀ ਸ਼ੁਰੂ

ਇਕ ਹਫਤੇ ‘ਚ ਮੁਕੰਮਲ ਹੋਵੇਗੀ ਸੇਵਾ, ਪ੍ਰਦੂਸ਼ਣ ਕਾਰਨ ਸੋਨੇ ਦੀ ਚਮਕ ਪੈ ਜਾਂਦੀ ਹੈ ਫਿੱਕੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ ‘ਤੇ ਲੱਗੇ ਸੋਨੇ ਦੀ ਸਾਫ਼-ਸਫ਼ਾਈ ਹਿੱਤ ਇਸ ਦੀ ਧੁਆਈ ਲਈ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵਲੋਂ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਇੰਗਲੈਂਡ ਤੋਂ ਆਏ ਜਥੇ ਦੇ ਕਰੀਬ 50 ਮੈਂਬਰਾਂ ਵੱਲੋਂ ਇਕ ਹਫ਼ਤਾ ਸਮੁੱਚੇ ਸੋਨੇ ਦੀ ਧੁਆਈ ਕੀਤੀ ਜਾਵੇਗੀ। ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਪ੍ਰਦੂਸ਼ਣ ਹੋਣ ਕਾਰਨ ਇੱਥੇ ਲੱਗੇ ਸੋਨੇ ਦੀ ਚਮਕ ਫਿੱਕੀ ਪੈ ਜਾਂਦੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਵਲੋਂ ਸੋਨੇ ਦੀ ਚਮਕ ਨੂੰ ਕਾਇਮ ਰੱਖਣ ਲਈ ਹਰ ਸਾਲ ਇਸ ਦੀ ਸਫ਼ਾਈ ਤੇ ਧੁਆਈ ਕਰਵਾਈ ਜਾਂਦੀ ਹੈ। ਇਹ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਨੂੰ ਸੌਂਪੀ ਗਈ ਹੈ। ਇਸੇ ਜਥੇ ਵੱਲੋਂ 1995 ਤੋਂ 1999 ਤੱਕ ਵੀ ਸੇਵਾ ਕੀਤੀ ਗਈ ਸੀ। ਸੋਨੇ ਦੀ ਧੁਆਈ ਦੀ ਸੇਵਾ ਦੀ ਸ਼ੁਰੂਆਤ ਹਰਿਮੰਦਰ ਸਾਹਿਬ ਦੀ ਉੱਪਰਲੀ ਮੰਜ਼ਿਲ ਤੋਂ ਕੀਤੀ ਗਈ। ਇਸ ਮੌਕੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ, ਮੀਤ ਮੈਨੇਜਰ ਰਾਜਿੰਦਰ ਸਿੰਘ ਰੂਬੀ ਸਮੇਤ ਨਿਸ਼ਕਾਮ ਜਥੇ ਦੇ ਮੁਖੀ ਭਾਈ ਮਹਿੰਦਰ ਸਿੰਘ, ਭਾਈ ਇੰਦਰਜੀਤ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ। ਸ਼ੁਰੂਆਤ ਮੌਕੇ ਅਰਦਾਸ ਕੀਤੀ ਗਈ ਅਤੇ ਮੁੜ ਜਥੇ ਦੇ ਮੈਂਬਰਾਂ ਵਲੋਂ ਰੀਠੇ ਦੇ ਪਾਣੀ ਨਾਲ ਇਸ ਦੀ ਧੁਆਈ ਦੀ ਸੇਵਾ ਸ਼ੁਰੂ ਕੀਤੀ ਗਈ। ਵੱਡੇ ਗੁੰਬਦ ਤੋਂ ਇਲਾਵਾ ਛੋਟੀਆਂ ਗੁੰਬਦੀਆਂ ਅਤੇ ਇੱਥੇ ਲੱਗੇ ਸੋਨੇ ਦੇ ਛੱਜੇ ਰੀਠੇ ਦੇ ਪਾਣੀ ਨਾਲ ਧੋਤੇ ਗਏ ਅਤੇ ਚਮਕਾਏ ਗਏ। ਨਿਸ਼ਕਾਮ ਸੇਵਕ ਜਥੇ ਦੇ ਭਾਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਜਥੇ ਵਲੋਂ 1995 ਤੋਂ ਲੈ ਕੇ 1999 ਤੱਕ ਇੱਥੇ ਸੋਨਾ ਲਾਉਣ ਦੀ ਸੇਵਾ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਹਰ ਵਰ੍ਹੇ ਸੋਨੇ ਦੀ ਚਮਕ ਬਰਕਰਾਰ ਰੱਖਣ ਲਈ ਧੁਆਈ ਦੀ ਸੇਵਾ ਕੀਤੀ ਜਾਂਦੀ ਹੈ। ਕੁੱਝ ਵਰ੍ਹੇ ਇਹ ਸੇਵਾ ਠੱਪ ਰਹੀ ਅਤੇ ਹੁਣ ਮੁੜ 2016 ਤੋਂ ਜਥੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ‘ਚ ਮਹਾਰਾਜਾ ਰਣਜੀਤ ਸਿੰਘ ਵਲੋਂ ਸੋਨਾ ਲਗਵਾਇਆ ਗਿਆ ਸੀ।
ਕੁਦਰਤੀ ਢੰਗ ਨਾਲ ਕੀਤੀ ਜਾਂਦੀ ਹੈ ਧੁਆਈ
ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਨਿਸ਼ਕਾਮ ਸੇਵਕ ਜਥੇ ਦੇ ਮੈਂਬਰਾਂ ਵਿਚ ਕੁਝ ਮਾਹਿਰ ਵੀ ਸ਼ਾਮਲ ਹਨ। ਧੁਆਈ ਦੀ ਸੇਵਾ ਲਈ ਕੁਦਰਤੀ ਤਰੀਕਾ ਹੀ ਵਰਤਿਆ ਜਾਂਦਾ ਹੈ। ਇਸ ਲਈ ਕਿਸੇ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ। ਧੁਆਈ ਲਈ ਰੀਠੇ ਨੂੰ ਉਬਾਲਿਆ ਜਾਂਦਾ ਹੈ ਤੇ ਉਸ ਪਾਣੀ ਵਿਚ ਨਿੰਬੂ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਨਾਲ ਸੋਨੇ ਨੂੰ ਧੋਇਆ ਜਾਂਦਾ ਹੈ ਅਤੇ ਸੋਨੇ ਦੀ ਚਮਕ ਮੁੜ ਕਾਇਮ ਹੋ ਜਾਂਦੀ ਹੈ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …